ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ / IANS
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਮਰੀਕਾ ਦਰਜਨਾਂ ਅੰਤਰਰਾਸ਼ਟਰੀ ਅਤੇ ਸੰਯੁਕਤ ਰਾਸ਼ਟਰ (UN) ਦੀਆਂ ਇਕਾਈਆਂ ਤੋਂ ਬਾਹਰ ਹੋ ਜਾਵੇਗਾ। ਵ੍ਹਾਈਟ ਹਾਊਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਸੰਗਠਨ "ਅਮਰੀਕੀ ਰਾਸ਼ਟਰੀ ਹਿੱਤਾਂ ਦੇ ਉਲਟ" ਕੰਮ ਕਰਦੇ ਹਨ ਅਤੇ ਇਹ ਕਦਮ ਅਮਰੀਕੀ ਪ੍ਰਭੂਸੱਤਾ ਅਤੇ ਆਰਥਿਕ ਸ਼ਕਤੀ ਨੂੰ ਪਹਿਲ ਦੇਣ ਲਈ ਚੁੱਕਿਆ ਗਿਆ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਇਹ ਸੰਗਠਨ "ਕੱਟੜਪੰਥੀ ਜਲਵਾਯੂ ਨੀਤੀਆਂ, ਗਲੋਬਲ ਸ਼ਾਸਨ ਅਤੇ ਵਿਚਾਰਧਾਰਕ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰਦੇ ਹਨ, ਜੋ ਅਮਰੀਕੀ ਪ੍ਰਭੂਸੱਤਾ ਅਤੇ ਆਰਥਿਕ ਸ਼ਕਤੀ ਨਾਲ ਟਕਰਾਅ ਪੈਦਾ ਕਰਦੇ ਹਨ।"
ਟਰੰਪ ਨੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੂੰ ਭੇਜੇ ਮੈਮੋ ਵਿੱਚ 35 ਗੈਰ-ਸੰਯੁਕਤ ਰਾਸ਼ਟਰ ਸਮੂਹਾਂ ਅਤੇ 31 ਸੰਯੁਕਤ ਰਾਸ਼ਟਰ ਇਕਾਈਆਂ ਦੀ ਸੂਚੀ ਦਿੱਤੀ ਹੈ। ਇਸ ਵਿੱਚ 'ਯੂ.ਐੱਨ. ਫਰੇਮਵਰਕ ਕਨਵੈਨਸ਼ਨ ਆਨ ਕਲਾਈਮੇਟ ਚੇਂਜ' (UNFCCC) ਵੀ ਸ਼ਾਮਲ ਹੈ, ਜਿਸ ਨੂੰ ਕਈਆਂ ਦੁਆਰਾ ਜਲਵਾਯੂ ਸੰਧੀ ਦੀ "ਬੁਨਿਆਦ" ਦੱਸਿਆ ਗਿਆ ਹੈ ਅਤੇ ਇਹ 2015 ਦੇ ਪੈਰਿਸ ਜਲਵਾਯੂ ਸਮਝੌਤੇ ਦੀ ਮੂਲ ਸੰਧੀ ਹੈ।
ਅਮਰੀਕਾ ਨੇ ਤਿੰਨ ਦਹਾਕਿਆਂ ਵਿੱਚ ਪਹਿਲੀ ਵਾਰੀ ਪਿਛਲੇ ਸਾਲ, ਸਾਲਾਨਾ ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਜਲਵਾਯੂ ਸੰਮੇਲਨ ਵਿੱਚ ਹਿੱਸਾ ਨਹੀਂ ਲਿਆ ਸੀ। ਇਸ ਮਾਮਲੇ ‘ਤੇ 'ਨੈਚੁਰਲ ਰਿਸੋਰਸਿਜ਼ ਡਿਫੈਂਸ ਕੌਂਸਲ' ਦੇ ਪ੍ਰਧਾਨ ਅਤੇ CEO ਮਨੀਸ਼ ਬਾਪਨਾ ਨੇ ਕਿਹਾ, "ਅਮਰੀਕਾ UNFCCC ਤੋਂ ਵਾਕਆਊਟ ਕਰਨ ਵਾਲਾ ਪਹਿਲਾ ਦੇਸ਼ ਹੋਵੇਗਾ।" ਉਨ੍ਹਾਂ ਅੱਗੇ ਕਿਹਾ ਕਿ ਦੁਨੀਆ ਦਾ ਹਰ ਦੂਜਾ ਦੇਸ਼ ਇਸ ਦਾ ਮੈਂਬਰ ਹੈ, ਕਿਉਂਕਿ ਉਹ ਜਾਣਦੇ ਹਨ ਕਿ ਇਹ ਸਿਰਫ ਜਲਵਾਯੂ ਤਬਦੀਲੀ ਦਾ ਮੁੱਦਾ ਹੀ ਨਹੀਂ, ਸਗੋਂ ਵੱਡੀਆਂ ਆਰਥਿਕ ਨੀਤੀਆਂ ਅਤੇ ਮੌਕਿਆਂ ਨੂੰ ਨਵਾਂ ਰੂਪ ਦੇਣ ਦਾ ਮੰਚ ਵੀ ਹੈ।
ਅਮਰੀਕਾ 'ਯੂ.ਐੱਨ. ਵੂਮੈਨ' (UN Women) ਤੋਂ ਵੀ ਵੱਖ ਹੋ ਜਾਵੇਗਾ, ਜੋ ਲਿੰਗ ਸਮਾਨਤਾ ਅਤੇ ਔਰਤਾਂ ਦੇ ਸਸ਼ਕਤੀਕਰਨ ਲਈ ਕੰਮ ਕਰਦੀ ਹੈ। ਇਸ ਤੋਂ ਇਲਾਵਾ, ਅਮਰੀਕਾ- 'ਯੂ.ਐੱਨ. ਪਾਪੂਲੇਸ਼ਨ ਫੰਡ' (UNFPA) ਤੋਂ ਵੀ ਪਾਸੇ ਹੋ ਜਾਵੇਗਾ, ਜੋ ਕਿ 150 ਤੋਂ ਵੱਧ ਦੇਸ਼ਾਂ ਵਿੱਚ ਪਰਿਵਾਰ ਯੋਜਨਾ ਅਤੇ ਜਣੇਪਾ ਤੇ ਬਾਲ ਸਿਹਤ 'ਤੇ ਕੇਂਦਰਿਤ ਸੰਸਥਾ ਹੈ। ਅਮਰੀਕਾ ਨੇ ਪਿਛਲੇ ਸਾਲ ਹੀ UNFPA ਲਈ ਆਪਣੀ ਫੰਡਿੰਗ ਵਿੱਚ ਕਟੌਤੀ ਕਰ ਦਿੱਤੀ ਸੀ।
ਆਪਣਾ ਦੂਜਾ ਕਾਰਜਕਾਲ ਸ਼ੁਰੂ ਹੋਣ ਦੇ ਪਿਛਲੇ ਇੱਕ ਸਾਲ ਵਿੱਚ, ਟਰੰਪ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਤੋਂ ਦੂਰੀ ਬਣਾਈ ਹੈ, ਫਲਸਤੀਨੀ ਰਾਹਤ ਏਜੰਸੀ (UNRWA) ਦੀ ਫੰਡਿੰਗ ਰੋਕ ਦਿੱਤੀ ਹੈ ਅਤੇ ਸੱਭਿਆਚਾਰਕ ਏਜੰਸੀ ਯੂਨੈਸਕੋ (UNESCO) ਨੂੰ ਛੱਡ ਦਿੱਤਾ ਹੈ। ਉਨ੍ਹਾਂ ਨੇ ਵਿਸ਼ਵ ਸਿਹਤ ਸੰਗਠਨ (WHO) ਅਤੇ ਪੈਰਿਸ ਜਲਵਾਯੂ ਸਮਝੌਤੇ ਤੋਂ ਵੀ ਵੱਖ ਹੋਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ।
ਵ੍ਹਾਈਟ ਹਾਊਸ ਨੇ ਕਿਹਾ ਕਿ ਇਹ ਕਦਮ ਅਮਰੀਕੀ ਟੈਕਸਦਾਤਾਵਾਂ ਦੇ ਪੈਸੇ ਦੀ ਬਚਤ ਕਰਨ ਅਤੇ "ਗਲੋਬਲਿਸਟ ਏਜੰਡੇ" ਉੱਤੇ ਅਮਰੀਕੀ ਤਰਜੀਹਾਂ ਨੂੰ ਪਹਿਲ ਦੇਣ ਲਈ ਚੁੱਕਿਆ ਗਿਆ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login