ADVERTISEMENT

ADVERTISEMENT

ਪ੍ਰਭਾਸ ਦੀ ਫ਼ਿਲਮ ‘ਦ ਰਾਜਾ ਸਾਬ’ ਦਾ ਟ੍ਰੇਲਰ ਰਿਲੀਜ਼, ਐਕਸ਼ਨ ਤੋਂ ਹਟ ਕੇ ਪ੍ਰਸ਼ੰਸਕਾਂ ਨੂੰ ਮਿਲੇਗਾ ਭਰਪੂਰ ਮਨੋਰੰਜਨ

ਮਾਰੂਤੀ ਦੁਆਰਾ ਨਿਰਦੇਸ਼ਿਤ ਇਹ ਫ਼ਿਲਮ 9 ਜਨਵਰੀ, 2026 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ

‘ਦ ਰਾਜਾ ਸਾਬ’ ਦਾ ਪੋਸਟਰ / IMDb

ਅਦਾਕਾਰ ਪ੍ਰਭਾਸ ਸਟਾਰਰ ਫ਼ਿਲਮ ‘ਦ ਰਾਜਾ ਸਾਬ’ ਦਾ ਟ੍ਰੇਲਰ 29 ਦਸੰਬਰ ਨੂੰ ਜਾਰੀ ਕੀਤਾ ਗਿਆ। ਇਸ ਦੌਰਾਨ ਐਕਟਰ ਨੇ ਕਿਹਾ ਕਿ ਕਿਵੇਂ ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ ‘ਦ ਰਾਜਾ ਸਾਬ’ ਦੀ ਕਹਾਣੀ ਨੇ ਸਾਰਥਕ ਢੰਗ ਨਾਲ ਉਸਨੂੰ ਪ੍ਰਭਾਵਿਤ ਕੀਤਾ ਹੈ।

ਟ੍ਰੇਲਰ ਫ਼ਿਲਮ ਦੀ ਕਹਾਣੀ ਅਤੇ ਇਸ ਦੇ ਭਾਵਨਾਤਮਕ ਕੇਂਦਰ ਦੀ ਹੋਰ ਮਜ਼ਬੂਤ ਝਲਕ ਦਿੰਦਾ ਹੈ। ਫ਼ਿਲਮ ਵਿੱਚ ਪ੍ਰਭਾਸ ਨੈਗੇਟਿਵ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ, ਜਦਕਿ ਸੰਜੇ ਦੱਤ ਉਨ੍ਹਾਂ ਦੇ ਮੁਕਾਬਲੇ ਵਾਲੇ ਕਿਰਦਾਰ ਵਿੱਚ ਹਨ। ਸੰਜੇ ਦੱਤ ਦਾ ਕਿਰਦਾਰ ਹਿਪਨੋਟਿਜ਼ਮ ਰਾਹੀਂ ਡਰ ‘ਤੇ ਕਾਬੂ ਪਾਉਂਦਾ ਦਿਖਾਈ ਦਿੰਦਾ ਹੈ। ਪ੍ਰਭਾਸ ਦਾ ਕਿਰਦਾਰ ਆਪਣੀ ਦਾਦੀ ਦੇ ਬਹੁਤ ਕਰੀਬ ਦਿਖਾਇਆ ਗਿਆ ਹੈ, ਜਿਸ ਦੀ ਭੂਮਿਕਾ ਜ਼ਰੀਨਾ ਵਾਹਬ ਨੇ ਨਿਭਾਈ ਹੈ।

ਰਾਜਾ ਸਾਬ ਦੀ ਸੱਚ ਦੀ ਤਲਾਸ਼ ਉਸ ਨੂੰ ਇੱਕ ਸੁੰਨੀ ਪਈ ਹਵੇਲੀ ਤੱਕ ਲੈ ਜਾਂਦੀ ਹੈ—ਇੱਕ ਅਜਿਹੀ ਥਾਂ ਜੋ ਫ਼ਿਲਮ ਦੇ ਸਭ ਤੋਂ ਗਹਿਰੇ ਅਤੇ ਡਰਾਉਣੇ ਰਾਜ ਆਪਣੇ ਅੰਦਰ ਲੁਕਾਈ ਬੈਠੀ ਹੈ। ਟ੍ਰੇਲਰ ਤੋਂ ਇਸ਼ਾਰਾ ਮਿਲਦਾ ਹੈ ਕਿ ਉਹ ਘਰ ਖੁਦ ਇੱਕ ਜਾਲ ਬਣ ਜਾਂਦਾ ਹੈ, ਜਿੱਥੇ ਮਨ ਸਰੀਰ ਦੇ ਖ਼ਿਲਾਫ਼ ਹੋ ਜਾਂਦਾ ਹੈ। ਸੰਜੇ ਦੱਤ ਦਾ ਹਿਪਨੋਟਿਸਟ ਕਿਰਦਾਰ ਸ਼ਾਂਤ ਪਰ ਡਰਾਉਣਾ ਦਿਖਾਇਆ ਗਿਆ ਹੈ, ਜੋ ਸਰੀਰਕ ਤਾਕਤ ਦੀ ਬਜਾਏ ਨਿਯੰਤਰਣ ਅਤੇ ਮਨੋਵਿਗਿਆਨਕ ਹੇਰਾਫੇਰੀ ਨਾਲ ਲੋਕਾਂ ਨੂੰ ਆਪਣੇ ਵੱਸ ਵਿੱਚ ਕਰ ਲੈਂਦਾ ਹੈ।

ਫ਼ਿਲਮ ਬਾਰੇ ਆਪਣਾ ਅਨੁਭਵ ਸਾਂਝੇ ਕਰਦਿਆਂ ਪ੍ਰਭਾਸ ਨੇ ਇੱਕ ਬਿਆਨ ਵਿੱਚ ਕਿਹਾ, “ਰਾਜਾ ਸਾਬ ਦੀ ਤਿੰਨ ਸਾਲਾਂ ਦੀ ਮਿਹਨਤ ਅਤੇ ਜ਼ਿੰਮੇਵਾਰੀ ਨੇ ਨਿਰਦੇਸ਼ਕ ਮਾਰੂਤੀ ਗਾਰੂ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿੱਤੇ ਸਨ। ਜਦੋਂ ਮੈਂ ਉਨ੍ਹਾਂ ਨੂੰ ਪਹਿਲੀ ਵਾਰ ਮਿਲਿਆ ਸੀ, ਤਾਂ ਮੈਂ ਕਿਹਾ ਸੀ ਕਿ ਫਿਲਮਾਂ ਬਹੁਤ ਜ਼ਿਆਦਾ ਐਕਸ਼ਨ-ਓਰੀਐਂਟਿਡ ਹੁੰਦੀਆਂ ਜਾ ਰਹੀਆਂ ਹਨ ਅਤੇ ਸਾਨੂੰ ਦਰਸ਼ਕਾਂ ਨੂੰ ਇੱਕ ਵਧੀਆ ਮਨੋਰੰਜਕ ਫਿਲਮ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਇਸ ਹੌਰਰ-ਕਾਮੇਡੀ ਫਿਲਮ ਨੇ ਰੂਪ ਲਿਆ।” 

ਉਨ੍ਹਾਂ ਨੇ ਅੱਗੇ ਕਿਹਾ, “ਵਿਸ਼ਵਾ ਪ੍ਰਸਾਦ ਗਾਰੂ ਨੇ ਮਾਰੂਤੀ ਗਾਰੂ ਦੀ ਸਕ੍ਰਿਪਟ ‘ਤੇ ਪੂਰਾ ਭਰੋਸਾ ਰੱਖਿਆ ਅਤੇ ਹਰ ਪੜਾਅ ‘ਤੇ ਉਸ ਦਾ ਸਾਥ ਦਿੱਤਾ। ਜਦੋਂ ਮੈਂ ਕਲਾਈਮੈਕਸ ਸੁਣਿਆ, ਮੈਂ ਮਾਰੂਤੀ ਗਾਰੂ ਦੀ ਲਿਖਤ ਦਾ ਮੁਰੀਦ ਹੋ ਗਿਆ। ਮੈਨੂੰ ਸੱਚਮੁੱਚ ਲੱਗਿਆ ਜਿਵੇਂ ਉਹ ਕਲਮ ਨਾਲ ਨਹੀਂ, ਮਸ਼ੀਨਗਨ ਨਾਲ ਲਿਖਦੇ ਹੋਣ। ਅਜਿਹਾ ਕਲਾਈਮੈਕਸ ਹੋਰਰ-ਕਾਮੇਡੀ ਵਿੱਚ ਵੀ ਕਦੇ ਨਹੀਂ ਆਇਆ। ਤੁਸੀਂ ਇਹ ਫ਼ਿਲਮ ਜ਼ਰੂਰ ਵੇਖੋ ਅਤੇ ਮੈਨੂੰ ਦੱਸੋ। 15 ਸਾਲਾਂ ਬਾਅਦ ਮਾਰੂਤੀ ਪੂਰਾ ‘ਵਧੀਆ’ ਮਨੋਰੰਜਨ ਲੈ ਕੇ ਆ ਰਹੇ ਹਨ। ਇਹ ਫ਼ਿਲਮ ਜਲਦ ਰਿਲੀਜ਼ ਹੋ ਰਹੀ ਹੈ ਅਤੇ ਮੈਨੂੰ ਉਮੀਦ ਹੈ ਕਿ ਇਹ ਬਲਾਕਬਾਸਟਰ ਸਾਬਤ ਹੋਵੇਗੀ।”

ਦਿੱਖ ਪੱਖੋਂ ‘ਦ ਰਾਜਾ ਸਾਬ’ ਇੱਕ ਵੱਡੀ VFX ਫਿਲਮ ਜਾਪਦੀ ਹੈ, ਜਿਸ ਵਿੱਚ ਡਰਾਉਣੇ ਦ੍ਰਿਸ਼ ਅਤੇ ਸ਼ਾਨਦਾਰ ਸੈੱਟ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਨਿਰਦੇਸ਼ਕ ਮਾਰੂਤੀ ਨੇ ਕਿਹਾ ਕਿ ਤਿੰਨ ਸਾਲਾਂ ਦੇ ਸੰਘਰਸ਼ ਤੋਂ ਬਾਅਦ ਅਸੀਂ ਇਸ ਨੂੰ ਇਸ ਪੱਧਰ 'ਤੇ ਲਿਆ ਸਕੇ ਹਾਂ। 

ਨਿਰਦੇਸ਼ਕ ਮਾਰੂਤੀ ਨੇ ਕਿਹਾ, “ਇਸ ਫ਼ਿਲਮ ਦੇ ਪਿੱਛੇ ਬੇਹੱਦ ਮਿਹਨਤ ਹੈ। ਇਹ ਬਿਲਕੁਲ ਵੀ ਆਸਾਨ ਨਹੀਂ ਸੀ। ਜਦੋਂ ਪ੍ਰਭਾਸ ਫ਼ਿਲਮ ਨਾਲ ਜੁੜੇ, ਅਸੀਂ ਫ਼ੈਸਲਾ ਕੀਤਾ ਕਿ ਹਰ ਚੀਜ਼ ਉਸ ਪੱਧਰ ਦੀ ਹੋਣੀ ਚਾਹੀਦੀ ਹੈ। ਇਸ ਲਈ ਮੈਂ ਪੂਰੇ ਵਿਸ਼ਵਾਸ ਨਾਲ ਕਹਿੰਦਾ ਹਾਂ ਕਿ ਜੋ ਵੀ ਸਿਨੇਮਾ ਘਰ ਆਏਗਾ, ਉਹ 100 ਪ੍ਰਤੀਸ਼ਤ ਆਪਣੀਆਂ ਅੱਖਾਂ ਨਾਲ ਸਾਡੀ ਮਿਹਨਤ ਵੇਖੇਗਾ। ਤਿੰਨ ਸਾਲਾਂ ਦੀ ਲੰਮੀ ਮਿਹਨਤ ਅਤੇ ਸੰਘਰਸ਼ ਤੋਂ ਬਾਅਦ ਅਸੀਂ ‘ਦ ਰਾਜਾ ਸਾਬ’ ਨੂੰ ਇਸ ਮੰਜ਼ਿਲ ਤੱਕ ਲਿਆਏ ਹਾਂ। ਸਾਡਾ ਇਕੱਲਾ ਮਕਸਦ ਤਿਉਹਾਰ ਦੇ ਮੌਕੇ ਦਰਸ਼ਕਾਂ ਨੂੰ ਮਨੋਰੰਜਨ ਦੇਣਾ ਸੀ।” ਉਨ੍ਹਾਂ ਨੇ ਅੱਗੇ ਕਿਹਾ, “ਇੱਕੋ ਸਮੇਂ ਕਈ ਫ਼ਿਲਮਾਂ ਰਿਲੀਜ਼ ਹੋਣ ਦੇ ਬਾਵਜੂਦ, ਵਿਸ਼ਵਾ ਪ੍ਰਸਾਦ ਗਾਰੂ ਨੇ ਹਿੰਮਤ ਨਾਲ ਇਸ ਵੱਡੇ ਬਜਟ ਦੀ ਫ਼ਿਲਮ ਨੂੰ ਸਮਰਥਨ ਦਿੱਤਾ।”

ਮਾਰੂਤੀ ਦੁਆਰਾ ਨਿਰਦੇਸ਼ਿਤ ਅਤੇ ਟੀ.ਜੀ ਵਿਸ਼ਵਾ ਪ੍ਰਸਾਦ ਵੱਲੋਂ ਪੀਪਲ ਮੀਡੀਆ ਫੈਕਟਰੀ ਦੇ ਬੈਨਰ ਹੇਠ ਤਿਆਰ ਕੀਤੀ ਗਈ ‘ਦ ਰਾਜਾ ਸਾਬ’ 9 ਜਨਵਰੀ 2026 ਨੂੰ ਦੁਨੀਆ ਭਰ ਵਿੱਚ ਹਿੰਦੀ, ਤੇਲਗੂ, ਤਾਮਿਲ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ। 

Comments

Related