ਅਮਰੀਕਾ ਦੀ ਪ੍ਰਮੱਖ ਸਿੱਖ ਸੰਸਥਾ "ਸਿੱਖਜ਼ ਆਫ ਅਮਰੀਕਾ" 4 ਜੁਲਾਈ ਨੂੰ ਰਾਸ਼ਟਰ ਦੀ ਆਜ਼ਾਦੀ ਦੀ ਵਰੇਗੰਡ ਮੌਕੇ ਵਾਸ਼ਿੰਗਟਨ ਡੀ.ਸੀ. ਵਿੱਚ ਹੋਣ ਵਾਲੀ "ਕੌਮੀ ਅਜ਼ਾਦੀ ਦਿਵਸ ਪਰੇਡ" ਵਿੱਚ ਆਪਣੀ ਲਗਾਤਾਰ 11ਵੀਂ ਹਾਜ਼ਰੀ ਲਵਾਉਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਭਾਵੇਂ ਅਮਰੀਕਾ ਦੇ ਅਜ਼ਾਦੀ ਦਿਵਸ ਦੇ ਅਜਿਹੇ ਜਸ਼ਨ ਪੂਰੇ ਅਮਰੀਕਾ ਵਿੱਚ ਹੁੰਦੇ ਹਨ ਪਰ ਅਮਰੀਕਾ ਦੀ ਰਾਜਧਾਨੀ ਵਿੱਚ ਆਯੋਜਿਤ ਹੋਣ ਵਾਲੀ ਇਹ ਪਰੇਡ ਇੱਕ ਇਤਿਹਾਸਕ ਮਹੱਤਵ ਦੀ ਧਾਰਨੀ ਹੈ ਜਿਸ ਦਾ ਵਾਸ਼ਿੰਗਟਨ ਡੀਸੀ ਵਿੱਚ ਅਤੇ ਮੀਡੀਏ ਰਾਹੀਂ ਲੱਖਾਂ ਲੋਕ ਆਨੰਦ ਮਾਣਦੇ ਹਨ।
ਇਸ ਸਾਲ ਵੀ, ਸਿੱਖ ਭਾਈਚਾਰਾ ਰੰਗ-ਬਿਰੰਗੇ ਪਹਿਰਾਵੇ, ਸੰਗੀਤ ਅਤੇ ਸਭਿਆਚਾਰਕ ਮਾਣ ਨਾਲ ਰਾਜਧਾਨੀ ਦੀ ਇਸ ਪ੍ਰੇਡ ਵਿੱਚ ਹਿੱਸਾ ਲਏਗਾ। ਹਿੱਸਾ ਲੈਣ ਵਾਲੇ ਸਿੱਖ ਰਵਾਇਤੀ ਰੰਗੀਨ ਪੱਗਾਂ, ਚਿੱਟੇ ਕਮੀਜ਼, ਅਮਰੀਕੀ ਤਾਰਿਆਂ ਵਾਲੀਆਂ ਟਾਈਆਂ ਜਾਂ ਟੀ-ਸ਼ਰਟਾਂ ਵਿੱਚ, ਅਮਰੀਕੀ ਅਤੇ ਸਿੱਖ ਝੰਡਿਆਂ ਨਾਲ ਰਾਸ਼ਟਰੀ ਪ੍ਰੇਡ ਵਿਚ ਮਾਣ ਨਾਲ ਮਾਰਚ ਕਰਨਗੇ। ਇੱਕ ਵਿਸ਼ੇਸ਼ ਫਲੋਟ ਵੀ ਨਾਲ ਹੋਵੇਗਾ, ਜਿਸ ਤੇ ਐਲਡੀ ਸਕਰੀਨਾਂ ਤੇ ਸਿੱਖਾਂ ਦੇ ਅਮਰੀਕਾ ਵਿੱਚ ਵਿਕਾਸ ਯੋਗਦਾਨ ਨੂੰ ਦਰਸਾਇਆ ਜਾਵੇਗਾ। ਭੰਗੜਾ ਟੀਮਾਂ ਵਲੋਂ ਢੋਲ ਦੀ ਤਾਲ ਤੇ ਜੋਸ਼ ਭਰਿਆ ਪ੍ਰਦਰਸ਼ਨ, ਪੰਜਾਬੀ ਸਭਿਆਚਾਰ ਦੀ ਚਮਕ ਅਤੇ ਸਿੱਖ ਅਮਰੀਕੀਆਂ ਦੇ ਦੇਸ਼ਭਗਤੀ ਦੇ ਜਜ਼ਬੇ ਨੂੰ ਪੇਸ਼ ਕੀਤਾ ਜਾਵੇਗਾ।
"ਸਿੱਖਜ਼ ਆਫ ਅਮਰੀਕਾ" ਦੀ ਪਰੇਡ ਵਿੱਚ ਲਗਾਤਾਰ ਭਾਗੀਦਾਰੀ ਸਿਰਫ਼ ਅਮਰੀਕੀ ਆਜ਼ਾਦੀ ਦਾ ਜਸ਼ਨ ਨਹੀਂ, ਬਲਕਿ ਸਿੱਖ ਭਾਈਚਾਰੇ ਦੇ ਅਮਰੀਕੀ ਸਮਾਜ ਵਿੱਚ ਰਚੇ ਹੋਣ ਅਤੇ ਉਸ ਦੇ ਯੋਗਦਾਨ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ। ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਸੰਸਥਾ, ਇਹ ਮੰਚ ਵਰਤ ਕੇ ਸੱਭਿਆਚਾਰਿਕ ਸੂਝ-ਬੂਝ ਨੂੰ ਵਧਾਉਣ ਅਤੇ ਸਿੱਖ ਧਰਮ ਦੀ ਪਛਾਣ ਬਾਰੇ ਭਰਮਾਂ ਨੂੰ ਤੋੜਣ ਲਈ ਕੰਮ ਕਰ ਰਹੀ ਹੈ।
ਸਿੱਖਸ ਆਫ਼ ਅਮਰੀਕਾ ਦੇ ਚੇਅਰਮੈਨ ਡਾ. ਜਸਦੀਪ ਸਿੰਘ ਜੈਸੀ ਨੇ ਕਿਹਾ, "ਅਸੀਂ ਹਰ ਸਾਲ ਮਾਰਚ ਕਰਦੇ ਹਾਂ ਤਾਂ ਜੋ ਇਹ ਦੱਸ ਸਕੀਏ ਕਿ ਸਿੱਖ ਹੋਣਾ ਅਤੇ ਅਮਰੀਕੀ ਹੋਣਾ ਵੱਖ-ਵੱਖ ਨਹੀਂ, ਸਗੋਂ ਅਟੁੱਟ ਜੋੜ ਹੈ। ਅਤੇ ਸਿੱਖ 4 ਜੁਲਾਈ ਨੂੰ ਅਮਰੀਕੀਆਂ ਦੇ ਨਾਲ ਖੜੇ ਹੋ ਕੇ ਆਜ਼ਾਦੀ, ਵਿੰਭਿਨਤਾ ਅਤੇ ਏਕਤਾ ਦਾ ਜਸ਼ਨ ਮਨਾਉਂਦੇ ਹਨ।"
ਆਯੋਜਕਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ "ਇਹ ਸ਼ਮੂਲੀਅਤ ਵਿਅਕਤੀਗਤ ਆਜ਼ਾਦੀ ਦਾ ਜਸ਼ਨ ਵੀ ਹੈ ਅਤੇ ਵਿਭਿੰਨਤਾ ਦੀ ਪੂਰੀ ਮਾਣਤਾ ਵੀ"। ਜਿਵੇਂ ਕਿ ਹਾਲੀਆਂ ਸਾਲਾਂ ਵਿੱਚ ਨਫ਼ਰਤ-ਅਧਾਰਤ ਹਮਲਿਆਂ ਅਤੇ ਪੱਖਪਾਤ ਵਾਲੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ, ਐਸੇ ਵਿੱਚ ਅਜਿਹੇ ਮਹੱਤਵਪੂਰਨ ਸਮਾਰੋਹ ਵਿੱਚ ਸਿੱਖ ਅਮਰੀਕੀਆਂ ਦੀ ਨਜ਼ਰਅੰਦਾਜ਼ ਨਾ ਕੀਤੀ ਜਾ ਸਕਣ ਵਾਲੀ ਮੌਜੂਦਗੀ ਮਹੱਤਵ ਰੱਖਦੀ ਹੈ।
ਸੰਸਥਾ ਸਿੱਖ ਕਦਰਾਂ-ਕੀਮਤਾਂ ਨੂੰ ਪ੍ਰਚਾਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ ਜਿਵੇਂ ਕਿ ਸੇਵਾ, ਬਰਾਬਰੀ ਅਤੇ ਧਾਰਮਿਕ ਆਜ਼ਾਦੀ, ਜੋ ਅਮਰੀਕੀ ਲੋਕਤੰਤਰ ਦੇ ਆਦਰਸ਼ਾਂ ਨਾਲ ਕਾਫੀ ਮਿਲਦੇ ਹਨ। ਇਨ੍ਹਾਂ ਸਾਲਾਂ ਦੌਰਾਨ, "ਸਿੱਖਜ਼ ਆਫ ਅਮਰੀਕਾ" ਵਲੋਂ ਪਬਲਿਕ ਸਰਵਿਸ ਕਰਦੇ ਸਿੱਖ ਅਮਰੀਕੀ ਨਾਗਰਿਕਾਂ ਜਿਵੇਂ ਕਿ ਟੈਕਸਾਸ ਦੇ ਸਵਰਗੀ ਸ਼ਹੀਦ ਡਿਪਟੀ ਸੰਦੀਪ ਸਿੰਘ ਧਾਲੀਵਾਲ ਨੂੰ ਵੀ ਸਾਲ 2015 ਵਿੱਚ ਵਿਸ਼ੇਸ਼ ਸੱਦੇ ਉੱਪਰ ਬੁਲਾ ਕੇ ਪਰੇਡ ਵਿੱਚ ਉਸਦੇ ਜਜਬੇ ਅਤੇ ਕੁਰਬਾਨੀ ਲਈ ਸਨਮਾਨਿਤ ਕੀਤਾ ਗਿਆ ਸੀ।
ਸਿੱਖਸ ਆਫ ਅਮਰੀਕਾ ਨੇ ਪਰਿਵਾਰਾਂ, ਸਮਰਥਕਾਂ ਅਤੇ ਵੱਡੇ ਭਾਈਚਾਰੇ ਦੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰੇਡ ਵਿੱਚ ਸ਼ਾਮਿਲ ਹੋਣ ਜਾਂ ਸ਼ਾਮਿਲ ਹੋਣ ਵਾਲਿਆਂ ਦੀ ਹੌਸਲਾ ਅਫਜ਼ਾਈ ਕਰਨ ਜਰੂਰ ਆਉਣ।
ਮਜ਼ਬੂਤ ਭਾਈਚਾਰੇ ਦੀ ਰੂਹ ਅਤੇ ਸਭਿਆਚਾਰਕ ਮਾਣ ਨਾਲ, "ਸਿੱਖਜ਼ ਆਫ ਅਮਰੀਕਾ" ਦੀ 11ਵੀਂ ਹਾਜ਼ਰੀ ਅਮਰੀਕੀ ਕਹਾਣੀ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਹੋਰ ਵੀ ਮਜ਼ਬੂਤ ਕਰੇਗੀ ਅਤੇ ਸਿੱਖਾਂ ਸਭਿਆਚਾਰ ਦੇ ਪ੍ਰਚਾਰ ਦਾ ਸਾਧਨ ਵੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login