ADVERTISEMENT

ADVERTISEMENT

ਵਾਸ਼ਿੰਗਟਨ ‘ਚ ਵਿਸ਼ੇਸ਼ ਪ੍ਰਦਰਸ਼ਨੀ: ਅੱਤਵਾਦ ਦੇ ਭਿਆਨਕ ਚਿਹਰੇ ਦੁਨੀਆ ਦੇ ਸਾਹਮਣੇ ਕੀਤੇ ਪੇਸ਼

ਭਾਰਤੀ ਰਾਜਦੂਤ ਨੇ ਕਿਹਾ ਕਿ ਇਹ ਪ੍ਰਦਰਸ਼ਨੀ ਸਿਰਫ਼ ਯਾਦਗਾਰ ਨਹੀਂ, ਸਗੋਂ ਅੱਤਵਾਦ ਦੇ ਖ਼ਤਰੇ ਵਿਰੁੱਧ ਲੜਨ ਦੇ ਦ੍ਰਿੜ ਇਰਾਦੇ ਦਾ ਪ੍ਰਗਟਾਵਾ ਵੀ ਹੈ

 ਭਾਰਤੀ ਰਾਜਦੂਤ ਵਿਨੈ ਮੋਹਨ ਕਵਾਤਰਾ  ਭਾਰਤੀ ਰਾਜਦੂਤ ਵਿਨੈ ਮੋਹਨ ਕਵਾਤਰਾ / Lalit K Jha/ New India Abroad

ਵਾਸ਼ਿੰਗਟਨ ਡੀ.ਸੀ. ਦੇ ਕੈਪੀਟਲ ਹਿਲ ਵਿਖੇ ਲਗਾਈ ਗਈ ਇੱਕ ਵਿਸ਼ੇਸ਼ ਪ੍ਰਦਰਸ਼ਨੀ "ਦਿ ਹਿਊਮਨ ਕਾਸਟ ਆਫ ਟੈਰੋਰਿਜ਼ਮ" ਨੇ ਅੱਤਵਾਦ ਦੇ ਭਿਆਨਕ ਚਿਹਰੇ ਅਤੇ ਇਸ ਨਾਲ ਪੀੜਤ ਪਰਿਵਾਰਾਂ ਦੇ ਕਦੇ ਨਾ ਖ਼ਤਮ ਹੋਣ ਵਾਲੇ ਦਰਦ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਹੈ। ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਕਰਵਾਈ ਗਈ ਇਹ ਪ੍ਰਦਰਸ਼ਨੀ ਕਸ਼ਮੀਰ, ਮੁੰਬਈ ਅਤੇ ਨਿਊਯਾਰਕ (9/11) ਦੇ ਅੱਤਵਾਦੀ ਹਮਲਿਆਂ ਦੀਆਂ ਯਾਦਾਂ ਨੂੰ ਇੱਕ ਮੰਚ 'ਤੇ ਲੈ ਕੇ ਆਈ।

ਇਹ ਪ੍ਰਦਰਸ਼ਨੀ ਦੋ ਮਹੱਤਵਪੂਰਨ ਬਰਸੀਆਂ ਦੇ ਮੌਕੇ 'ਤੇ ਲਗਾਈ ਗਈ। ਪਹਿਲੀ- ਇੱਕ ਸਾਲ ਪਹਿਲਾਂ ਕਸ਼ਮੀਰ ਵਿੱਚ ਇੱਕ ਹਮਲੇ ਦੌਰਾਨ ਮਾਰੇ ਗਏ 26 ਨਿਰਦੋਸ਼ ਨਾਗਰਿਕਾਂ ਦੀ ਯਾਦ ਵਿੱਚ ਅਤੇ ਦੂਜੀ- 11 ਸਤੰਬਰ ਦੇ ਅੱਤਵਾਦੀ ਹਮਲਿਆਂ ਦੀ 25ਵੀਂ ਬਰਸੀ ਦੇ ਮੌਕੇ 'ਤੇ।

ਭਾਰਤੀ ਰਾਜਦੂਤ ਵਿਨੈ ਮੋਹਨ ਕਵਾਤਰਾ ਨੇ ਕਿਹਾ ਕਿ ਇਹ ਪ੍ਰਦਰਸ਼ਨੀ ਸਿਰਫ਼ ਯਾਦਗਾਰ ਹੀ ਨਹੀਂ, ਸਗੋਂ ਅੱਤਵਾਦ ਦੇ ਖ਼ਤਰੇ ਵਿਰੁੱਧ ਲੜਨ ਦੇ ਦ੍ਰਿੜ ਇਰਾਦੇ ਦਾ ਪ੍ਰਗਟਾਵਾ ਵੀ ਹੈ।

ਪ੍ਰਦਰਸ਼ਨੀ ਵਿੱਚ ਨੀਤੀਆਂ ਨਾਲੋਂ ਜ਼ਿਆਦਾ ਇਨਸਾਨੀ ਜਜ਼ਬਾਤਾਂ ਅਤੇ ਹੱਡ-ਬੀਤੀਆਂ ਦਾ ਜ਼ਿਕਰ ਹੋਇਆ। 9/11 ਵੇਲੇ ਪੈਂਟਾਗਨ ਵਿੱਚ ਮੌਜੂਦ ਜਵਾਨ ਨੇ ਦੱਸਿਆ ਕਿ ਕਿਵੇਂ ਉਸ ਨੇ ਆਪਣੀਆਂ ਅੱਖਾਂ ਸਾਹਮਣੇ ਕੋਰੀਡੋਰਾਂ ਨੂੰ ਅੱਗ ਦੀਆਂ ਲਪਟਾਂ ਵਿੱਚ ਘਿਰਦੇ ਦੇਖਿਆ। ਉਸ ਨੇ 63 ਲਾਸ਼ਾਂ ਨੂੰ ਇਮਾਰਤ ਵਿੱਚੋਂ ਬਾਹਰ ਕੱਢਿਆ ਸੀ। ਅੱਜ 25 ਸਾਲਾਂ ਬਾਅਦ ਵੀ ਉਹ ਗੰਭੀਰ ਸਾਹ ਦੀ ਬਿਮਾਰੀ ਨਾਲ ਜੂਝ ਰਿਹਾ ਹੈ।

ਕਾਂਗਰਸਮੈਨ ਬ੍ਰੈਡ ਸ਼ਰਮਨ ਨੇ ਇੱਕ ਭਾਰਤੀ ਨੇਵੀ ਅਫ਼ਸਰ ਦੀ ਕਹਾਣੀ ਸੁਣਾਈ, ਜੋ ਆਪਣੇ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਸ਼ਹੀਦ ਹੋ ਗਿਆ ਸੀ ਅਤੇ ਉਸ ਦੀ ਪਤਨੀ ਉਸ ਮੌਤ ਦੀ ਗਵਾਹ ਸੀ।

ਕਈ ਪ੍ਰਮੁੱਖ ਅਮਰੀਕੀ ਆਗੂਆਂ ਨੇ ਇਸ ਪ੍ਰਦਰਸ਼ਨੀ ਵਿੱਚ ਹਿੱਸਾ ਲਿਆ ਅਤੇ ਅੱਤਵਾਦ ਵਿਰੁੱਧ ਭਾਰਤ-ਅਮਰੀਕਾ ਸਾਂਝ ਦੀ ਲੋੜ 'ਤੇ ਜ਼ੋਰ ਦਿੱਤਾ। ਸ਼੍ਰੀ ਥਾਣੇਦਾਰ ਨੇ ਕਿਹਾ ਕਿ ਅੱਤਵਾਦ ਨੂੰ ਹਰ ਰੂਪ ਵਿੱਚ ਖ਼ਤਮ ਕਰਨਾ ਹੋਵੇਗਾ ਅਤੇ ਪ੍ਰਵਾਸੀਆਂ ਦੇ ਯੋਗਦਾਨ ਨੂੰ ਸਲਾਹਿਆ। ਰਾਜਾ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਅੱਤਵਾਦ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਜਾਣਾ ਚਾਹੀਦਾ। ਰਿਚ ਮੈਕਕਾਰਮਿਕ ਨੇ ਭਵਿੱਖਬਾਣੀ ਕੀਤੀ ਕਿ ਜੇਕਰ ਭਾਰਤ ਅਤੇ ਅਮਰੀਕਾ ਮਿਲ ਕੇ ਚੱਲਣ, ਤਾਂ ਇਹ ਦੁਨੀਆ ਵਿੱਚ ਸ਼ਾਂਤੀ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰ ਸਕਦਾ ਹੈ। ਜੈਮੀ ਰਸਕਿਨ ਅਤੇ ਬਿਲ ਹੁਈਜ਼ੇਂਗਾ ਨੇ ਖੁਫੀਆ ਜਾਣਕਾਰੀ ਸਾਂਝੀ ਕਰਨ ਅਤੇ ਗਲੋਬਲ ਸਹਿਯੋਗ ਦੀ ਅਹਿਮੀਅਤ ਦੱਸੀ।

ਪ੍ਰਦਰਸ਼ਨੀ ਦੀਆਂ ਕੰਧਾਂ 'ਤੇ ਮੁੰਬਈ, ਨਿਊਯਾਰਕ ਅਤੇ ਕਸ਼ਮੀਰ ਦੇ ਪੀੜਤਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ।  ਰਾਜਦੂਤ ਕਵਾਤਰਾ ਨੇ ਮੁੰਬਈ ਤੋਂ ਪੁਲਵਾਮਾ ਅਤੇ ਨਵੀਂ ਦਿੱਲੀ ਵਿੱਚ ਸੰਸਦ 'ਤੇ ਹੋਏ ਹਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਅਤੇ ਅਮਰੀਕਾ ਇਨ੍ਹਾਂ ਜ਼ਖਮਾਂ ਨੂੰ ਸਹਿਣ ਵਾਲੇ ਇਕੱਲੇ ਦੇਸ਼ ਨਹੀਂ ਹਨ, ਇਹ ਇੱਕ ਵਿਸ਼ਵਵਿਆਪੀ ਚੁਣੌਤੀ ਹੈ। ਸਾਰਜੈਂਟ ਕ੍ਰਿਸ ਬਰਮਨ ਨੇ ਕਿਹਾ ਕਿ ਅੱਤਵਾਦ ਦੀ ਮਨੁੱਖੀ ਕੀਮਤ ਨੂੰ ਪੈਸਿਆਂ ਵਿੱਚ ਨਹੀਂ ਮਾਪਿਆ ਜਾ ਸਕਦਾ।

ਇਸ ਪ੍ਰਦਰਸ਼ਨੀ ਦਾ ਅਸਲ ਮਕਸਦ ਲੋਕਾਂ ਨੂੰ ਇਹ ਅਹਿਸਾਸ ਕਰਵਾਉਣਾ ਸੀ ਕਿ ਅੱਤਵਾਦ ਸਿਰਫ਼ ਇੱਕ ਖ਼ਬਰ ਨਹੀਂ, ਸਗੋਂ ਇੱਕ ਅਜਿਹਾ ਹਾਦਸਾ ਹੈ ਜੋ ਹਮੇਸ਼ਾ ਲਈ ਪਰਿਵਾਰਾਂ ਨੂੰ ਬਦਲ ਦਿੰਦਾ ਹੈ। ਭਾਵੇਂ ਨੇਤਾਵਾਂ ਨੇ ਰਣਨੀਤੀਆਂ ਦੀ ਗੱਲ ਕੀਤੀ, ਪਰ ਹਾਲ ਵਿੱਚ ਗੂੰਜ ਰਹੀ ਇੱਕ 9/11 ਸਰਵਾਈਵਰ ਦੀ ਕੰਬਦੀ ਆਵਾਜ਼ ਨੇ ਸਭ ਤੋਂ ਡੂੰਘਾ ਪ੍ਰਭਾਵ ਛੱਡਿਆ।

Comments

Related