ਸਟ੍ਰੇਟ ਆਫ ਹੋਰਮੁਜ਼ / (Morteza Akhoundi/ISNA/Handout via Xinhua/IANS)
ਈਰਾਨ ਨੇ 17 ਅਪ੍ਰੈਲ ਨੂੰ ਐਲਾਨ ਕੀਤਾ ਹੈ ਕਿ ਜੰਗਬੰਦੀ ਦੌਰਾਨ 'ਸਟ੍ਰੇਟ ਆਫ ਹੋਰਮੁਜ਼' ਵਪਾਰਕ ਜਹਾਜ਼ਾਂ ਲਈ ਪੂਰੀ ਤਰ੍ਹਾਂ ਖੁੱਲ੍ਹਾ ਰਹੇਗਾ। ਇਸ ਖ਼ਬਰ ਦੇ ਆਉਂਦਿਆਂ ਹੀ ਵਿਸ਼ਵ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ 9 ਫੀਸਦੀ ਤੱਕ ਡਿੱਗ ਗਈਆਂ, ਜਿਸ ਨਾਲ ਸ਼ੇਅਰ ਬਾਜ਼ਾਰ ਵਿੱਚ 1.5 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ।
ਈਰਾਨ ਦੇ ਵਿਦੇਸ਼ ਮੰਤਰੀ ਸਈਅਦ ਅੱਬਾਸ ਅਰਾਗਚੀ ਨੇ 'ਐਕਸ' 'ਤੇ ਲਿਖਿਆ, "ਸਾਰੇ ਵਪਾਰਕ ਜਹਾਜ਼ਾਂ ਲਈ ਹੋਰਮੁਜ਼ ਜਲਡਮਰੂ ਦਾ ਰਸਤਾ ਜੰਗਬੰਦੀ ਦੀ ਬਾਕੀ ਮਿਆਦ ਲਈ ਪੂਰੀ ਤਰ੍ਹਾਂ ਖੁੱਲ੍ਹਾ ਐਲਾਨਿਆ ਜਾਂਦਾ ਹੈ।"
ਦਿਲਚਸਪ ਗੱਲ ਇਹ ਰਹੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ 'ਟਰੂਥ ਸੋਸ਼ਲ' ਪੋਸਟ ਵਿੱਚ ਇਸ ਨੂੰ "ਸਟ੍ਰੇਟ ਆਫ ਈਰਾਨ" ਕਹਿ ਕੇ ਸੰਬੋਧਨ ਕੀਤਾ। ਟਰੰਪ ਨੇ ਲਿਖਿਆ, "ਈਰਾਨ ਨੇ ਹੁਣੇ ਹੀ ਐਲਾਨ ਕੀਤਾ ਹੈ ਕਿ 'ਸਟ੍ਰੇਟ ਆਫ ਈਰਾਨ' ਪੂਰੀ ਤਰ੍ਹਾਂ ਖੁੱਲ੍ਹਾ ਹੈ... ਧੰਨਵਾਦ!"
ਟਰੰਪ ਨੇ ਸਪੱਸ਼ਟ ਕੀਤਾ ਕਿ ਭਾਵੇਂ ਹੋਰਮੁਜ਼ ਦਾ ਰਸਤਾ ਖੁੱਲ੍ਹ ਗਿਆ ਹੈ, ਪਰ ਅਮਰੀਕਾ ਵੱਲੋਂ ਈਰਾਨੀ ਬੰਦਰਗਾਹਾਂ ਦੀ ਸਮੁੰਦਰੀ ਨਾਕਾਬੰਦੀ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਈਰਾਨ ਨਾਲ ਹੋ ਰਹੀ ਡੀਲ 100% ਮੁਕੰਮਲ ਨਹੀਂ ਹੋ ਜਾਂਦੀ। ਟਰੰਪ ਅਨੁਸਾਰ, ਜ਼ਿਆਦਾਤਰ ਮੁੱਦੇ ਪਹਿਲਾਂ ਹੀ ਤੈਅ ਹੋ ਚੁੱਕੇ ਹਨ, ਇਸ ਲਈ ਇਹ ਪ੍ਰਕਿਰਿਆ ਜਲਦੀ ਪੂਰੀ ਹੋ ਸਕਦੀ ਹੈ।
ਅਰਾਗਚੀ ਨੇ ਸਪੱਸ਼ਟ ਕੀਤਾ ਕਿ ਇਹ ਰਸਤਾ ਸਿਰਫ਼ "ਵਪਾਰਕ ਜਹਾਜ਼ਾਂ" ਲਈ ਹੈ, ਜਿਸ ਦਾ ਮਤਲਬ ਹੈ ਕਿ ਜੰਗੀ ਜਹਾਜ਼ਾਂ ਨੂੰ ਇਜਾਜ਼ਤ ਨਹੀਂ ਹੋਵੇਗੀ। ਜਹਾਜ਼ਾਂ ਨੂੰ ਈਰਾਨ ਦੇ 'ਪੋਰਟਸ ਐਂਡ ਮੈਰੀਟਾਈਮ ਆਰਗੇਨਾਈਜ਼ੇਸ਼ਨ' ਦੁਆਰਾ ਨਿਰਧਾਰਤ ਕੀਤੇ ਗਏ ਤਾਲਮੇਲ ਵਾਲੇ ਰਸਤੇ 'ਤੇ ਹੀ ਚੱਲਣਾ ਹੋਵੇਗਾ।
28 ਫਰਵਰੀ ਤੋਂ ਇਸ ਰਸਤੇ ਦੇ ਬੰਦ ਹੋਣ ਕਾਰਨ ਵਿਸ਼ਵ ਅਰਥਵਿਵਸਥਾ, ਖਾਸ ਕਰਕੇ ਤੇਲ, ਗੈਸ ਅਤੇ ਖਾਦਾਂ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ। ਦੁਨੀਆ ਦਾ 20 ਫੀਸਦੀ ਜੈਵਿਕ ਬਾਲਣ ਇਸੇ ਰਸਤੇ ਰਾਹੀਂ ਗੁਜ਼ਰਦਾ ਹੈ। ਹਾਲਾਂਕਿ, ਅਜੇ ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਕਿ ਇਹ ਖੁੱਲ੍ਹ ਲੇਬਨਾਨ-ਇਜ਼ਰਾਈਲ ਵਾਲੀ 10 ਦਿਨਾਂ ਦੀ ਜੰਗਬੰਦੀ ਲਈ ਹੈ ਜਾਂ ਅਮਰੀਕਾ-ਈਰਾਨ ਵਾਲੀ 14 ਦਿਨਾਂ ਦੀ ਜੰਗਬੰਦੀ ਲਈ, ਜੋ ਅਗਲੇ ਮੰਗਲਵਾਰ ਨੂੰ ਖ਼ਤਮ ਹੋ ਰਹੀ ਹੈ।
ਦੱਸ ਦਈਏ ਕਿ ਸਟ੍ਰੇਟ ਆਫ ਹੋਰਮੁਜ਼' ਨੂੰ ਵਿਸ਼ਵ ਦੀ ਆਰਥਿਕਤਾ ਦੀ 'ਜੀਵਨ ਰੇਖਾ' ਕਿਹਾ ਜਾਂਦਾ ਹੈ ਅਤੇ ਇਸ ਦੇ ਖੁੱਲ੍ਹਣ ਨਾਲ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਣ ਦੀ ਉਮੀਦ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login