ਸਿੱਖ ਕੌਮ ਦੇ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਦਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ।
ਇਸੇ ਦੌਰਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੇ ਕਥਾਵਾਚਕ ਭਾਈ ਵਿਸ਼ਾਲ ਸਿੰਘ ਨੇ ਸੰਗਤ ਨੂੰ ਸਰਦਾਰ ਹਰੀ ਸਿੰਘ ਨਲਵਾ ਦੇ ਜੀਵਨ ਇਤਿਹਾਸ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਨੇ ਆਪਣੀ ਬਹਾਦਰੀ ਨਾਲ ਦੁਨੀਆਂ ਵਿਚ ਲੋਹਾ ਮਨਵਾਇਆ ਅਤੇ ਦਰਾ ਖੈਬਰ ਤੱਕ ਜਿੱਤਾਂ ਪ੍ਰਾਪਤ ਕੀਤੀਆਂ।
ਉਨ੍ਹਾਂ ਕਿਹਾ ਕਿ ਸਰਦਾਰ ਹਰੀ ਸਿੰਘ ਨਲਵਾ ਦਾ ਸਿੱਖ ਰਾਜ ਦੀ ਸਥਾਪਤੀ ਲਈ ਵਿਸ਼ੇਸ਼ ਯੋਗਦਾਨ ਸੀ। ਉਨ੍ਹਾਂ ਸਿੱਖ ਜਰਨੈਲ ਦੇ ਜੀਵਨ ਤੋਂ ਸੇਧ ਲੈਣ ਦੀ ਪ੍ਰੇਰਣਾ ਕੀਤੀ। ਇਸ ਮੌਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਢਾਡੀ, ਕਵੀਸ਼ਰ ਜਥਿਆਂ ਵੱਲੋਂ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ ਗਿਆ।
ਕੌਣ ਸਨ ਹਰੀ ਸਿੰਘ ਨਲਵਾ
ਜਰਨੈਲ ਹਰੀ ਸਿੰਘ ਨਲਵਾ ਸਿੱਖੀ ਤੇ ਸਿੱਖ ਰਾਜ ਦਾ ਗੌਰਵ ਹੈ। ਸੱਤ ਸਾਲ ਦੀ ਉਮਰ ਵਿਚ ਪਿਤਾ ਦਾ ਸਾਇਆ ਸਿਰ ਤੋਂ ਉਠ ਗਿਆ ਅਤੇ ਮਾਮੇ ਕੋਲ ਰਹਿ ਕੇ ਬਚਪਨ ਬਿਤਾਇਆ। ਪੰਜਾਬੀ ਤੇ ਫ਼ਾਰਸੀ ਤੋਂ ਇਲਾਵਾ ਸ਼ਸਤਰ ਵਿੱਦਿਆ ਵਿਚ ਨਿਪੁੰਨ ਬਣਿਆ।1805 ਈ. ਬਸੰਤ ਦੇ ਮੇਲੇ ਉਤੇ ਸ. ਹਰੀ ਸਿੰਘ ਨਲਵਾ ਨੇ ਤੇਗ ਤੇ ਘੋੜ-ਸਵਾਰੀ ਦੇ ਅਜਿਹੇ ਜੌਹਰ ਵਿਖਾਏ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਸੈਨਾ ਵਿਚ ਚੋਣ ਕਰ ਲਈ।” ਇਕ ਵਾਰ ਮਹਾਰਾਜੇ ਨਾਲ ਸ਼ਿਕਾਰ ਤੇ ਗਏ ਹਰੀ ਸਿੰਘ ਨੇ ਸ਼ੇਰ ਦਾ ਸ਼ਿਕਾਰ ਕੀਤਾ। ਇਸ ਦੀ ਬਹਾਦਰੀ ਵੇਖ ਕੇ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨੂੰ 'ਨਲ ਖ਼ਿਤਾਬ ਦਿੱਤਾ ਕਿਉਂਕਿ ਰਾਜਾ ਨਲ ਵੀ ਅਜਿਹੀ ਬਹਾਦਰੀ ਨਾਲ ਸ਼ੇਰ ਦਾ ਸ਼ਿਕਾਰ ਕਰਦਾ ਹੁੰਦਾ ਸੀ।
ਹਰੀ ਸਿੰਘ ਨਲਵਾ ਨੇ ਕਸੂਰ ਦੀ ਜੰਗ, ਸਿਆਲਕੋਟ ਦੀ ਜੰਗ, ਮੁਲਤਾਨ ਦੀ ਮੁਹਿੰਮ ਵਿੱਚ ਭਾਗ ਲਿਆ। ਹਜ਼ਰੋ ਵਿਚ ਪਠਾਣਾਂ ਨਾਲ ਯੁੱਧ ਕੀਤਾ ਅਤੇ 1815 ਈ. ਵਿਚ ਕਸ਼ਮੀਰ ਦਾ ਇਲਾਕਾ ਜਿੱਤਿਆ। 1834 ਈ. ਵਿਚ ਪਿਸ਼ਾਵਰ ਨੂੰ ਜਿੱਤ ਕੇ ਉੱਥੇ ਸਿੱਖ ਰਾਜ ਕਾਇਮ ਕੀਤਾ।
1837 ਈ. ਵਿਚ ਦੋਸਤ ਮੁਹੰਮਦ ਖਾਨ ਨੇ ਸਿੱਖਾਂ ਵਿਰੁੱਧ ਜਿਹਾਦ ਖੜ੍ਹਾ ਕਰਦਿੱਤਾ ਅਤੇ ਜਮਰੋਦ ਕਿਲ੍ਹੇ ਤੇ ਹਮਲਾ ਕਰ ਦਿੱਤਾ। ਹਰੀ ਸਿੰਘ ਨਲਵਾ ਕੋਲ ਜਮਰੋਦ ਦੇ ਕਿਲ੍ਹੇ ਦੀ ਕਮਾਨ ਸੀ।ਹਰੀ ਸਿੰਘ ਨਲਵਾ ਨੇ ਅਕਬਰ ਖਾਨ ਨੂੰ ਹਰਾ ਕੇ ਉਸ ਦੀਆਂ ੧੪ ਤੋਪਾਂ ਖੋਹ ਲਈਆਂ।ਉਨ੍ਹਾਂ ਦਾ ਪਿੱਛਾ ਕਰਦੇ ਸਮੇਂ ਇਕ ਗੁਫਾ ਵਿਚ ਲੁਕੇ ਕੁਝ ਪਠਾਣਾਂ ਨੇ ਗੋਲੀਆਂ ਦਾਗੀਆਂ। ਇਕ ਗੋਲੀ ਹਰੀ ਸਿੰਘ ਨਲਵਾ ਦੀ ਛਾਤੀ ਤੇ ਦੂਜੀ ਗੋਲੀ ਵੱਖੀ ਵਿਚ ਵੱਜੀ। ਸਰਦਾਰ ਹਰੀ ਸਿੰਘ ਜ਼ਖ਼ਮੀ ਹਾਲਤ ਵਿਚ ਵਾਪਸ ਜਮਰੋਦ ਦੇ ਕਿਲ੍ਹੇ ਵਿਚ ਆ ਗਿਆ ਜਿੱਥੇ 30 ਅਪਰੈਲ, 1837 ਈ. ਵਾਲੇ ਦਿਨ ਹਰੀ ਸਿੰਘ ਨਲਵਾ ਚੜ੍ਹਾਈ ਕਰ ਗਿਆ।
ਇਸ ਜਰਨੈਲ ਦੀ ਮੌਤ 'ਤੇ ਖ਼ੁਦ ਮਹਾਰਾਜਾ ਰਣਜੀਤ ਸਿੰਘ ਦੀਆਂ ਅੱਖਾਂ ਵਿਚ ਪਾਣੀ ਆ ਗਿਆ ਸੀ ਤੇ ਮਹਾਰਾਜਾ ਨੇ ਕਿਹਾ ਕਿ “ਅੱਜ ਖ਼ਾਲਸਾ ਰਾਜ ਦੇ ਕਿਲ੍ਹੇ ਦਾ ਭਾਰੀ ਬੁਰਜ ਢਹਿ ਗਿਆ ਹੈ, ਮੇਰੇ ਬਹਾਦਰ ਤੇ ਸੁਘੜ ਸਿਆਣੇ ਸਰਦਾਰ ਹਰੀ ਸਿੰਘ ਦਾ ਵਿਛੋੜਾ ਮੇਰੇ ਲਈ ਅਸਹਿ ਹੈ।”
Comments
Start the conversation
Become a member of New India Abroad to start commenting.
Sign Up Now
Already have an account? Login