ADVERTISEMENT

ADVERTISEMENT

ਟਰੰਪ ਦਾ ਗ਼ੈਰ-ਕਾਨੂੰਨੀ ਪਰਵਾਸੀ ਟਰੱਕ ਡਰਾਈਵਰਾਂ ਖ਼ਿਲਾਫ਼ ਵੱਡੀ ਕਾਰਵਾਈ ਦਾ ਐਲਾਨ

ਗ਼ੈਰ-ਕਾਨੂੰਨੀ ਤੌਰ 'ਤੇ ਟਰੱਕ ਚਲਾ ਰਹੇ ਪਰਵਾਸੀਆਂ ਨੂੰ ਹਟਾ ਕੇ ਸਾਬਕਾ ਫ਼ੌਜੀਆਂ ਨੂੰ ਦਿੱਤੇ ਜਾਣਗੇ ਮੌਕੇ

 ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ / X@POTUS

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਹਫ਼ਤੇ ਗ਼ੈਰ-ਕਾਨੂੰਨੀ ਪਰਵਾਸੀ ਟਰੱਕ ਡਰਾਈਵਰਾਂ ਖ਼ਿਲਾਫ਼ ਵਿਆਪਕ ਕਾਰਵਾਈ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਅਮਰੀਕੀ ਸੜਕਾਂ 'ਤੇ ਗ਼ੈਰ-ਕਾਨੂੰਨੀ ਤੌਰ 'ਤੇ ਟਰੱਕ ਚਲਾ ਰਹੇ ਪਰਵਾਸੀਆਂ ਨੂੰ ਹਟਾਏਗਾ ਅਤੇ ਉਨ੍ਹਾਂ ਦੀ ਥਾਂ ਇੱਕ ਨਵੀਂ ਲਾਇਸੈਂਸਿੰਗ ਪਹਿਲ ਤਹਿਤ ਸਾਬਕਾ ਫ਼ੌਜੀਆਂ ਨੂੰ ਮੌਕਾ ਦਿੱਤਾ ਜਾਵੇਗਾ।

 

ਬੁੱਧਵਾਰ ਨੂੰ ਪੈਨਸਿਲਵੇਨੀਆ ਡਿਫੈਂਸ ਐਂਡ ਇਨੋਵੇਸ਼ਨ ਸਮਿਟ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਇਸ ਪ੍ਰਸਤਾਵਿਤ ਕਾਰਵਾਈ ਨੂੰ ਪੈਨਸਿਲਵੇਨੀਆ ਦੇ ਸਟੇਟ ਟਰੂਪਰ ਮਾਈਕਲ ਪਾਹਿਰਾ ਦੀ ਹਾਲੀਆ ਮੌਤ ਨਾਲ ਜੋੜਿਆ। ਉਨ੍ਹਾਂ ਦਾਅਵਾ ਕੀਤਾ ਕਿ ਪਾਹਿਰਾ ਦੀ ਮੌਤ ਇੱਕ ਗ਼ੈਰ-ਕਾਨੂੰਨੀ ਪਰਵਾਸੀ ਵੱਲੋਂ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ 'ਤੇ ਸੈਮੀ-ਟਰੱਕ ਚਲਾਉਂਦੇ ਸਮੇਂ ਹੋਏ ਹਾਦਸੇ ਵਿੱਚ ਹੋਈ ਸੀ।

 

ਟਰੰਪ ਨੇ ਕਿਹਾ, "ਅੱਜ ਮੈਂ ਇੱਕ ਹੋਰ ਮਹੱਤਵਪੂਰਨ ਐਲਾਨ ਕਰ ਰਿਹਾ ਹਾਂ। ਮੇਰਾ ਪ੍ਰਸ਼ਾਸਨ ਜਲਦੀ ਹੀ ਗ਼ੈਰ-ਕਾਨੂੰਨੀ ਪਰਵਾਸੀ ਟਰੱਕ ਡਰਾਈਵਰਾਂ ਖ਼ਿਲਾਫ਼ ਇਤਿਹਾਸਕ ਕਾਰਵਾਈ ਕਰੇਗਾ, ਜੋ ਬਹੁਤ ਸਾਰੇ ਲੋਕਾਂ ਦੀ ਜਾਨ ਲੈ ਰਹੇ ਹਨ।"

 

ਉਨ੍ਹਾਂ ਦੋਸ਼ ਲਗਾਇਆ ਕਿ ਗ਼ੈਰ-ਕਾਨੂੰਨੀ ਪਰਵਾਸੀ ਡਰਾਈਵਰ ਸੜਕਾਂ 'ਤੇ ਲੱਗੇ ਸੰਕੇਤ ਵੀ ਨਹੀਂ ਪੜ੍ਹ ਸਕਦੇ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਨਸ਼ੇ ਜਾਂ ਸ਼ਰਾਬ ਦੇ ਪ੍ਰਭਾਵ ਹੇਠ ਵਾਹਨ ਚਲਾਉਂਦੇ ਹਨ। ਟਰੰਪ ਨੇ ਕਿਹਾ, "ਉਹ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਆਏ ਹਨ ਅਤੇ ਅਸੀਂ ਉਨ੍ਹਾਂ ਨੂੰ ਨਹੀਂ ਚਾਹੁੰਦੇ। ਉਹ ਅਮਰੀਕਾ ਦੀਆਂ ਸੜਕਾਂ 'ਤੇ ਹਰ ਥਾਂ ਟਰੱਕ ਚਲਾ ਰਹੇ ਹਨ ਅਤੇ ਅਸੀਂ ਉਨ੍ਹਾਂ ਦੀ ਥਾਂ ਮਾਣਮੱਤੇ ਅਮਰੀਕੀ ਸਾਬਕਾ ਫ਼ੌਜੀਆਂ ਨੂੰ ਲਿਆਵਾਂਗੇ।"

 

ਅਮਰੀਕਾ ਦੇ ਟਰੱਕਿੰਗ ਉਦਯੋਗ ਵਿੱਚ ਸਿੱਖ ਭਾਈਚਾਰੇ ਦੀ ਡਰਾਈਵਰਾਂ ਅਤੇ ਟਰੱਕ ਮਾਲਕਾਂ ਵਜੋਂ ਮਹੱਤਵਪੂਰਨ ਹਿੱਸੇਦਾਰੀ ਹੈ। ਇਨ੍ਹਾਂ ਵਿੱਚੋਂ ਬਹੁਤੇ ਅਮਰੀਕੀ ਨਾਗਰਿਕ, ਸਥਾਈ ਨਿਵਾਸੀ ਜਾਂ ਕਾਨੂੰਨੀ ਤੌਰ 'ਤੇ ਕੰਮ ਕਰਨ ਲਈ ਅਧਿਕਾਰਤ ਹਨ।

 

ਹਾਲਾਂਕਿ ਇਹ ਦੋਸ਼ ਲਗਾਏ ਜਾਂਦੇ ਰਹੇ ਹਨ ਕਿ ਵੱਡੀ ਗਿਣਤੀ ਵਿੱਚ ਸਿੱਖ ਟਰੱਕ ਡਰਾਈਵਰ ਗ਼ੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਰਹਿ ਰਹੇ ਹਨ, ਪਰ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਕਰਨ ਲਈ ਕੋਈ ਠੋਸ ਸਬੂਤ ਸਾਹਮਣੇ ਨਹੀਂ ਆਏ ਹਨ।

 

ਅਮਰੀਕਾ ਵਿੱਚ ਕਮਰਸ਼ੀਅਲ ਟਰੱਕ ਚਲਾਉਣ ਲਈ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ (CDL) ਲਾਜ਼ਮੀ ਹੁੰਦਾ ਹੈ, ਜੋ ਸੂਬਾ ਸਰਕਾਰਾਂ ਵੱਲੋਂ ਜਾਰੀ ਕੀਤਾ ਜਾਂਦਾ ਹੈ। ਕੁਝ ਮਾਮਲਿਆਂ ਵਿੱਚ ਗ਼ੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਦਾਖ਼ਲ ਹੋਏ ਪਰਵਾਸੀ ਅਦਾਲਤ ਵਿੱਚ ਪੇਸ਼ ਹੋ ਕੇ ਸਿਆਸੀ ਸ਼ਰਨ ਦੀ ਮੰਗ ਕਰਦੇ ਹਨ ਅਤੇ ਉਨ੍ਹਾਂ ਨੂੰ ਅਸਥਾਈ ਕੰਮ ਕਰਨ ਦੀ ਮਨਜ਼ੂਰੀ ਮਿਲ ਸਕਦੀ ਹੈ। ਇਸ ਮਨਜ਼ੂਰੀ ਤੋਂ ਬਾਅਦ ਹੀ ਉਹ ਸਖ਼ਤ ਡਰਾਈਵਿੰਗ ਪ੍ਰੀਖਿਆਵਾਂ ਪਾਸ ਕਰਕੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲਈ ਅਰਜ਼ੀ ਦੇ ਸਕਦੇ ਹਨ।

 

ਟਰੰਪ ਨੇ ਕਿਹਾ ਕਿ ਪ੍ਰਸ਼ਾਸਨ ਫ਼ੌਜ ਵਿੱਚ ਭਾਰੀ ਵਾਹਨ ਚਲਾਉਣ ਦੇ ਤਜਰਬੇ ਨੂੰ ਕਮਰਸ਼ੀਅਲ ਟਰੱਕਿੰਗ ਨੌਕਰੀਆਂ ਲਈ ਆਪਣੇ-ਆਪ ਮਾਨਤਾ ਦੇਵੇਗਾ। ਉਨ੍ਹਾਂ ਕਿਹਾ, "ਅਸੀਂ ਆਪਣੇ ਸਾਬਕਾ ਫ਼ੌਜੀਆਂ ਨੂੰ ਲਿਆਵਾਂਗੇ ਅਤੇ ਉਨ੍ਹਾਂ ਨੂੰ ਟਰੱਕ ਚਲਾਉਣ ਬਾਰੇ ਹੋਰ ਸਿਖਾਵਾਂਗੇ। ਕਈ ਮਾਮਲਿਆਂ ਵਿੱਚ ਉਹ ਪਹਿਲਾਂ ਹੀ ਜਾਣਦੇ ਹਨ। ਅਸੀਂ ਕਹਾਂਗੇ ਕਿ ਜਿਸ ਵੀ ਅਮਰੀਕੀ ਨੇ ਫ਼ੌਜ ਵਿੱਚ ਭਾਰੀ ਟਰੱਕ ਚਲਾਇਆ ਹੈ, ਉਹ ਆਪਣੇ-ਆਪ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲਈ ਯੋਗ ਹੋਵੇਗਾ।"

 

ਟਰੰਪ ਨੇ ਇਸ ਪ੍ਰਸਤਾਵ ਨੂੰ ਇੱਕ ਪਾਸੇ ਜਨਤਕ ਸੁਰੱਖਿਆ ਨਾਲ ਜੁੜਿਆ ਕਦਮ ਅਤੇ ਦੂਜੇ ਪਾਸੇ ਸਾਬਕਾ ਫ਼ੌਜੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਾਲੀ ਪਹਿਲ ਵਜੋਂ ਪੇਸ਼ ਕੀਤਾ। ਉਨ੍ਹਾਂ ਕਿਹਾ, "ਅਸੀਂ ਉਨ੍ਹਾਂ ਦਾ ਪੂਰਾ ਧਿਆਨ ਰੱਖਾਂਗੇ।"

 

ਟਰੰਪ ਨੇ ਇਸ ਯੋਜਨਾ ਨੂੰ ਲੈ ਕੇ ਆਪਣੇ ਸਿਆਸੀ ਵਿਰੋਧੀਆਂ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, "ਕੱਟੜ ਖੱਬਾ ਪੱਖ ਇਸ ਦਾ ਸਖ਼ਤ ਵਿਰੋਧ ਕਰ ਰਿਹਾ ਹੈ, ਪਰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਸਰਕਾਰ ਅਸੀਂ ਚਲਾ ਰਹੇ ਹਾਂ।"

 

ਇਹ ਐਲਾਨ ਉਸ ਭਾਸ਼ਣ ਦੌਰਾਨ ਕੀਤਾ ਗਿਆ, ਜਿਸ ਦਾ ਮੁੱਖ ਕੇਂਦਰ ਪੈਨਸਿਲਵੇਨੀਆ ਵਿੱਚ ਰੱਖਿਆ ਉਤਪਾਦਨ ਅਤੇ ਨਿਵੇਸ਼ ਸੀ। ਇਸ ਮੌਕੇ ਟਰੰਪ ਨੇ ਜਹਾਜ਼ ਨਿਰਮਾਣ, ਫ਼ੌਜੀ ਤਕਨਾਲੋਜੀ ਅਤੇ ਹਥਿਆਰ ਉਤਪਾਦਨ ਨਾਲ ਸਬੰਧਤ ਕਰੀਬ 10 ਅਰਬ ਅਮਰੀਕੀ ਡਾਲਰ ਦੇ ਨਵੇਂ ਪ੍ਰਾਜੈਕਟਾਂ ਦਾ ਐਲਾਨ ਵੀ ਕੀਤਾ। ਉਨ੍ਹਾਂ ਵਾਰ-ਵਾਰ ਕਿਹਾ ਕਿ ਆਰਥਿਕ ਵਿਕਾਸ, ਨਿਰਮਾਣ ਖੇਤਰ ਨੂੰ ਹੁਲਾਰਾ ਅਤੇ ਸਖ਼ਤ ਇਮੀਗ੍ਰੇਸ਼ਨ ਨੀਤੀ ਉਨ੍ਹਾਂ ਦੇ ਪ੍ਰਸ਼ਾਸਨ ਦੇ ਮੁੱਖ ਆਧਾਰ ਹਨ।

 

ਇਸ ਪ੍ਰਸਤਾਵਿਤ ਕਾਰਵਾਈ ਦਾ ਅਸਰ ਅਮਰੀਕਾ ਦੇ ਟਰੱਕਿੰਗ ਉਦਯੋਗ 'ਤੇ ਪੈ ਸਕਦਾ ਹੈ, ਜੋ ਲੰਬੇ ਸਮੇਂ ਤੋਂ ਡਰਾਈਵਰਾਂ ਦੀ ਘਾਟ ਨਾਲ ਜੂਝ ਰਿਹਾ ਹੈ ਅਤੇ ਵੱਡੇ ਪੱਧਰ 'ਤੇ ਪਰਵਾਸੀ ਕਰਮਚਾਰੀਆਂ 'ਤੇ ਨਿਰਭਰ ਹੈ। ਹਾਲਾਂਕਿ ਪ੍ਰਸ਼ਾਸਨ ਨੇ ਅਜੇ ਇਹ ਨਹੀਂ ਦੱਸਿਆ ਕਿ ਗ਼ੈਰ-ਕਾਨੂੰਨੀ ਕਮਰਸ਼ੀਅਲ ਡਰਾਈਵਰਾਂ ਦੀ ਪਛਾਣ ਕਿਵੇਂ ਕੀਤੀ ਜਾਵੇਗੀ, ਮੌਜੂਦਾ ਕਮਰਸ਼ੀਅਲ ਡਰਾਈਵਿੰਗ ਲਾਇਸੈਂਸਾਂ ਦੀ ਸਮੀਖਿਆ ਕਿਵੇਂ ਹੋਵੇਗੀ ਜਾਂ ਪ੍ਰਸਤਾਵਿਤ ਤਬਦੀਲੀਆਂ ਨੂੰ ਕਿਸ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ।

Comments

Leave A Comment

Required fields are marked (*).

Related

Talk to us?