ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਭਾਰਤੀ ਵਸਤੂਆਂ 'ਤੇ 25 ਫੀਸਦੀ ਟੈਰਿਫ ਲਗਾਉਣ ਦੇ ਐਲਾਨ ਤੋਂ ਬਾਅਦ ਭਾਰਤ ਦੇ ਕੱਪੜਾ (ਗਾਰਮੈਂਟ) ਅਤੇ ਗਹਿਣਿਆਂ ਦੇ ਬਰਾਮਦਕਾਰਾਂ ਵਿੱਚ ਚਿੰਤਾ ਵੱਧ ਗਈ ਹੈ। ਉਦਯੋਗ ਜਗਤ ਦੇ ਅਨੁਸਾਰ, ਇਸ ਫੈਸਲੇ ਨਾਲ ਅਮਰੀਕਾ ਤੋਂ ਆਰਡਰ ਘੱਟ ਸਕਦੇ ਹਨ ਅਤੇ ਨੌਕਰੀਆਂ ਵਿੱਚ ਕਟੌਤੀ ਦੀ ਨੌਬਤ ਆ ਸਕਦੀ ਹੈ।
ਕਈ ਕੱਪੜਾ ਬਰਾਮਦਕਾਰ, ਜੋ ਅਮਰੀਕੀ ਰਿਟੇਲਰਾਂ ਜਿਵੇਂ ਕਿ ਵਾਲਮਾਰਟ ਅਤੇ ਕੌਸਟਕੋ ਤੋਂ ਆਰਡਰ ਵਧਣ ਦੀ ਉਮੀਦ ਕਰ ਰਹੇ ਸਨ, ਹੁਣ ਆਪਣੀਆਂ ਵਿਸਥਾਰ ਯੋਜਨਾਵਾਂ ਨੂੰ ਰੋਕ ਚੁੱਕੇ ਹਨ ਅਤੇ ਵਪਾਰਕ ਗੱਲਬਾਤ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਹਨ।
ਵੈਲਸਪਨ ਲਿਵਿੰਗ, ਗੋਕਲਦਾਸ ਐਕਸਪੋਰਟਸ, ਇੰਡੋ ਕਾਉਂਟ ਅਤੇ ਟ੍ਰਾਈਡੈਂਟ ਵਰਗੇ ਵੱਡੇ ਕੱਪੜਾ ਬਰਾਮਦਕਾਰਾਂ ਦੀ ਵਿਕਰੀ ਦਾ 40 ਤੋਂ 70 ਪ੍ਰਤੀਸ਼ਤ ਹਿੱਸਾ ਅਮਰੀਕਾ ਤੋਂ ਆਉਂਦਾ ਹੈ। ਅਮਰੀਕਾ ਦੁਆਰਾ ਵੀਅਤਨਾਮ 'ਤੇ ਸਿਰਫ 20 ਪ੍ਰਤੀਸ਼ਤ ਡਿਊਟੀ ਲਗਾਏ ਜਾਣ ਕਾਰਨ, ਆਰਡਰ ਉੱਥੇ ਸ਼ਿਫਟ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਦਸ ਦਈਏ ਕਿ ਅਮਰੀਕਾ, ਭਾਰਤ ਦੇ ਕੱਪੜਾ ਅਤੇ ਗਹਿਣਿਆਂ ਲਈ ਸਭ ਤੋਂ ਵੱਡਾ ਬਾਜ਼ਾਰ ਹੈ। ਸਾਲ 2024 ਵਿੱਚ, ਇਨ੍ਹਾਂ ਖੇਤਰਾਂ ਵਿੱਚ ਭਾਰਤ ਨੇ ਅਮਰੀਕਾ ਨੂੰ ਲਗਭਗ 22 ਅਰਬ ਡਾਲਰ ਦਾ ਨਿਰਯਾਤ ਕੀਤਾ। ਅਮਰੀਕੀ ਬਾਜ਼ਾਰ 'ਚ ਭਾਰਤ ਦੀ ਹਿੱਸੇਦਾਰੀ 5.8 ਪ੍ਰਤੀਸ਼ਤ ਹੈ।
ਗੋਕਲਦਾਸ ਐਕਸਪੋਰਟਸ ਦੀ ਸਹਾਇਕ ਕੰਪਨੀ ਮੈਟ੍ਰਿਕਸ ਡਿਜ਼ਾਈਨ ਐਂਡ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਗੌਤਮ ਨਾਇਰ ਨੇ ਦੱਸਿਆ, "ਅਸੀਂ 10 ਤੋਂ 15 ਪ੍ਰਤੀਸ਼ਤ ਟੈਰਿਫ ਦੀ ਉਮੀਦ ਕਰਕੇ ਵਿਸਥਾਰ ਦੀ ਤਿਆਰੀ ਕਰ ਰਹੇ ਸੀ। ਟਰੰਪ ਦੇ 25 ਪ੍ਰਤੀਸ਼ਤ ਟੈਰਿਫ ਦੇ ਐਲਾਨ ਨੇ ਸਾਨੂੰ ਹੈਰਾਨ ਕਰ ਦਿੱਤਾ ਹੈ।" ਉਨ੍ਹਾਂ ਕਿਹਾ ਕਿ ਜੇਕਰ ਇਹ ਲਾਗੂ ਹੋਇਆ, ਤਾਂ ਇਸ ਨਾਲ ਭਾਰਤੀ ਬਰਾਮਦਕਾਰਾਂ ਨੂੰ ਭਾਰੀ ਨੁਕਸਾਨ ਹੋਵੇਗਾ। ਨਾਇਰ ਨੇ ਇਹ ਵੀ ਕਿਹਾ ਕਿ ਭਾਰਤ ਦਾ ਕੱਪੜਾ ਸੈਕਟਰ ਪਹਿਲਾਂ ਹੀ ਬੰਗਲਾਦੇਸ਼ ਅਤੇ ਵੀਅਤਨਾਮ ਵਰਗੇ ਮੁਕਾਬਲੇਬਾਜ਼ ਦੇਸ਼ਾਂ ਨਾਲੋਂ ਵੱਧ ਲਾਗਤ ਦਾ ਸਾਹਮਣਾ ਕਰ ਰਿਹਾ ਹੈ।
ਟਰੰਪ ਦੇ ਨਵੇਂ ਟੈਰਿਫ ਐਲਾਨ ਤੋਂ ਬਾਅਦ, ਦੱਖਣੀ ਭਾਰਤ ਦੇ ਟੈਕਸਟਾਈਲ ਹੱਬ ਤਿਰੂਪੁਰ ਵਿੱਚ ਵੀ ਚਿੰਤਾ ਵਧ ਰਹੀ ਹੈ। ਸਥਾਨਕ ਬਰਾਮਦਕਾਰਾਂ ਨੂੰ ਉਮੀਦ ਹੈ ਕਿ ਭਾਰਤ ਅਤੇ ਅਮਰੀਕਾ ਦਰਮਿਆਨ ਜਲਦੀ ਹੀ ਕੋਈ ਵਪਾਰਕ ਸਮਝੌਤਾ ਹੋਵੇਗਾ, ਜਿਸ ਨਾਲ ਇਹ ਅਸਥਿਰਤਾ ਖਤਮ ਹੋ ਸਕੇਗੀ।
ਕੌਟਨ ਬਲੌਸਮ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ ਨਵੀਨ ਮਾਈਕਲ ਜੌਹਨ ਨੇ ਕਿਹਾ, "ਜੇਕਰ ਅਮਰੀਕੀ ਕਾਰੋਬਾਰ ਘਟਿਆ, ਤਾਂ ਫੈਕਟਰੀਆਂ ਇੱਕ-ਦੂਜੇ ਦੇ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਦੀ ਦੌੜ ਵਿੱਚ ਲੱਗ ਜਾਣਗੀਆਂ।" ਉਨ੍ਹਾਂ ਦੀ ਕੰਪਨੀ ਵਾਲਮਾਰਟ ਅਤੇ ਬਾਸ ਪ੍ਰੋ ਸ਼ਾਪਸ ਵਰਗੀਆਂ ਕੰਪਨੀਆਂ ਨੂੰ ਸਾਮਾਨ ਭੇਜਦੀ ਹੈ।
ਭਾਰਤ ਦਾ ਜੇਮਸ ਐਂਡ ਜਵੇਲਰੀ ਸੈਕਟਰ, ਜੋ ਅਮਰੀਕੀ ਖਰੀਦਦਾਰਾਂ 'ਤੇ ਬਹੁਤ ਹੱਦ ਤੱਕ ਨਿਰਭਰ ਕਰਦਾ ਹੈ, ਪਹਿਲਾਂ ਹੀ ਦਬਾਅ ਹੇਠ ਹੈ। ਵਿੱਤੀ ਸਾਲ 2024-25 ਵਿੱਚ ਕੱਟ ਅਤੇ ਪਾਲਿਸ਼ ਕੀਤੇ ਹੀਰਿਆਂ ਦਾ ਨਿਰਯਾਤ ਲਗਭਗ ਦੋ ਦਹਾਕਿਆਂ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਅਮਰੀਕਾ, ਭਾਰਤ ਦੇ ਸਾਲਾਨਾ 28.5 ਅਰਬ ਡਾਲਰ ਦੇ ਰਤਨ ਅਤੇ ਗਹਿਣਿਆਂ ਦੇ ਨਿਰਯਾਤ ਦਾ ਲਗਭਗ ਇੱਕ-ਤਿਹਾਈ ਹਿੱਸਾ ਖਰੀਦਦਾ ਹੈ।
ਜੇਮ ਐਂਡ ਜਵੇਲਰੀ ਐਕਸਪੋਰਟ ਪ੍ਰੋਮੋਸ਼ਨ ਕੌਂਸਲ ਦੇ ਚੇਅਰਮੈਨ ਕਿਰੀਟ ਭੰਸਾਲੀ ਨੇ ਕਿਹਾ, "ਇਸ ਤਰ੍ਹਾਂ ਦੇ ਵਿਆਪਕ ਟੈਰਿਫ ਕਾਰਨ ਲਾਗਤ ਵਧੇਗੀ, ਸ਼ਿਪਮੈਂਟ ਵਿੱਚ ਦੇਰੀ ਹੋਵੇਗੀ, ਕੀਮਤਾਂ 'ਚ ਅਸਥਿਰ ਆਵੇਗੀ ਅਤੇ ਪੂਰੀ ਵੈਲਿਊ ਚੇਨ 'ਤੇ ਭਾਰੀ ਦਬਾਅ ਪਾਵੇਗਾ, ਭਾਵੇਂ ਉਹ ਮਜ਼ਦੂਰ ਹੋਵੇ ਜਾਂ ਵੱਡਾ ਨਿਰਮਾਤਾ।"
ਅਮਰੀਕਾ ਵਿੱਚ ਛੁੱਟੀਆਂ ਦੇ ਮੌਸਮ ਤੋਂ ਪਹਿਲਾਂ ਸਥਿਤੀ ਨੂੰ ਆਮ ਕਰਨ ਲਈ, ਬਰਾਮਦਕਾਰ ਸਰਕਾਰ ਤੋਂ ਦਖਲਅੰਦਾਜ਼ੀ ਦੀ ਅਪੀਲ ਕਰ ਰਹੇ ਹਨ। ਇੱਕ ਹੀਰਾ ਬਰਾਮਦਕਾਰ ਨੇ ਕਿਹਾ, "ਜੇਕਰ ਵਪਾਰਕ ਸਮਝੌਤਾ ਨਹੀਂ ਹੋਇਆ, ਤਾਂ ਨਿਰਯਾਤ ਨਹੀਂ ਸੰਭਲੇਗਾ। ਸਾਨੂੰ ਉਤਪਾਦਨ ਅਤੇ ਨੌਕਰੀਆਂ ਘਟਾਉਣੀਆਂ ਪੈਣਗੀਆਂ।"
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login