ਇਸ ਕਨਵੋਕੇਸ਼ਨ ਦੋਰਾਨ ਅਮਰੀਕਾ ਦੇ ਅਟਾਰਨੀ ਐਟ ਲਾਅ ਜਸਪ੍ਰੀਤ ਸਿੰਘ ਨੂੰ ਆਨਰਜ਼ ਕਾਜ਼ਾ ਨਾਲ ਨਵਾਜਿਆ ਗਿਆ। / Photo Courtesy
ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 51ਵੀਂ ਕਨਵੋਕੇਸ਼ਨ ਵਿਚ 456 ਵਿਦਿਆਰਥੀਆਂ ਜਿਨ੍ਹਾਂ ਵਿਚ 03 ਵਿਦਿਆਰਥੀਆਂ ਨੂੰ 'ਚਾਂਸਲਰ ਮੈਡਲ', 35 ਹੋਣਹਾਰ ਵਿਦਿਆਰਥੀਆਂ ਨੂੰ 'ਮੈਮੋਰੀਅਲ ਮੈਡਲ', 82 ਖੋਜ-ਵਿਦਿਆਰਥੀਆਂ ਨੂੰ ਪੀਐੱਚ.ਡੀ. ਅਤੇ 336 ਵਿਦਿਆਰਥੀਆਂ ਨੂੰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਡਿਗਰੀਆਂ ਅਤੇ ਨਿਊਯਾਰਕ (ਅਮਰੀਕਾ) ਦੇ ਪ੍ਰਸਿੱਧ ਅਟਾਰਨੀ-ਐਟ-ਲਾਅ ਸ. ਜਸਪ੍ਰੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਅਤੇ ਵਾਈਸ ਚਾਂਸਲਰ, ਪ੍ਰੋ.ਕਰਮਜੀਤ ਸਿੰਘ ਨੇ ਸ. ਜਸਪ੍ਰੀਤ ਸਿੰਘ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਦੇਸ਼ ਦੇ ਅਕਾਦਮਿਕ ਵਿਕਾਸ ਵਿਚ ਅਹਿਮ ਯੋਗਦਾਨ ਪਾਉਣ ਸਦਕਾ ਆਨਰਜ਼ ਕਾਜ਼ਾ ਡਿਗਰੀ ਨਾਲ ਸਨਮਾਨਿਤ ਕੀਤਾ।
ਸ. ਜਸਪ੍ਰੀਤ ਸਿੰਘ ਦਾ ਆਪਣੀ ਯੂਨੀਵਰਸਿਟੀ, ਪੰਜਾਬ ਅਤੇ ਦੇਸ਼ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਪ੍ਰੋ.ਕਰਮਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਕਿਹਾ ਕਿ ਅੱਜ, ਜਦੋਂ ਤੁਸੀਂ ਆਪਣੀਆਂ ਪ੍ਰਾਪਤੀਆਂ ਦਾ ਜਸ਼ਨ ਮਨਾ ਰਹੇ ਹੋ ਤਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਕ ਪਲ ਲਈ ਰੁਕੋ ਅਤੇ ਉਨ੍ਹਾਂ ਨੂੰ ਯਾਦ ਕਰੋ ਜਿਨ੍ਹਾਂ ਦੇ ਸਹਿਯੋਗ ਨੇ ਤੁਹਾਡੀ ਵਿੱਦਿਅਕ ਯਾਤਰਾ ਨੂੰ ਸੰਭਵ ਬਣਾਇਆ ਹੈ। ਤੁਹਾਡੀ ਸਫ਼ਲਤਾ ਤੁਹਾਡੀ ਸਖ਼ਤ ਮਿਹਨਤ ਦਾ ਨਤੀਜਾ ਹੈ ਪਰ ਇਸ ਵਿਚ ਤੁਹਾਡੇ ਮਾਪਿਆਂ ਦਾ ਤਿਆਗ, ਤੁਹਾਡੇ ਅਧਿਆਪਕਾਂ ਦੀ ਅਗਵਾਈ ਅਤੇ ਸਮਾਜ ਦਾ ਯੋਗਦਾਨ ਵੀ ਸ਼ਾਮਲ ਹੈ। ਇਸ ਲਈ ਸਮਾਜ ਪ੍ਰਤੀ ਆਪਣਾ ਕਰਜ਼ ਚੁਕਾਉਣਾ ਤੁਹਾਡੀ ਜ਼ਿੰਮੇਵਾਰੀ ਹੈ। ਭਾਵੇਂ ਤੁਸੀਂ ਇਕ ਉੱਦਮੀ ਬਣੋ ਜੋ ਨੌਕਰੀਆਂ ਪੈਦਾ ਕਰਦਾ ਹੈ, ਇਕ ਵਿਗਿਆਨੀ ਜੋ ਨਵੀਨਤਾ ਨੂੰ ਉਤਸ਼ਾਹਿਤ ਕਰਦਾ ਹੈ, ਇਕ ਜਨਤਕ ਸੇਵਕ ਜੋ ਜਨਤਾ ਲਈ ਕੰਮ ਕਰਦਾ ਹੈ ਜਾਂ ਇਕ ਲੋਕ-ਉਪਕਾਰੀ ਜੋ ਸਮਾਜ ਦੀ ਸੇਵਾ ਕਰਦਾ ਹੈ, ਤੁਹਾਡੀ ਸਿੱਖਿਆ ਹਾਸ਼ੀਆਗਤ ਵਰਗਾਂ ਲਈ ਸਸ਼ਕਤੀਕਰਨ ਦਾ ਸਰੋਤ ਬਣਨੀ ਚਾਹੀਦੀ ਹੈ।
ਉਨ੍ਹਾਂ ਡਿਗਰੀ ਲੈਣ ਵਾਲਿਆਂ ਵਿਚ ਵਿਦਿਆਰਥਣਾਂ ਦੀ ਵੱਧ ਗਿਣਤੀ ਦਾ ਹਵਾਲੇ ਨਾਲ ਖੁਸ਼ੀ ਜਤਾਉਂਦਿਆਂ ਕਿਹਾ ਕਿ ਵਿਦਿਆਰਥੀ ਵਿਕਾਸ ਦੀ ਨੀਂਹ ਹਨ। ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀ ਜਾਂ ਬੱਚਿਆਂ ਦੀਆਂ ਜੀਵਨ ਦਿਸ਼ਾਵਾਂ ਵਿਚ ਕਿਸੇ ਤਰ੍ਹਾਂ ਦੀ ਭਟਕਣ ਹੈ ਤਾਂ ਇਸ ਵਿਚ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।
ਆਨਰਜ਼ ਕਾਜ਼ਾ ਡਿਗਰੀ ਪ੍ਰਾਪਤ ਕਰਨ ਉਪਰੰਤ ਸ. ਜਸਪ੍ਰੀਤ ਸਿੰਘ ਨੇ ਕਿਹਾ ਕਿ ਸਾਡੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਉਚਾਈਆਂ ‘ਤੇ ਲਿਜਾਣ ਲਈ ਦਿਲੋਂ ਮਿਹਨਤ ਕਰ ਰਹੇ ਹਨ ਅਤੇ ਅਕਸਰ ਮੇਰੇ ਨਾਲ ਗੱਲਬਾਤ ਦੌਰਾਨ ਉਹ ਬਾਹਰਲੀਆਂ ਯੂਨੀਵਰਸਿਟੀਆਂ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਕਾਦਮਿਕ ਸਾਂਝ ਲਈ ਸੰਭਾਵਨਾਵਾਂ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪਰਵਾਸੀ ਭਾਈਚਾਰਾ ਹਮੇਸ਼ਾ ਹੀ ਆਪਣੇ ਦੇਸ਼ ਅਤੇ ਪੰਜਾਬ ਦੀ ਤਰੱਕੀ ਲਈ ਚਿੰਤਨਸ਼ੀਲ ਰਹਿੰਦਾ ਹੈ।
ਇਸ ਤੋਂ ਪਹਿਲਾਂ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਸਾਰਿਆਂ ਦਾ ਸਵਾਗਤ ਅਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੇ ਸਥਾਪਨਾ ਕਾਲ ਤੋਂ ਹੀ ਗੁਣਵੱਤਾ ਭਰਪੂਰ ਸਿੱਖਿਆ, ਖੋਜ, ਨਵੀਨਤਾ ਅਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਵਚਨਬੱਧ ਰਹੀ ਹੈ।
ਉਨ੍ਹਾਂ ਸ. ਜਸਪ੍ਰੀਤ ਸਿੰਘ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਰਿਚਮੰਡ ਹਿੱਲ, ਨਿਊਯਾਰਕ (ਅਮਰੀਕਾ) ਦੇ ਪ੍ਰਸਿੱਧ ਅਟਾਰਨੀ-ਐਟ-ਲਾਅ ਸ. ਜਸਪ੍ਰੀਤ ਸਿੰਘ ਦੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਸਨਮਾਨ ਕਰਨਾ ਸਾਡੇ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਇਮੀਗ੍ਰੇਸ਼ਨ ਕਾਨੂੰਨ ਦੇ ਖੇਤਰ ਵਿੱਚ 24 ਸਾਲਾਂ ਤੋਂ ਵੱਧ ਦਾ ਅਨੁਭਵ ਰੱਖਣ ਵਾਲੇ ਇਸ ਮਾਹਿਰ ਨੇ ਦਸ ਹਜ਼ਾਰ ਤੋਂ ਵੱਧ ਇਮੀਗ੍ਰੇਸ਼ਨ ਮਾਮਲਿਆਂ ਨੂੰ ਸਫ਼ਲਤਾਪੂਰਵਕ ਸੰਭਾਲਿਆ ਹੈ ਅਤੇ ਹਜ਼ਾਰਾਂ ਪੰਜਾਬੀ ਪਰਿਵਾਰਾਂ ਨੂੰ ਅਮੁੱਲੀ ਸਹਾਇਤਾ ਪ੍ਰਦਾਨ ਕੀਤੀ ਹੈ। ਪੰਜਾਬੀ ਪਰਵਾਸੀ ਭਾਈਚਾਰੇ ਅਤੇ ਅਮਰੀਕੀ ਕਾਨੂੰਨੀ ਪ੍ਰਣਾਲੀ ਵਿਚਕਾਰ ਇਕ ਮਜ਼ਬੂਤ ਪੁਲ ਵਜੋਂ ਜਾਣੇ ਜਾਂਦੇ ਸ. ਜਸਪ੍ਰੀਤ ਸਿੰਘ ਨੇ ਇਮੀਗ੍ਰੇਸ਼ਨ ਨੀਤੀ ਅਤੇ ਸੁਧਾਰਾਂ ਸਬੰਧੀ ਵਿਚਾਰ-ਵਟਾਂਦਰਿਆਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਦੀਆਂ ਉਪਲਬਧੀਆਂ ਵਿੱਚ ਨਿਊ ਜਰਸੀ ਗਵਰਨਿੰਗ ਕੌਂਸਲ ਲਈ ਚੋਣ, ਨਿਊ ਜਰਸੀ ਦੀ ਟ੍ਰਾਂਜ਼ੀਸ਼ਨ ਇੰਟਰਡਿਸਪਲਿਨਰੀ ਐਡਵਾਇਜ਼ਰੀ ਟਾਸਕ ਫੋਰਸ ਵਿੱਚ ਨਿਯੁਕਤੀ ਅਤੇ ਵਾਸ਼ਿੰਗਟਨ ਡੀ.ਸੀ. ਵਿੱਚ ‘ਬਰਜ ਗਲੋਬਲ ਪਾਵਰ 100’ ਵਿੱਚ ਸ਼ਾਮਲ ਹੋਣਾ ਸ਼ਾਮਲ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਇਕ ਵਿਲੱਖਣ ਸਾਬਕਾ-ਵਿਦਿਆਰਥੀ ਵਜੋਂ ਉਨ੍ਹਾਂ ਨੇ ਸਿੱਖਿਆ ਅਤੇ ਖੋਜ ਪ੍ਰਤੀ ਆਪਣੀ ਡੂੰਘੀ ਵਚਨਬੱਧਤਾ ਦਾ ਪ੍ਰਗਟਾਵਾ ਕਰਦਿਆਂ ਸਿੱਖ ਅਧਿਐਨ ਚੇਅਰ ਲਈ 5 ਕਰੋੜ ਰੁਪਏ ਅਤੇ ਪੀਐੱਚ.ਡੀ. ਸਕਾਲਰਸ਼ਿਪਾਂ ਲਈ 20 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਹੈ। ਉਹਨਾਂ ਨੇ ਯੂਨੀਵਰਸਿਟੀ ਦੇ ਇਕ ਵਿਦੇਸ਼ੀ ਕੈਂਪਸ ਦੀ ਸਥਾਪਨਾ ਲਈ ਕੈਲੇਫੋਰਨੀਆ ਵਿੱਚ ਜ਼ਮੀਨ ਵੀ ਦਾਨ ਕੀਤੀ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਗਿਆਨ, ਚਰਿੱਤਰ, ਦਇਆ ਅਤੇ ਨਿਸ਼ਕਾਮ ਸੇਵਾ ‘ਤੇ ਆਧਾਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦੇ ਸਦੀਵੀ ਸਿਧਾਂਤਾਂ ਦੀ ਰਹਿਨੁਮਾਈ ਹੇਠ, ਯੂਨੀਵਰਸਿਟੀ ਸਿੱਖਿਆ ਵਿੱਚ ਉੱਤਮਤਾ ਹਾਸਲ ਕਰਨ ਦੇ ਨਾਲ-ਨਾਲ ਸਮਾਜਿਕ ਤੌਰ ‘ਤੇ ਜ਼ਿੰਮੇਵਾਰ, ਨੈਤਿਕ ਮੁੱਲਾਂ ਨਾਲ ਸੰਪੰਨ ਅਤੇ ਵਿਸ਼ਵ ਪੱਧਰ ‘ਤੇ ਸਮਰੱਥ ਨਾਗਰਿਕ ਤਿਆਰ ਕਰਨ ਲਈ ਨਿਰੰਤਰ ਯਤਨਸ਼ੀਲ ਹੈ। ਯੂਨੀਵਰਸਿਟੀ ਨੇ ਅਕਾਦਮਿਕ ਖੇਤਰ, ਖੋਜ, ਨਵੀਨਤਾ, ਅੰਤਰਰਾਸ਼ਟਰੀ ਸਹਿਯੋਗ, ਡਿਜੀਟਲ ਰੂਪਾਂਤਰਣ, ਵਿਦਿਆਰਥੀ ਭਲਾਈ, ਖੇਡਾਂ ਅਤੇ ਸਮਾਜਿਕ ਭਾਗੀਦਾਰੀ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ।
ਇਸ ਮੌਕੇ ਮੰਚ ਉਪਰ ਉਚੇਰੀ ਸਿਖਿਆ ਮੰਤਰੀ, ਸ. ਹਰਜੋਤ ਸਿੰਘ ਬੈਂਸ, ਐਡੀਸ਼ਨ ਪ੍ਰਿੰਸੀਪਲ ਸਕੱਤਰ, ਸ਼੍ਰੀ ਵਿਵੇਕ ਪ੍ਰਤਾਪ ਸਿੰਘ, ਆਈ.ਏ.ਐੱਸ., ਡੀਨ ਅਕਾਦਮਿਕ ਮਾਮਲੇ, ਪ੍ਰੋ. ਹਰਵਿੰਦਰ ਸਿੰਘ ਸੈਣੀ, ਰਜਿਸਟਰਾਰ, ਪ੍ਰੋ.ਕੇ.ਐਸ. ਚਾਹਲ ਤੋਂ ਇਲਾਵਾ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਦੇ ਮੈਂਬਰ ਹਾਜ਼ਰ ਸਨ। ਇਸ ਮੌਕੇ ਅਕਾਦਮਿਕ ਕੌਂਸਲ ਦੇ ਮੈਂਬਰਾਂ, ਡੀਨਜ਼, ਵਿਭਾਗ ਮੁਖੀਆਂ, ਅਧਿਆਪਕਾਂ, ਅਧਿਕਾਰੀਆਂ, ਕਰਮਚਾਰੀਆਂ, ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਹੋਰ ਪਤਵੰਤਿਆਂ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਸ. ਗੁਰਜੀਤ ਸਿੰਘ ਔਜਲਾ, ਮੈਂਬਰ ਪਾਰਲੀਮੈਂਟ, ਸ਼੍ਰੀ ਰਾਜ ਕੁਮਾਰ ਚੱਬੇਵਾਲ, ਐਮ.ਐਲ.ਏ. ਡਾ. ਇੰਦਰਬੀਰ ਸਿੰਘ ਨਿੱਜਰ, ਮੇਅਰ, ਸ. ਜਤਿੰਦਰ ਸਿੰਘ ਭਾਟੀਆ, ਕਾਰਜਕਾਰੀ ਐਸ.ਜੀ.ਪੀ.ਸੀ. ਮੈਂਬਰ, ਸ. ਰਜਿੰਦਰ ਸਿੰਘ ਮਹਿਤਾ ਨੇ ਇਸ ਮੌਕੇ ਵਿਸ਼ੇਸ਼ ਸ਼ਮੂਲੀਅਤ ਕੀਤੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login