ਐਨਰਜੀ ਸੰਕਟ ਤੋਂ ਸੁਰੱਖਿਆ ਚਿੰਤਾ ਤੱਕ: ਮੱਧ-ਪੂਰਬੀ ਟਕਰਾਅ ਦੀ ਪੂਰੀ ਤਸਵੀਰ / Staff Reporter
ਅਮਰੀਕਾ, ਇਜ਼ਰਾਈਲ ਅਤੇ ਇਰਾਨ ਵਿਚਾਲੇ ਵਧ ਰਹੇ ਤਣਾਅ ਨੇ ਸੰਸਾਰ ਨੂੰ ਇੱਕ ਗੰਭੀਰ ਸੰਕਟ ਦੇ ਕੰਢੇ ’ਤੇ ਲਿਆ ਖੜ੍ਹਾ ਕੀਤਾ ਹੈ। ਮੱਧ-ਪੂਰਬ ਵਿੱਚ ਭੜਕ ਰਹੇ ਇਸ ਟਕਰਾਅ ਨਾਲ ਸੁਰੱਖਿਆ, ਆਰਥਿਕਤਾ ਅਤੇ ਊਰਜਾ ਸਪਲਾਈ ਨਾਲ ਸੰਬੰਧਿਤ ਚਿੰਤਾਵਾਂ ਲਗਾਤਾਰ ਵਧ ਰਹੀਆਂ ਹਨ। ਇੰਡੀਆ ਅਬਰੋਡ ਪੰਜਾਬੀ ਦੇ ਚੀਫ ਐਡੀਟਰ ਡਾ. ਸੁਖਪਾਲ ਸਿੰਘ ਧਨੋਆ ਨੇ ਸਿਖਸ ਆਫ ਅਮਰੀਕਾ ਦੇ ਚੇਅਰਮੈਨ ਡਾ. ਜਸਦੀਪ ਸਿੰਘ ਜੈਸੀ ਨਾਲ ਮੌਜੂਦਾ ਅੰਤਰਰਾਸ਼ਟਰੀ ਹਾਲਾਤਾਂ ’ਤੇ ਵਿਸਥਾਰ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਅਮਰੀਕਾ, ਇਜ਼ਰਾਈਲ ਅਤੇ ਇਰਾਨ ਵਿਚਾਲੇ ਚੱਲ ਰਹੇ ਟਕਰਾਅ ਨੂੰ ਕੇਂਦਰ ਵਿੱਚ ਰੱਖਦਿਆਂ ਇਸ ਦੇ ਵਿਸ਼ਵ ਪੱਧਰੀ ਪ੍ਰਭਾਵਾਂ ’ਤੇ ਚਰਚਾ ਕੀਤੀ ਗਈ।
ਡਾ. ਜੈਸੀ ਨੇ ਕਿਹਾ ਕਿ ਦੁਨੀਆ ਭਰ ਵਿੱਚ ਡਰ ਅਤੇ ਅਸਥਿਰਤਾ ਦਾ ਮਾਹੌਲ ਬਣਿਆ ਹੋਇਆ ਹੈ, ਪਰ ਹਾਲਾਤਾਂ ਨੂੰ ਸਮਝਣ ਲਈ ਸਿਰਫ਼ ਖ਼ਬਰਾਂ ਨਹੀਂ, ਸਗੋਂ ਅਸਲੀ ਅੰਕੜਿਆਂ ਅਤੇ ਤੱਥਾਂ ਨੂੰ ਵੀ ਦੇਖਣ ਦੀ ਲੋੜ ਹੈ। ਉਨ੍ਹਾਂ ਦੇ ਮੁਤਾਬਕ ਮਹਿੰਗਾਈ ਅਤੇ ਐਨਰਜੀ ਸੰਕਟ ਦੀਆਂ ਗੱਲਾਂ ਜ਼ਰੂਰ ਹੋ ਰਹੀਆਂ ਹਨ, ਪਰ ਅਮਰੀਕਾ ਵਿੱਚ ਇਸ ਦਾ ਪ੍ਰਭਾਵ ਉਨ੍ਹਾ ਗੰਭੀਰ ਨਹੀਂ ਹੈ, ਜਿੰਨਾ ਦਿਖਾਇਆ ਜਾ ਰਿਹਾ ਹੈ। ਉਨ੍ਹਾਂ ਨੇ ਉਦਾਹਰਨ ਦਿੰਦਿਆਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਕਾਫੀ ਉਤਰਾ-ਚੜ੍ਹਾਅ ਆਇਆ ਹੈ, ਪਰ ਮੌਜੂਦਾ ਦਰਾਂ ਪਹਿਲਾਂ ਨਾਲੋਂ ਘੱਟ ਹਨ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਜੰਗ ਦੇ ਮੈਦਾਨ ਵਿੱਚ ਚੱਲ ਰਹੀਆਂ ਕਈ ਖ਼ਬਰਾਂ ਅਤੇ ਵੀਡੀਓਜ਼ ਗਲਤ ਜਾਂ ਭ੍ਰਮਿਤ ਕਰਨ ਵਾਲੀਆਂ ਹੋ ਸਕਦੀਆਂ ਹਨ। ਸੋਸ਼ਲ ਮੀਡੀਆ ਦੇ ਯੁੱਗ ਵਿੱਚ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਰਾਹੀਂ ਬਣਾਈਆਂ ਵੀਡੀਓਜ਼ ਅਤੇ ਝੂਠੀਆਂ ਖ਼ਬਰਾਂ ਤੇਜ਼ੀ ਨਾਲ ਫੈਲ ਰਹੀਆਂ ਹਨ, ਜਿਸ ਨਾਲ ਲੋਕਾਂ ਵਿੱਚ ਗਲਤ ਧਾਰਣਾ ਬਣ ਰਹੀ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਮੀਡੀਆ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸੱਚਾਈ ਨੂੰ ਸਾਹਮਣੇ ਲਿਆਏ, ਨਾ ਕਿ ਪ੍ਰੋਪੇਗੰਡਾ ਫੈਲਾਏ।
ਈਰਾਨ ਵਿਰੁੱਧ ਚਲ ਰਹੀ ਜੰਗ ਦੌਰਾਨ ਅਮਰੀਕਾ ਦੀ ਭੂਮਿਕਾ ਬਾਰੇ ਗੱਲ ਕਰਦਿਆਂ ਡਾ. ਜੈਸੀ ਨੇ ਦੱਸਿਆ ਕਿ ਇਸ ਸਮੇਂ ਅਮਰੀਕਾ ਦਾ ਸਥਿਤੀ ’ਤੇ ਪੂਰੀ ਤਰ੍ਹਾਂ ਕੰਟਰੋਲ ਦਿਖਾਈ ਦੇ ਰਿਹਾ ਹੈ। ਅਮਰੀਕੀ ਟੈਕਨੋਲੋਜੀ ਅਤੇ ਡਿਫੈਂਸ ਸਿਸਟਮ ਕਾਫ਼ੀ ਅੱਗੇ ਹਨ, ਜਿਸ ਕਾਰਨ ਵੱਡੀ ਗਿਣਤੀ ਵਿੱਚ ਮਿਜਾਈਲਾਂ ਅਤੇ ਡਰੋਨ ਰੋਕੇ ਜਾ ਰਹੇ ਹਨ। ਉਨ੍ਹਾਂ ਦੇ ਅਨੁਸਾਰ ਇਹ ਜੰਗ ਇੱਕ ਯੋਜਨਾ ਦੇ ਤਹਿਤ ਚੱਲ ਰਹੀ ਹੈ ਅਤੇ ਅਮਰੀਕਾ ਇਸ ਨੂੰ ਰਣਨੀਤਿਕ ਢੰਗ ਨਾਲ ਹੈਂਡਲ ਕਰ ਰਿਹਾ ਹੈ।
ਚਰਚਾ ਦੌਰਾਨ ਨਾਟੋ ਦੇਸ਼ਾਂ ਦੀ ਭੂਮਿਕਾ ’ਤੇ ਵੀ ਸਵਾਲ ਉੱਠੇ , ਜਿਸ 'ਤੇ ਡਾ. ਜੈਸੀ ਨੇ ਕਿਹਾ ਕਿ ਭਾਵੇਂ ਕੁਝ ਦੇਸ਼ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੇ, ਪਰ ਮੱਧ-ਪੂਰਬ ਦੇ ਕਈ ਦੇਸ਼ ਅਮਰੀਕਾ ਦੇ ਨਾਲ ਖੜ੍ਹੇ ਹਨ। ਉਨ੍ਹਾਂ ਨੇ ਦੱਸਿਆ ਕਿ ਸਾਊਦੀ ਅਰਬ, ਯੂਏਈ, ਕਤਰ ਅਤੇ ਹੋਰ ਦੇਸ਼ਾਂ ਨੇ ਮਿਲ ਕੇ ਆਪਣੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਹੈ ਅਤੇ ਉਨ੍ਹਾਂ ਦੀ ਅਮਰੀਕਾ ਨਾਲ ਸਾਂਝ ਹੋਰ ਮਜ਼ਬੂਤ ਹੋਈ ਹੈ।
ਭਾਰਤ ਅਤੇ ਹੋਰ ਏਸ਼ੀਆਈ ਦੇਸ਼ਾਂ ’ਤੇ ਪ੍ਰਭਾਵ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਤੇਲ ਦੀ ਸਪਲਾਈ ’ਤੇ ਅਸਰ ਪੈਣ ਕਾਰਨ ਕੁਝ ਮੁਲਕਾਂ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ। ਖਾਸ ਕਰਕੇ ਭਾਰਤ ਵਿੱਚ ਗੈਸ ਦੀ ਕਮੀ ਅਤੇ ਮਹਿੰਗਾਈ ਦੀਆਂ ਚਿੰਤਾਵਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਇਹਨਾਂ ਦੇਸ਼ਾਂ ਨੂੰ ਆਪਣੀਆਂ ਐਨਰਜੀ ਰਿਜ਼ਰਵ ਸਮਰੱਥਾਵਾਂ ਮਜ਼ਬੂਤ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਅਜਿਹੇ ਸੰਕਟਾਂ ਨਾਲ ਨਜਿੱਠਿਆ ਜਾ ਸਕੇ।
ਅਮਰੀਕਾ ਦੇ ਅੰਦਰੂਨੀ ਸੁਰੱਖਿਆ ਮਾਮਲਿਆਂ ’ਤੇ ਵੀ ਚਿੰਤਾ ਜਾਹਿਰ ਕਰਦਿਆਂ ਡਾ. ਜੈਸੀ ਨੇ ਕਿਹਾ ਕਿ ਬਾਹਰੀ ਖਤਰੇ ਦੇ ਨਾਲ-ਨਾਲ ਅੰਦਰੂਨੀ ਚੁਣੌਤੀਆਂ ਵੀ ਮਹੱਤਵਪੂਰਨ ਹਨ, ਜਿਵੇਂ ਕਿ ਪ੍ਰਦਰਸ਼ਨ, ਅੱਤਵਾਦੀ ਹਮਲੇ ਅਤੇ ਸੁਰੱਖਿਆ ਸੰਬੰਧੀ ਮੁੱਦੇ। ਉਨ੍ਹਾਂ ਕਿਹਾ ਕਿ ਡੈਮੋਕ੍ਰੇਸੀ ਵਿੱਚ ਆਜ਼ਾਦੀ ਦੇ ਨਾਲ-ਨਾਲ ਸੁਰੱਖਿਆ ਦਾ ਸੰਤੁਲਨ ਬਣਾਈ ਰੱਖਣਾ ਵੀ ਜ਼ਰੂਰੀ ਹੈ।
ਜੰਗ ਦੇ ਅੰਤ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਡਾ. ਜੈਸੀ ਨੇ ਕਿਹਾ ਕਿ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ ਅਤੇ ਸੰਭਾਵਨਾ ਹੈ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਕੋਈ ਨਤੀਜਾ ਸਾਹਮਣੇ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਖੇਤਰ ਵਿੱਚ ਸਥਿਰਤਾ ਆ ਸਕਦੀ ਹੈ ਅਤੇ ਦੇਸ਼ ਇਸ ਤਜਰਬੇ ਤੋਂ ਸਿੱਖਿਆ ਲੈਣਗੇ।
ਅੰਤ ਵਿੱਚ ਉਹਨਾਂ ਨੇ ਆਸ ਜਤਾਈ ਕਿ ਜੰਗ ਜਲਦੀ ਖਤਮ ਹੋਵੇ ਅਤੇ ਦੁਨੀਆ ਵਿੱਚ ਅਮਨ ਕਾਇਮ ਹੋਵੇ। ਡਾ. ਜੈਸੀ ਨੇ ਕਿਹਾ ਕਿ ਮਨੁੱਖੀ ਜਾਨਾਂ ਦੀ ਰੱਖਿਆ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ ਅਤੇ ਸਾਰੇ ਦੇਸ਼ਾਂ ਨੂੰ ਮਿਲ ਕੇ ਸ਼ਾਂਤੀ ਵੱਲ ਕਦਮ ਵਧਾਉਣੇ ਚਾਹੀਦੇ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login