ADVERTISEMENT

ADVERTISEMENT

ਸਿੱਖਸ ਆਫ਼ ਅਮਰੀਕਾ ਦੇ ਚੈਅਰਮੈਨ ਡਾ. ਜਸਦੀਪ ਸਿੰਘ ਜੈਸੀ ਐਨ.ਸੀ.ਏ.ਆਈ.ਏ ‘ਲਾਈਫਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ

ਐਨ.ਸੀ.ਏ.ਆਈ.ਏ ਨੇ ਆਪਣੇ 20 ਸਾਲਾਂ ਦੇ ਸਫ਼ਰ ਦਾ ਮਨਾਇਆ ਜਸ਼ਨ

 ਸਿੱਖਸ ਆਫ਼ ਅਮਰੀਕਾ ਦੇ ਚੇਅਰਮੈਨ ਡਾ. ਜਸਦੀਪ ਸਿੰਘ ਜੈਸੀ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਸਿੱਖਸ ਆਫ਼ ਅਮਰੀਕਾ ਦੇ ਚੇਅਰਮੈਨ ਡਾ. ਜਸਦੀਪ ਸਿੰਘ ਜੈਸੀ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ / Provided

ਅਮਰੀਕਾ ਵਿੱਚ ਸਿੱਖ ਭਾਈਚਾਰੇ ਦੀ ਪ੍ਰਮੁੱਖ ਸੰਸਥਾ ‘ਸਿੱਖਸ ਆਫ਼ ਅਮੈਰਿਕਾ’ ਦੇ ਸੰਸਥਾਪਕ ਅਤੇ ਚੇਅਰਮੈਨ ਡਾ. ਜਸਦੀਪ ਸਿੰਘ ਜੈਸੀ ਨੂੰ ਨੈਸ਼ਨਲ ਕਾਊਂਸਿਲ ਆਫ਼ ਏਸ਼ੀਅਨ ਇੰਡੀਅਨ ਐਸੋਸੀਏਸ਼ਨ (ਐਨ.ਸੀ.ਏ.ਆਈ.ਏ) ਵੱਲੋਂ ਆਪਣੀ 20ਵੀਂ ਵਰ੍ਹੇਗੰਢ ਦੇ ਅਵਸਰ 'ਤੇ ਵੱਕਾਰੀ ‘ਲਾਈਫਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਉਹਨਾਂ ਨੂੰ ਮੈਰੀਲੈਂਡ ਵਿੱਚ ਆਯੋਜਿਤ ਇੱਕ ਬਹੁਤ ਸ਼ਾਨਦਾਰ ਸਮਾਰੋਹ ਦੌਰਾਨ ਪ੍ਰਦਾਨ ਕੀਤਾ ਗਿਆ, ਜਿੱਥੇ ਐਨ.ਸੀ.ਏ.ਆਈ.ਏ ਸੰਸਥਾ ਨੇ ਆਪਣੇ 20 ਸਾਲਾਂ ਦੇ ਸੇਵਾ, ਏਕਤਾ ਅਤੇ ਸਸ਼ਕਤੀਕਰਨ ਦੇ ਗੌਰਵਸ਼ਾਲੀ ਸਫ਼ਰ ਦਾ ਜਸ਼ਨ ਵੀ ਮਨਾਇਆ। ਇਸ ਵਿਸ਼ੇਸ਼ ਅਤੇ ਵੱਕਾਰੀ ਸਮਾਰੋਹ ਵਿੱਚ ਭਾਈਚਾਰੇ ਦੇ ਉੱਘੇ ਆਗੂ, ਸੱਭਿਆਚਾਰਕ ਕਲਾਕਾਰ, ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿੱਚ ਏਸ਼ੀਆਈ ਭਾਰਤੀ ਭਾਈਚਾਰੇ ਦੇ ਮੈਂਬਰ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ਦੀਪ ਮਾਲਾ ਕਰਕੇ ਹੋਈ, ਜਿਸ ਤੋਂ ਬਾਅਦ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚ ਭਾਰਤੀ ਸ਼ਾਸਤਰੀ ਨ੍ਰਿਤ, ਸੰਗੀਤ ਅਤੇ ਲੋਕ ਨਾਚ ਮੁੱਖ ਖਿੱਚ ਦਾ ਕੇਂਦਰ ਰਹੇ ਅਤੇ ਇਸ ਨੇ ਸਮਾਗਮ ਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ।

 

ਸਮਾਰੋਹ ਦੀਆਂ ਝਲਕੀਆਂ / Provided

ਸਮਾਰੋਹ ਦੌਰਾਨ ਐਨ.ਸੀ.ਏ.ਆਈ.ਏ ਦੇ ਅਹੁਦੇਦਾਰਾਂ ਨੇ ਡਾ. ਜਸਦੀਪ ਸਿੰਘ ਜੈਸੀ ਦੇ ਰਾਜਨੀਤਿਕ ਅਤੇ ਭਾਈਚਾਰਕ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨਾਂ ਨੇ ਪ੍ਰਵਾਸੀ ਭਾਰਤੀਆਂ, ਵਿਸ਼ੇਸ਼ ਤੌਰ 'ਤੇ ਸਿੱਖ ਭਾਈਚਾਰੇ ਨੂੰ ਮੁੱਖ ਧਾਰਾ ਨਾਲ ਜੋੜਨ ਲਈ ਅਣਥੱਕ ਮਿਹਨਤ ਕੀਤੀ ਹੈ। ਨੌਜਵਾਨਾਂ ਨੂੰ ਲੀਡਰਸ਼ਿਪ ਲਈ ਪ੍ਰੇਰਿਤ ਕਰਨ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਉਹਨਾਂ ਨੇ ਕਈ ਅਹਿਮ ਉਪਰਾਲੇ ਸ਼ੁਰੂ ਕੀਤੇ ਹਨ। ਉਨਾਂ ਦੀ ਯੋਗ ਅਗਵਾਈ ਹੇਠ ਸੰਸਥਾ ਨੇ ਪਿਛਲੇ 20 ਸਾਲਾਂ ਵਿੱਚ ਸਮਾਜਿਕ ਜਾਗਰੂਕਤਾ, ਨਾਗਰਿਕ ਭਾਈਵਾਲੀ ਅਤੇ ਸਮਾਜਿਕ ਨਿਆਂ ਦੇ ਖੇਤਰ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸ਼ਲਾਘਾਯੋਗ ਕੰਮ ਕੀਤੇ ਹਨ। ਐਨ.ਸੀ.ਏ ਦੇ ਪ੍ਰਬੰਧਕਾਂ ਨੇ ਆਪਣੀ ਸੰਸਥਾ ਦੀ ਇਸ ਸ਼ਾਨਦਾਰ ਸਫਲਤਾ ਅਤੇ 20 ਸਾਲਾਂ ਦੇ ਇਤਿਹਾਸਕ ਸਫ਼ਰ ਦਾ ਸਿਹਰਾ ਵੀ ਡਾ. ਜਸਦੀਪ ਸਿੰਘ ਜੈਸੀ ਸਣੇ ਉਨਾਂ ਸਾਰੇ ਵਲੰਟੀਅਰਾਂ, ਸਮਰਥਕਾਂ ਅਤੇ ਭਾਈਚਾਰੇ ਦੇ ਮੈਂਬਰਾਂ ਨੂੰ ਦਿੱਤਾ, ਜਿਨ੍ਹਾਂ ਨੇ ਇਸ ਯਾਤਰਾ ਨੂੰ ਸਫ਼ਲ ਬਣਾਉਣ ਵਿੱਚ ਆਪਣਾ ਦਿਨ-ਰਾਤ ਯੋਗਦਾਨ ਪਾਇਆ ਹੈ।

 

ਜ਼ਿਕਰਯੋਗ ਹੈ ਕਿ ਡਾ. ਜਸਦੀਪ ਸਿੰਘ ਜੈਸੀ ਲੰਮੇ ਸਮੇਂ ਤੋਂ ਅਮਰੀਕਾ ਵਿੱਚ ਸਿੱਖ ਕੌਮ ਅਤੇ ਸਮਾਜ ਦੀ ਬਿਹਤਰੀ ਲਈ ਨਿਰੰਤਰ ਕਾਰਜਸ਼ੀਲ ਹਨ ਅਤੇ ਉਹਨਾਂ ਨੂੰ ਭਾਈਚਾਰੇ ਦੇ ਇੱਕ ਵੱਡੇ ਪ੍ਰੇਰਨਾ ਸਰੋਤ ਵਜੋਂ ਦੇਖਿਆ ਜਾਂਦਾ ਹੈ। ‘ਸਿੱਖਸ ਆਫ਼ ਅਮੈਰਿਕਾ’ ਦੇ ਸਫਲ ਅਤੇ ਸੁਯੋਗ ਮੁਖੀ ਵਜੋਂ ਉਨਾਂ ਨੇ ਇਸ ਸੰਸਥਾ ਦੀ ਅਗਵਾਈ ਕਰਦਿਆਂ ਅਮਰੀਕਾ ਵਿੱਚ ਸਿੱਖਾਂ ਦੀ ਇੱਕ ਮਜ਼ਬੂਤ ਪਛਾਣ ਸਥਾਪਿਤ ਕੀਤੀ ਹੈ। ਉਹ ਸਮਾਜਿਕ ਸੇਵਾ, ਭਾਈਚਾਰਕ ਏਕਤਾ ਅਤੇ ਨੌਜਵਾਨਾਂ ਦੇ ਸਸ਼ਕਤੀਕਰਨ ਦੇ ਬਹੁਤ ਵੱਡੇ ਸਮਰਥਕ ਹਨ। ਇਸ ਤੋਂ ਇਲਾਵਾ ਸਿੱਖਿਆ, ਸਿਹਤ, ਨਸ਼ਾ ਮੁਕਤੀ, ਆਫ਼ਤ ਰਾਹਤ ਅਤੇ ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਉਹਨਾਂ ਦਾ ਮਾਨਵਤਾਵਾਦੀ ਯੋਗਦਾਨ ਬੇਮਿਸਾਲ ਰਿਹਾ ਹੈ। ਉਨਾਂ ਨੇ ਵੱਖ-ਵੱਖ ਧਰਮਾਂ ਅਤੇ ਭਾਈਚਾਰਿਆਂ ਵਿੱਚ ਆਪਸੀ ਸਾਂਝ, ਅੰਤਰ-ਧਰਮ ਸਦਭਾਵਨਾ ਅਤੇ ਸਮਾਜਿਕ ਨਿਆਂ ਨੂੰ ਉਤਸ਼ਾਹਿਤ ਕਰਨ ਵਿੱਚ ਹਮੇਸ਼ਾ ਮੋਹਰੀ ਅਤੇ ਸਰਗਰਮ ਭੂਮਿਕਾ ਨਿਭਾਈ ਹੈ।

ਡਾ. ਜਸਦੀਪ ਸਿੰਘ ਜੈਸੀ ਸਮਾਰੋਹ ਦੌਰਾਨ ਸੰਬੋਧਨ ਕਰਦੇ ਹੋਏ / Provided

 

ਇਸ ਵੱਕਾਰੀ ਸਨਮਾਨ ਨੂੰ ਹਾਸਲ ਕਰਨ ਤੋਂ ਬਾਅਦ ਡਾ. ਜਸਦੀਪ ਸਿੰਘ ਜੈਸੀ ਨੇ ਭਾਵੁਕ ਅਲਫ਼ਾਜ਼ਾਂ ਜ਼ਰੀਏ ਸੰਸਥਾ ਅਤੇ ਸਾਰੇ ਹਾਜ਼ਰੀਨ ਦਾ ਦਿਲੋਂ ਧੰਨਵਾਦ ਕੀਤਾ। ਉਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਸਨਮਾਨ ਕੇਵਲ ਉਨਾਂ ਦਾ ਨਿੱਜੀ ਸਨਮਾਨ ਨਹੀਂ ਹੈ, ਬਲਕਿ ਪੂਰੇ ਸਿੱਖ ਭਾਈਚਾਰੇ ਅਤੇ ਉਨਾਂ ਦੀ ਸਮੁੱਚੀ ਟੀਮ ਦੇ ਅਣਥੱਕ ਯਤਨਾਂ ਨੂੰ ਸਮਰਪਿਤ ਹੈ। ਉਨਾਂ ਅੱਗੇ ਕਿਹਾ ਕਿ ਇਹ ਪੁਰਸਕਾਰ ਉਹਨਾਂ ਨੂੰ ਭਵਿੱਖ ਵਿੱਚ ਹੋਰ ਵੀ ਵੱਧ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੰਦਾ ਹੈ ਅਤੇ ਉਹ ਸਾਰੇ ਮਿਲ ਕੇ ਸਮਾਜ ਸੇਵਾ, ਆਪਸੀ ਏਕਤਾ ਅਤੇ ਮਾਨਵਤਾ ਦੇ ਭਲੇ ਲਈ ਹਮੇਸ਼ਾ ਨਿਰੰਤਰ ਕਾਰਜ ਕਰਦੇ ਰਹਿਣਗੇ। ਇਸ ਮੌਕੇ ‘ਸਿੱਖਸ ਆਫ਼ ਅਮੈਰਿਕਾ’ ਦੇ ਪ੍ਰਧਾਨ ਕੰਵਲਜੀਤ ਸਿੰਘ ਸੋਨੀ ਅਤੇ ਉੱਪ ਪ੍ਰਧਾਨ ਬਲਜਿੰਦਰ ਸਿੰਘ ਵੀ ਉਚੇਚੇ ਤੌਰ ‘ਤੇ ਮੌਜੂਦ ਸਨ।

Comments

Related