ADVERTISEMENT

ADVERTISEMENT

350 ਸਾਲਾ ਸ਼ਹੀਦੀ ਦਿਹਾੜੇ ਮੌਕੇ ਵਿਸ਼ੇਸ਼

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀਮਹਾਨ ਸ਼ਹਾਦਤ ਅਤੇ ਲਾਸਾਨੀ ਫਲਸਫਾ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ / Staff Reporter

ਇਹ ਇਕ ਇਤਿਹਾਸਿਕ ਪਲ ਹੈ ਕਿ ਇਸ ਸਾਲ ਯਾਨੀ ਕਿ ਸਾਲ 2025 ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ ਦੇ 350 ਸਾਲਾ ਸ਼ਤਾਬਦੀ ਸਮਾਗਮ ਹੋ ਰਹੇ ਹਨ। ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਅਤੇ ਉਨਾਂ ਦੇ ਰੂਹਾਨੀ ਸੰਦੇਸ਼ ਦੀ ਗੱਲ ਹੋ ਰਹੀ ਹੈ ਅਤੇ ਇਹ ਇੱਕ ਅਜਿਹਾ ਸੰਦੇਸ਼ ਹੈ ਜਿਸ ਦੀ ਅਜੋਕੇ ਸਮੇਂ ਅਤੇ ਅਜੋਕੇ ਮਾਹੌਲ ਵਿੱਚ ਸਾਰੀ ਦੁਨੀਆ ਨੂੰ ਲੋੜ ਨਜ਼ਰ ਆਉਂਦੀ ਹੈ। ਵਿਸ਼ਵ ਇਤਿਹਾਸ ਵਿੱਚ ਸ਼ਹਾਦਤਾਂ ਤਾਂ ਬਹੁਤ ਹੋਈਆਂ ਹਨ ਪਰ ਇਹੋ ਜਿਹੀ ਕੋਈ ਸ਼ਹਾਦਤ ਨਹੀਂ ਲੱਭਦੀ ਜਿੱਥੇ ਕਿਸੇ ਸ਼ਖਸੀਅਤ ਨੇ ਜਾਂ ਕਿਸੇ ਧਾਰਮਿਕ ਰਹਿਬਰ ਨੇ ਕਿਸੇ ਹੋਰ ਧਰਮ ਦੀ ਰੱਖਿਆ ਖਾਤਰ ਆਪਣੀ ਜਾਨ ਕੁਰਬਾਨ ਕੀਤੀ ਹੋਵੇ। ਅੱਜ ਦੇ ਸਮੇਂ ਜਦੋਂ ਸਮੁੱਚੀ ਦੁਨੀਆਂ ਵਿੱਚ ਧਾਰਮਿਕ ਸਹਿਣਸ਼ੀਲਤਾ ਦੀ ਕਮੀ ਸਪਸ਼ਟ ਤੌਰ ‘ਤੇ ਨਜ਼ਰ ਆਉਂਦੀ ਹੈ ਅਤੇ ਲੋਕੀਂ ਧਰਮ ਅਤੇ ਇਮਾਨ ਦੇ ਵਿਸ਼ੇ ਉੱਤੇ ਵੰਡੇ ਹੋਏ ਨਜ਼ਰ ਆਉਂਦੇ ਹਨ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਹਾਨ ਫਲਸਫਾ ਅਤੇ ਉਨਾਂ ਦੀ ਸ਼ਹਾਦਤ ਦਾ ਸੰਦੇਸ਼ ਸਮੁੱਚੀ ਦੁਨੀਆਂ ਲਈ ਇੱਕ ਚਾਨਣ ਮੁਨਾਰਾ ਬਣਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਅੰਮਿ੍ਰਤਸਰ ਦੇ ਗੁਰੂ ਬਜ਼ਾਰ ਵਾਲੀ ਗਲੀ ਵਿੱਚ ‘ਗੁਰੂ ਕੇ ਮਹਿਲ’ ਨਾਮਕ ਸਥਾਨ ਉੱਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗ੍ਰਹਿ ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ। ਉਨਾਂ ਦਾ ਸ਼ੁਰੂਆਤੀ ਨਾਂਅ ਤਿਆਗ ਮੱਲ ਸੀ। ਗੁਰੂ ਸਾਹਿਬ ਨੂੰ ਘੋੜ ਸਵਾਰੀ ਅਤੇ ਸ਼ਸਤਰ ਚਲਾਉਣ ਵਿੱਚ ਨਿਪੁੰਨਤਾ ਹਾਸਿਲ ਸੀ।

ਆਪ ਬਹੁਤ ਹੀ ਬਹਾਦਰ ਯੋਧੇ ਵੀ ਸਨ। ਕਰਤਾਰਪੁਰ ਦੀ ਲੜਾਈ ਵਿਚ ਆਪ ਨੇ ਆਪਣੀ ਬਹਾਦਰੀ ਦੇ ਜੌਹਰ ਵਿਖਾਏ ਤਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਦਾ ਨਾਂਅ ‘ਤਿਆਗ ਮੱਲ’ ਤੋਂ ਬਦਲ ਕੇ ਤਲਵਾਰ ਚਲਾਉਣ ਵਿਚ ਦਲੇਰ ਅਤੇ ਨਿਪੁੰਨ, ਤਲਵਾਰ ਦਾ ਧਨੀ -‘ਤੇਗ ਬਹਾਦਰ’ ਰੱਖ ਦਿੱਤਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ 15 ਸਾਲ ਬਾਅਦ ਹੋਇਆ ਸੀ ਅਤੇ ਬਾਅਦ ਵਿੱਚ ਸੰਨ 1675 ਵਿੱਚ ਓਹ ਸਿੱਖ ਇਤਿਹਾਸ ਦੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਦੂਜੇ ਗੁਰੂ ਸਾਹਿਬ ਵਜੋਂ ਦਰਜ ਹੋਏ। ਆਪਣੇ ਜੀਵਨ ਦੇ ਸ਼ੁਰੂਆਤੀ ਸਾਲਾਂ ਦੌਰਾਨ, ਗੁਰੂ ਤੇਗ ਬਹਾਦਰ ਸਾਹਿਬ ਨੇ ਛੇਵੇਂ ਗੁਰੂ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਲੜੀਆਂ ਜ਼ਬਰਦਸਤੀ ਲੜਾਈਆਂ ਨੂੰ ਨੇੜਿਓਂ ਦੇਖਿਆ। ਗੁਰੂ ਤੇਗ ਬਹਾਦੁਰ ਜੀ ਨੇ ਆਪ ਬੜੀ ਦਲੇਰੀ ਅਤੇ ਹਥਿਆਰਾਂ ਦੀ ਮੁਹਾਰਤ ਦਿਖਾਉਂਦੇ ਹੋਏ ਇਨਾਂ ਕੁੱਝ ਮਗਰਲੀਆਂ ਲੜਾਈਆਂ ਵਿੱਚ ਭਾਗ ਵੀ ਲਿਆ। ਕੀਰਤਪੁਰ ਵੱਲ ਰਣਨੀਤਕ ਨੀਤੀ ਤਹਿਤ ਵਿਚਰਨਾ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੁਆਰਾ ਸਿੱਖ ਜਥੇਬੰਦਕ ਢਾਂਚੇ ਦੀ ਨਿਰੰਤਰ ਮਜ਼ਬੂਤੀ ਵੀ ਉਨਾਂ ਦੇ ਆਪਣੇ ਜੀਵਨ ਦੇ ਮਿਸ਼ਨ ਦਾ ਹਿੱਸਾ ਬਣਿਆ ਜੋ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਉਨਾਂ ਨੂੰ ਸਪੱਸ਼ਟ ਕੀਤਾ ਗਿਆ ਸੀ। ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੋਤੀ-ਜੋਤ ਸਮਾ ਗਏ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਤਾ ਨਾਨਕੀ ਜੀ ਅਤੇ ਆਪਣੀ ਪਤਨੀ ਮਾਤਾ ਗੁਜਰੀ ਜੀ ਨੂੰ ਨਾਲ ਲੈ ਕੇ ਬਾਬਾ ਬਕਾਲੇ ਵਿਖੇ ਰਹਿਣ ਚਲੇ ਗਏ। ਇੱਥੇ ਹੀ ਭਾਈ ਮੱਖਣ ਸ਼ਾਹ ਲੁਬਾਣਾ ਨੇ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਕਿ੍ਰਸ਼ਨ ਸਾਹਿਬ ਜੀ ਦੇ ਦੱਸੇ ਮੁਤਾਬਕ, ਗੁਰੂ ਜੀ ਨੂੰ ਨੌਵੇਂ ਗੁਰੂ ਵਜੋਂ ‘ਗੁਰੂ ਲਾਧੋ ਰੇ’ ਦਾ ਹੋਕਾ ਦਿੰਦਿਆਂ ਪ੍ਰਗਟ ਕੀਤਾ।

ਇਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਬਣੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਲਈ ਅਸਾਮ ਅਤੇ ਢਾਕਾ (ਹੁਣ ਬੰਗਲਾਦੇਸ਼) ਦੇ ਉੱਤਰ ਪੂਰਬੀ ਖੇਤਰਾਂ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਆਪਕ ਯਾਤਰਾ ਕੀਤੀ। ਉਹ ਜਿਨ੍ਹਾਂ ਥਾਵਾਂ ’ਤੇ ਗਏ ਅਤੇ ਠਹਿਰੇ ਉਹ ਅਜੋਕੇ ਗੁਰਦੁਆਰਿਆਂ ਦੇ ਸਥਾਨ ਬਣ ਗਏ। ਆਪਣੀ ਯਾਤਰਾ ਦੌਰਾਨ, ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਈ ਥਾਵਾਂ ਉੱਤੇ ਜਲ ਪ੍ਰਾਪਤੀ ਲਈ ਖੂਹਾਂ ਦੀ ਉਸਾਰੀ ਅਤੇ ਲੰਗਰ ਵੀ ਸ਼ੁਰੂ ਕੀਤੇ ਸਨ। ਗੁਰੂ ਤੇਗ ਬਹਾਦਰ ਜੀ ਨੇ ਕੀਰਤਪੁਰ ਦੇ ਲਗਾਤਾਰ ਤਿੰਨ ਦੌਰੇ ਕੀਤੇ। ਉਨ੍ਹਾਂ ਦੇ ਘਰੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ, ਦਾ ਜਨਮ ਪਟਨਾ ਵਿੱਚ ਹੋਇਆ ਸੀ, ਜਦੋਂ ਉਹ 1666 ਵਿੱਚ ਆਸਾਮ ਦੇ ਧੁਬਰੀ ਵਿੱਚ ਸਨ, ਜਿੱਥੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਥਿਤ ਹੈ। ਇਸ ਸਮੇਂ ਦੌਰਾਨ, ਗੁਰੂ ਤੇਗ ਬਹਾਦਰ ਜੀ ਨੇ ਬੰਗਾਲ ਦੇ ਰਾਜਾ ਰਾਮ ਸਿੰਘ ਅਤੇ ਅਹੋਮ ਰਾਜ ਦੇ ਰਾਜਾ ਚਕਰਦਵਾਜ ਵਿਚਕਾਰ ਯੁੱਧ ਨੂੰ ਖਤਮ ਕਰਨ ਵਿੱਚ ਸਹਾਇਤਾ ਕੀਤੀ। ਉਨਾਂ ਨੇ ਨਾਲ ਹੀ ਮਥੁਰਾ, ਆਗਰਾ, ਇਲਾਹਾਬਾਦ ਅਤੇ ਵਾਰਾਣਸੀ ਦੇ ਕਸਬਿਆਂ ਦਾ ਵੀ ਦੌਰਾ ਕੀਤਾ। ਅਸਾਮ, ਬੰਗਾਲ ਅਤੇ ਬਿਹਾਰ ਦੇ ਦੌਰੇ ਤੋਂ ਬਾਅਦ, ਗੁਰੂ ਤੇਗ ਬਹਾਦਰ ਜੀ ਬਿਲਾਸਪੁਰ ਗਏ ਜਿੱਥੇ ਰਾਣੀ ਚੰਪਾ ਨੇ ਗੁਰੂ ਜੀ ਨੂੰ ਆਪਣੇ ਰਾਜ ਵਿੱਚ ਜ਼ਮੀਨ ਦਾ ਇੱਕ ਟੁਕੜਾ ਦੇਣ ਦੀ ਪੇਸ਼ਕਸ਼ ਕੀਤੀ। ਗੁਰੂ ਤੇਗ ਬਹਾਦਰ ਜੀ ਨੇ ਇਹ ਜਗ੍ਹਾ 500 ਰੁਪਏ ਵਿੱਚ ਖਰੀਦੀ ਸੀ।

ਉਥੇ, ਗੁਰੂ ਤੇਗ ਬਹਾਦਰ ਜੀ ਨੇ ਹਿਮਾਲਿਆ ਦੀਆਂ ਪਹਾੜੀਆਂ ਵਿੱਚ ਆਨੰਦਪੁਰ ਸਾਹਿਬ (ਆਨੰਦ ਦੀ ਨਗਰੀ) ਦੀ ਸਥਾਪਨਾ ਕੀਤੀ। ਇਹ ਧਰਤੀ ਬਾਅਦ ਵਿੱਚ 1699 ਵਿੱਚ ਖਾਲਸਾ ਪੰਥ ਦਾ ਜਨਮ ਅਸਥਾਨ ਬਣੀ। ਇਸ ਤਰ੍ਹਾਂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਗੁਰੂ ਨਾਨਕ ਦੇ ਮਿਸ਼ਨ ਦੇ ਅੰਤਿਮ ਅਧਿਆਏ ਨੂੰ ਪੂਰਾ ਕਰਨ ਅਤੇ ਖਾਲਸੇ ਦੇ ਉਭਾਰ ਲਈ, ਅਕਾਲ ਪੁਰਖ ਕੀ ਫੌਜ ਦੀ ਵਿਚਾਰਧਾਰਕ ਅਤੇ ਜਥੇਬੰਦਕ ਨੀਂਹ ਰੱਖੀ ਗਈ ਸੀ ਜਿਸ ਨੇ ਅੱਗੇ ਜਾ ਕੇ ਜ਼ੁਲਮ ਨੂੰ ਜੜ੍ਹੋਂ ਪੁੱਟਣ ਦਾ ਕਾਰਜ ਕੀਤਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸੰਨ 1672 ਵਿੱਚ, ਲੋਕਾਂ ਨੂੰ ਮਿਲਣ ਲਈ ਕਸ਼ਮੀਰ ਅਤੇ ਉੱਤਰ-ਪੱਛਮੀ ਸਰਹੱਦ ਦੀ ਵੀ ਯਾਤਰਾ ਕੀਤੀ, ਕਿਉਂਕਿ ਗੈਰ-ਮੁਸਲਮਾਨਾਂ ਉੱਤੇ ਓਸ ਸਮੇਂ ਹੋ ਰਿਹਾ ਅੱਤਿਆਚਾਰ ਨਵੀਆਂ ਉਚਾਈਆਂ ’ਤੇ ਪਹੁੰਚ ਰਿਹਾ ਸੀ। ਕਸ਼ਮੀਰ ਵਿਚ ਹਿੰਦੂਆਂ ’ਤੇ ਔਰੰਗਜ਼ੇਬ ਦੇ ਪ੍ਰਤੀਨਿਧੀ ਸ਼ੇਰ ਅਫਗਾਨ ਖ਼ਾਨ ਨੇ ਬਹੁਤ ਜ਼ੁਲਮ ਢਾਹੇ। ਹਜ਼ਾਰਾਂ ਦੀ ਗਿਣਤੀ ਵਿਚ ਹਿੰਦੂਆਂ ਨੂੰ ਕਤਲ ਕਰ ਦਿੱਤਾ ਗਿਆ, ਮੰਦਰ ਢਾਹ ਦਿੱਤੇ ਗਏ ਅਤੇ ਹੋਰ ਅਨੇਕਾਂ ਤਰ੍ਹਾਂ ਦੇ ਅੱਤਿਆਚਾਰ ਹਿੰਦੂਆਂ ’ਤੇ ਹੋਏ। ਇਸ ਉਪਰੰਤ, 25 ਮਈ 1675 ਈ: ਨੂੰ ਕਸ਼ਮੀਰੀ ਪੰਡਤਾਂ ਦਾ ਇੱਕ ਵਫ਼ਦ ਪੰਡਤ ਕਿਰਪਾ ਰਾਮ ਦੀ ਅਗਵਾਈ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਫਰਿਆਦ ਲੈ ਕੇ ਪਹੁੰਚਾ। ਔਰੰਗਜ਼ੇਬ ਦੇ ਅੱਤਿਆਚਾਰਾਂ ਦੀ ਸਾਰੀ ਕਹਾਣੀ ਸੁਣਨ ਉਪਰੰਤ ਬਾਲ ਗੋਬਿੰਦ ਰਾਏ ਦੇ ਪੁੱਛਣ ’ਤੇ ਆਪ ਨੇ ਦੱਸਿਆ ਕਿ ਕਿਸੇ ਸੱਚੇ ਮਹਾਂਪੁਰਖ਼ ਨੂੰ ਇਸ ਜ਼ੁਲਮ ਨੂੰ ਰੋਕਣ ਲਈ ਕੁਰਬਾਨੀ ਦੇਣੀ ਪਵੇਗੀ ਤਾਂ ਗੋਬਿੰਦ ਰਾਏ ਜੀ ਬੋਲੇ, ‘ਪਿਤਾ ਜੀ, ਆਪ ਤੋਂ ਵੱਡਾ ਮਹਾਂਪੁਰਖ਼ ਹੋਰ ਕਿਹੜਾ ਹੋ ਸਕਦਾ ਹੈ’? ਇਹ ਸੁਣ ਕੇ ਗੁਰੂ ਜੀ ਨੇ ਸ਼ਹਾਦਤ ਦੇਣ ਦਾ ਫ਼ੈਸਲਾ ਕੀਤਾ।

ਸ੍ਰੀ ਗੁਰੂ ਤੇਗ ਬਹਾਦਰ ਜੀ, ਗੁਰਗੱਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੌਂਪ ਕੇ ਆਪ ਸ਼ਹੀਦੀ ਪ੍ਰਾਪਤ ਕਰਨ ਲਈ ਦਿੱਲੀ ਵੱਲ ਚਲੇ ਗਏ। ਆਪਣੇ ਤਿੰਨ ਗੁਰਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲ ਦਾਸ ਜੀ ਸਮੇਤ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਉਨਾਂ ਸ਼ਹੀਦੀ ਪ੍ਰਾਪਤ ਕੀਤੀ। ਤਿੰਨ ਗੁਰਸਿੱਖਾਂ ਨੂੰ 10 ਨਵੰਬਰ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਲਿਖਤ ਅਨੁਸਾਰ ਗੁਰੂ ਜੀ ਨੂੰ 12 ਮੱਘਰ ਸੁਦੀ 5 ਸੰਮਤ 1732 (12 ਮੱਘਰ, 11 ਨਵੰਬਰ ਸੰਨ 1675) ਨੂੰ ਸੀਸ ਧੜ ਤੋਂ ਅਲੱਗ ਕਰਕੇ ਸ਼ਹੀਦ ਕਰ ਦਿੱਤਾ ਸੀ। ਭਾਈ ਜੈਤਾ ਜੀ ਗੁਰੂ ਜੀ ਦਾ ਪਵਿੱਤਰ ਸੀਸ ਚੁੱਕ ਕੇ ਸਤਿਕਾਰ ਸਹਿਤ ਸ੍ਰੀ ਆਨੰਦਪੁਰ ਸਾਹਿਬ ਲੈ ਆਏ ਅਤੇ ਲੱਖੀ ਸ਼ਾਹ ਵਣਜਾਰਾ ਗੁਰੂ ਜੀ ਦੇ ਪਵਿੱਤਰ ਸਰੀਰ ਨੂੰ ਆਪਣੇ ਘਰੇ ਲੈ ਗਏ ਅਤੇ ਆਪਣੇ ਘਰ ਨੂੰ ਅੱਗ ਲਾਕੇ ਗੁਰੂ ਸਾਹਿਬ ਦਾ ਅੰਤਿਮ ਸਸਕਾਰ ਕੀਤਾ। ਨੌਵੇਂ ਸਤਿਗੁਰੂ ਦੇ ਸ਼ਹੀਦੀ ਅਸਥਾਨ ਦਾ ਨਾਂਅ ‘ਸੀਸ ਗੰਜ’ ਹੈ ਜੋ ਦਿੱਲੀ ਦੇ ਚਾਂਦਨੀ ਚੌਂਕ ’ਚ ਗੁਰਦੁਆਰਾ ‘ਸੀਸ ਗੰਜ’ ਸਾਹਿਬ ਵਜੋਂ ਸਥਿਤ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਸਲੋਕਾਂ ਅਤੇ ਸ਼ਬਦਾਂ ਦਾ ਅਹਿਮ ਯੋਗਦਾਨ ਪਾਇਆ। ਗੁਰੂ ਤੇਗ ਬਹਾਦਰ ਜੀ ਦੇ ਰਚੇ ਹੋਏ 59 ਸ਼ਬਦ ਅਤੇ 57 ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਹਨ। ਇਹ ਸ਼ਬਦ ਕੁੱਲ 15 ਰਾਗਾਂ (ਗਉੜੀ, ਆਸਾ, ਦੇਵਗੰਧਾਰੀ, ਬਿਹਾਗੜਾ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਤਿਲੰਗ, ਬਿਲਾਵਲ, ਰਾਮਕਲੀ, ਮਾਰੂ, ਬਸੰਤ, ਸਾਰੰਗ, ਜੈਜਾਵੰਤੀ) ਅਧੀਨ ਦਰਜ ਹਨ ਜਿਨ੍ਹਾਂ ’ਚੋਂ ਜੈਜਾਵੰਤੀ ਰਾਗ ਵਿੱਚ ਕੇਵਲ ਆਪ ਜੀ ਦੇ ਹੀ ਰਚੇ ਹੋਏ ਚਾਰ ਸ਼ਬਦ ਹਨ ਜਦਕਿ ਹੋਰ ਕਿਸੇ ਗੁਰੂ ਸਾਹਿਬ ਜਾਂ ਭਗਤ-ਕਵੀ ਨੇ ਇਸ ਰਾਗ ਵਿਚ ਬਾਣੀ ਨਹੀਂ ਸੀ ਰਚੀ।

ਇਹ ਭਾਸ਼ਾ ਭਾਰਤੀ ਸੰਤਾਂ ਅਤੇ ਭਗਤਾਂ ਦੁਆਰਾ ਬੋਲੀ ਜਾਣ ਵਾਲੀ ਪ੍ਰਸਿੱਧ ਸੰਤ-ਭਾਸ਼ਾ ਹੈ। ਉਨਾਂ ਦਾ ਮਹਾਨ ਸੰਦੇਸ਼ ਰੂਹ ਨੂੰ ਦਸਤਕ ਦੇਣ ਵਾਲਾ ਹੈ ਅਤੇ ਉਨਾਂ ਦੀ ਵਿਲੱਖਣ ਸ਼ਹਾਦਤ ਨੇ ਭਾਰਤੀ ਉਪ-ਮਹਾਂਦੀਪ ਦੇ ਡਰੇ ਹੋਏ ਅਤੇ ਦੱਬੇ-ਕੁਚਲੇ ਲੋਕਾਂ ਵਿੱਚ ਮੌਤ ਨੂੰ ਰੋਕਣ ਵਾਲਾ ਹੌਂਸਲਾ ਪੈਦਾ ਕੀਤਾ। ਉਨਾਂ ਦੇ ਪਵਿੱਤਰ ਸ਼ਬਦ ਬਹੁਤ ਸਾਰੇ ਵਿਸ਼ਿਆਂ ਨੂੰ ਛੂਹੰਦੇ ਹਨ, ਜਿਵੇਂ ਕਿ ਪ੍ਰਮਾਤਮਾ ਦੀ ਪ੍ਰਕਿਰਤੀ, ਮਨੁੱਖੀ ਮੋਹ, ਸਰੀਰ, ਮਨ, ਦੁੱਖ, ਮਾਣ, ਸੇਵਾ, ਮੌਤ ਅਤੇ ਮੁਕਤੀ। ਸੰਨ 1675 ਵਿੱਚ ਦਿੱਲੀ ਵਿੱਚ ਆਪਣੀ ਸ਼ਹਾਦਤ ਤੱਕ ਉਨ੍ਹਾਂ ਦੇ ਪੂਰੇ ਜੀਵਨ ਦਾ ਇੱਕ ਬਹੁਤ ਹੀ ਧਿਆਨ ਦੇਣ ਯੋਗ ਪਹਿਲੂ ਇਹ ਸੀ ਕਿ ਉਹ ਸਮਾਜ ਦੇ ਧਰਮ ਨਿਰਪੱਖ ਮਾਮਲਿਆਂ ਵਿੱਚ ਪੂਰੀ ਤਰ੍ਹਾਂ ਸ਼ਾਮਲ ਰਹੇ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ, ਉਨ੍ਹਾਂ ਦੇ ਪ੍ਰਚਾਰ ਦੌਰੇ ਸਭ ਤੋਂ ਵੱਧ ਵਿਆਪਕ ਸਨ। ਭਾਰਤ ਦੇ ਦੂਰ-ਦੁਰਾਡੇ ਦੇ ਹਿੱਸਿਆਂ ਵਿੱਚ ਵਿਸ਼ਵ-ਵਿਆਪੀ ਭਾਈਚਾਰੇ, ਸਮਾਨਤਾ ਅਤੇ ਨਿਆਂ ਦੇ ਸੰਦੇਸ਼ ਨੂੰ ਲੈ ਕੇ ਉਨਾਂ ਦੇ ਵਿਆਪਕ ਦੌਰੇ ਇੱਕ ਧਰਮ ਵਿੱਚ ਜ਼ਬਰਦਸਤੀ ਧਰਮ ਪਰਿਵਰਤਨ ਦੀ ਉਸ ਨੀਤੀ ਦਾ ਇੱਕ ਦਲੇਰ ਅਤੇ ਮੂੰਹ-ਤੋੜਵਾਂ ਜਵਾਬ ਸਨ। ਅਸਲ ਵਿੱਚ, ਔਰੰਗਜ਼ੇਬ ਦੇ ਧਾਰਮਿਕ ਅੱਤਿਆਚਾਰ ਦੇ ਅਤਿਅੰਤ ਰੂਪ ਬਾਰੇ ਸੁਣਦਿਆਂ ਹੀ ਉਹ ਉੱਤਰ-ਪੂਰਬੀ ਭਾਰਤ ਤੋਂ ਪੰਜਾਬ ਪਰਤੇ ਸਨ। ਰਹਿੰਦੀ ਦੁਨੀਆਂ ਤੱਕ ਇਹ ਗੱਲ ਤਸਦੀਕ ਹੋਵੇਗੀ ਕਿ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਜੀ ਹਿੰਦੂ ਧਰਮ ਦੀ ਰੱਖਿਆ ਲਈ ਆਪਣਾ ਪਾਵਨ ਸੀਸ ਨਾ ਦਿੰਦੇ ਤਾਂ ਅੱਜ ਭਾਰਤ ਦੇਸ਼ ਦੇ ਨਾਲ ਨਾਲ ਸਮੁੱਚੇ ਭਾਰਤੀ ਉੱਪ-ਮਹਾਂਦੀਪ ਦਾ ਮੂੰਹ-ਮੁਹਾਂਦਰਾ ਕੁੱਝ ਹੋਰ ਹੀ ਹੋਣਾ ਸੀ।ਨੌਵੇਂ ਪਾਤਸ਼ਾਹ, ਹਿੰਦ ਦੀ ਚਾਦਰ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੁਨੀਆਂ ਦੀ ਇੱਕ ਅਜਿਹੀ ਨਿਵੇਕਲੀ ਸ਼ਹਾਦਤ ਹੈ, ਜਿਸ ਵਰਗੀ ਮਿਸਾਲ ਨਾ ਕਦੇ ਹੋਈ ਹੈ ਅਤੇ ਨਾ ਕਦੇ ਹੋਵੇਗੀ।

Comments

Related