ADVERTISEMENT

ADVERTISEMENT

RCB ਨੇ GT ਨੂੰ 92 ਦੌੜਾਂ ਨਾਲ ਹਰਾਕੇ ਲਗਾਤਾਰ ਦੂਜੀ ਵਾਰ IPL ਫਾਈਨਲ ਵਿੱਚ ਬਣਾਈ ਜਗ੍ਹਾ

ਰਜਤ ਪਟੀਦਾਰ ਦੀ ਧਮਾਕੇਦਾਰ 93 ਦੌੜਾਂ ਦੀ ਪਾਰੀ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਬੈਂਗਲੁਰੂ ਨੇ ਬਣਾਇਆ ਪਲੇਆਫ਼ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ

 ਰਾਇਲ ਚੈਲੇਂਜਰਜ਼ ਬੰਗਲੁਰੂ ਦੇ ਖਿਡਾਰੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2026 ਕੁਆਲੀਫਾਇਰ 1 ਮੈਚ ਵਿੱਚ ਆਪਣੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਰਾਇਲ ਚੈਲੇਂਜਰਜ਼ ਬੰਗਲੁਰੂ ਦੇ ਖਿਡਾਰੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2026 ਕੁਆਲੀਫਾਇਰ 1 ਮੈਚ ਵਿੱਚ ਆਪਣੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ / ਆਈ.ਏ.ਐਨ.ਐਸ

ਰੌਇਲ ਚੈਲੇਂਜਰਜ਼ ਬੈਂਗਲੁਰੂ (RCB) ਨੇ IPL 2026 ਦੇ ਪਲੇਆਫ਼ ਮੁਕਾਬਲੇ ਵਿੱਚ ਗੁਜਰਾਤ ਟਾਈਟਨਜ਼ (GT) ਨੂੰ 92 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੇ ਸੀਜ਼ਨ ਲਈ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ RCB ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 254/5 ਦਾ ਵਿਸ਼ਾਲ ਸਕੋਰ ਬਣਾਇਆ, ਜੋ IPL ਪਲੇਆਫ਼ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਬਣ ਗਿਆ।

 

255 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਗੁਜਰਾਤ ਟਾਈਟਨਜ਼ ਦੀ ਟੀਮ ਸ਼ੁਰੂ ਤੋਂ ਹੀ ਦਬਾਅ ਹੇਠ ਨਜ਼ਰ ਆਈ। ਸਾਈ ਸੁਦਰਸ਼ਨ 14 ਦੌੜਾਂ ਬਣਾਕੇ ਇੱਕ ਅਜੀਬ ਤਰੀਕੇ ਨਾਲ ਆਊਟ ਹੋਏ, ਜਦੋਂ ਸ਼ਾਟ ਖੇਡਦੇ ਸਮੇਂ ਉਨ੍ਹਾਂ ਦਾ ਬੱਲਾ ਹੱਥੋਂ ਛੁੱਟ ਕੇ ਸਟੰਪਾਂ ਨਾਲ ਟਕਰਾ ਗਿਆ। ਇਸ ਤੋਂ ਬਾਅਦ ਭੁਵਨੇਸ਼ਵਰ ਕੁਮਾਰ ਨੇ ਕਪਤਾਨ ਸ਼ੁਭਮਨ ਗਿੱਲ ਨੂੰ ਸਿਰਫ਼ 2 ਦੌੜਾਂ ‘ਤੇ ਬੋਲਡ ਕਰ ਦਿੱਤਾ।

 

ਜੋਸ ਬਟਲਰ ਨੇ ਤੇਜ਼ 29 ਦੌੜਾਂ ਬਣਾਕੇ ਹਮਲਾਵਰ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਜੋਸ਼ ਹੇਜ਼ਲਵੁੱਡ ਨੇ ਉਨ੍ਹਾਂ ਨੂੰ ਵੀ ਬੋਲਡ ਕਰ ਦਿੱਤਾ। ਪਾਵਰਪਲੇਅ ਦੇ ਆਖ਼ਰੀ ਓਵਰ ਵਿੱਚ ਰਸਿਖ ਸਲਾਮ ਡਾਰ ਨੇ ਨਿਸ਼ਾਂਤ ਸੰਧੂ ਅਤੇ ਜੇਸਨ ਹੋਲਡਰ ਨੂੰ ਆਊਟ ਕਰਕੇ ਗੁਜਰਾਤ ਨੂੰ 51/5 ਦੇ ਮੁਸ਼ਕਲ ਹਾਲਾਤ ਵਿੱਚ ਧੱਕ ਦਿੱਤਾ।

 

ਵਾਸ਼ਿੰਗਟਨ ਸੁੰਦਰ ਅਤੇ ਰਾਹੁਲ ਤੇਵਾਤੀਆ ਨੇ ਪਾਰੀ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਜੈਕਬ ਡਫੀ ਨੇ ਸੁੰਦਰ ਅਤੇ ਰਾਸ਼ਿਦ ਖਾਨ ਨੂੰ ਆਊਟ ਕਰਕੇ ਮੈਚ ਪੂਰੀ ਤਰ੍ਹਾਂ RCB ਦੇ ਕਾਬੂ ਵਿੱਚ ਕਰ ਦਿੱਤਾ। ਰਾਹੁਲ ਤੇਵਾਤੀਆ ਨੇ ਇਕੱਲੇ ਸੰਘਰਸ਼ ਕਰਦਿਆਂ 43 ਗੇਂਦਾਂ ‘ਤੇ 68 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਪਰ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਗੁਜਰਾਤ ਦੀ ਪੂਰੀ ਟੀਮ 19.3 ਓਵਰਾਂ ਵਿੱਚ 162 ਦੌੜਾਂ ‘ਤੇ ਆਲ ਆਊਟ ਹੋ ਗਈ।

 

RCB ਵੱਲੋਂ ਜੈਕਬ ਡਫੀ ਨੇ 3 ਵਿਕਟਾਂ ਲਈਆਂ, ਜਦਕਿ ਭੁਵਨੇਸ਼ਵਰ ਕੁਮਾਰ, ਰਸਿਖ ਸਲਾਮ ਡਾਰ ਅਤੇ ਕ੍ਰੁਣਾਲ ਪੰਡਿਆ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।

 

ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ RCB ਨੂੰ ਵੇਂਕਟੇਸ਼ ਆਈਅਰ ਨੇ ਤੇਜ਼ ਸ਼ੁਰੂਆਤ ਦਿਵਾਈ। ਉਨ੍ਹਾਂ ਨੇ ਸਿਰਫ਼ 7 ਗੇਂਦਾਂ ‘ਤੇ 19 ਦੌੜਾਂ ਬਣਾਈਆਂ। ਇਸ ਤੋਂ ਬਾਅਦ ਵਿਰਾਟ ਕੋਹਲੀ ਅਤੇ ਦੇਵਦੱਤ ਪਡੀੱਕਲ ਨੇ ਹਮਲਾਵਰ ਬੱਲੇਬਾਜ਼ੀ ਜਾਰੀ ਰੱਖੀ। ਕੋਹਲੀ ਨੇ 25 ਗੇਂਦਾਂ ‘ਤੇ 43 ਅਤੇ ਪਡੀੱਕਲ ਨੇ 19 ਗੇਂਦਾਂ ‘ਤੇ 30 ਦੌੜਾਂ ਬਣਾਈਆਂ।

 

ਕਪਤਾਨ ਰਜਤ ਪਟੀਦਾਰ ਨੇ ਫਿਰ ਕ੍ਰੁਣਾਲ ਪੰਡਿਆ ਨਾਲ ਮਿਲ ਕੇ ਪਾਰੀ ਨੂੰ ਸੰਭਾਲਿਆ ਅਤੇ ਮੱਧ ਓਵਰਾਂ ਵਿੱਚ ਤਾਬੜਤੋੜ ਬੱਲੇਬਾਜ਼ੀ ਕੀਤੀ। ਕ੍ਰੁਣਾਲ ਨੇ 28 ਗੇਂਦਾਂ ‘ਤੇ 43 ਦੌੜਾਂ ਬਣਾਈਆਂ, ਜਦਕਿ ਪਟੀਦਾਰ ਨੇ ਸਿਰਫ਼ 39 ਗੇਂਦਾਂ ‘ਤੇ ਨਾਬਾਦ 93 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ਵਿੱਚ 5 ਚੌਕੇ ਅਤੇ 9 ਛੱਕੇ ਸ਼ਾਮਲ ਸਨ।

 

ਗੁਜਰਾਤ ਦੀ ਫੀਲਡਿੰਗ ਵੀ ਕਾਫ਼ੀ ਖਰਾਬ ਰਹੀ ਅਤੇ ਉਨ੍ਹਾਂ ਨੇ ਪਟੀਦਾਰ ਦੇ ਦੋ ਕੈਚ ਵੀ ਛੱਡੇ, ਜਿਸ ਦਾ RCB ਨੇ ਪੂਰਾ ਫਾਇਦਾ ਚੁੱਕਿਆ। ਆਖ਼ਿਰ ਵਿੱਚ ਜਿਤੇਸ਼ ਸ਼ਰਮਾ ਨੇ ਵੀ ਤੇਜ਼ 15 ਦੌੜਾਂ ਜੋੜ ਕੇ ਟੀਮ ਨੂੰ 254/5 ਦੇ ਰਿਕਾਰਡ ਸਕੋਰ ਤੱਕ ਪਹੁੰਚਾਇਆ।

Comments

Leave A Comment

Required fields are marked (*).

Related

Talk to us?