ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਲੰਬੇ ਸਮੇਂ ਤੋਂ ਲਟਕਿਆ ਹੋਇਆ ਵਪਾਰਕ ਸਮਝੌਤਾ ਹੁਣ ਹਕੀਕਤ ਬਣਨ ਦੇ ਇਕ ਕਦਮ ਨੇੜੇ ਹੈ। ਹੁਣ ਸਿਰਫ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਖ਼ਰੀ ਮਨਜੂਰੀ ਦੀ ਲੋੜ ਹੈ। ਇਹ ਜਾਣਕਾਰੀ ਯੂਐਸ-ਇੰਡੀਆ ਸਟਰੈਟੇਜ਼ਿਕ ਪਾਰਟਨਰਸ਼ਿਪ ਫੋਰਮ (USISPF) ਦੇ ਪ੍ਰਧਾਨ ਮੁਕੇਸ਼ ਅਘੀ ਨੇ ਦਿੱਤੀ।
"ਵਪਾਰ ਸਕੱਤਰ ਹੋਵਰਡ ਲੁਟਨਿਕ ਅਤੇ ਅਮਰੀਕੀ ਵਪਾਰ ਪ੍ਰਤੀਨਿਧੀ ਜੇਮਿਸਨ ਗਰੀਅਰ ਨੇ ਇਹ ਪ੍ਰਸਤਾਵ ਵਾਈਟ ਹਾਊਸ ਭੇਜ ਦਿੱਤਾ ਹੈ ਅਤੇ ਰਾਸ਼ਟਰਪਤੀ ਨੂੰ ਸਿਫਾਰਸ਼ ਕੀਤੀ ਹੈ ਕਿ ਭਾਰਤ ਨਾਲ ਇਹ ਵਪਾਰਕ ਸਮਝੌਤਾ ਅੱਗੇ ਵਧਾਇਆ ਜਾਵੇ," ਅਘੀ ਨੇ 5WH ਨਾਲ ਖਾਸ ਗੱਲਬਾਤ ਦੌਰਾਨ ਦੱਸਿਆ।
"ਹੁਣ ਸਿਰਫ ਰਾਸ਼ਟਰਪਤੀ ਦੀ ਮਨਜੂਰੀ ਦੀ ਉਡੀਕ ਹੈ, ਤਾਂ ਜੋ ਇਸ ਦੀ ਘੋਸ਼ਣਾ ਕੀਤੀ ਜਾ ਸਕੇ ਅਤੇ ਦੋਵੇ ਦੇਸ਼ ਅੱਗੇ ਵਧ ਸਕਣ," ਉਨ੍ਹਾਂ ਕਿਹਾ।
ਉਨ੍ਹਾਂ ਦੱਸਿਆ ਕਿ ਇਹ ਸਮਝੌਤਾ ਟਰੰਪ ਪ੍ਰਸ਼ਾਸਨ ਦੀ ਨਵੀਂ ਵਪਾਰਕ ਨੀਤੀ ਦੇ ਅਨੁਕੂਲ ਹੈ। ਜਪਾਨ, ਵੀਅਤਨਾਮ ਅਤੇ ਕੰਬੋਡੀਆ ਨਾਲ ਕੀਤੇ ਗਏ ਸਮਝੌਤਿਆਂ ਨੂੰ ਇਸਦਾ ਆਧਾਰ ਬਣਾਇਆ ਗਿਆ ਹੈ। ਇਸ ਸਮਝੌਤੇ ਰਾਂਹੀ ਭਾਰਤ ਦੇ ਟੈਰਿਫ਼ ਦਰਾਂ ਨੂੰ ਵੀ ਲਗਭਗ 15 ਫੀਸਦੀ ਤੱਕ ਲਿਆਉਣ ਦੀ ਉਮੀਦ ਹੈ।
"ਸਾਡਾ ਵਿਸ਼ਲੇਸ਼ਣ ਦਿਖਾਉਂਦਾ ਹੈ ਕਿ ਇਸ ਦਰ 'ਤੇ ਭਾਰਤ ਦਾ 2030 ਤੱਕ ਵਪਾਰ $500 ਅਰਬ ਤੱਕ ਪਹੁੰਚ ਸਕਦਾ ਹੈ—ਜੋ ਕਿ ਅਮਰੀਕੀ ਰਾਸ਼ਟਰਪਤੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਵਿਚਕਾਰ ਪਹਿਲਾਂ ਹੋ ਚੁੱਕੀ ਗੱਲਬਾਤ 'ਚ ਤੈਅ ਹੋਇਆ ਸੀ," ਅਘੀ ਨੇ ਕਿਹਾ।
ਸਮਝੌਤੇ ਦੇ ਆਰਥਿਕ ਲਾਭ ਵੀ ਮਹੱਤਵਪੂਰਨ ਹਨ। "ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਵਪਾਰਕ ਸਮਝੌਤਾ ਭਾਰਤ ਦੀ ਜੀਡੀਪੀ ਵਿੱਚ ਲਗਭਗ 1% ਦਾ ਵਾਧਾ ਕਰ ਸਕਦਾ ਹੈ। ਇਹ ਦੋਹਾਂ ਦੇਸ਼ਾਂ ਲਈ ਫ਼ਾਇਦੇ ਦਾ ਸਮਝੌਤਾ ਹੈ," ਉਨ੍ਹਾਂ ਕਿਹਾ।
ਮੁਕੇਸ਼ ਅਘੀ ਨੇ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਦੀ ਕੀਤੀ ਮੰਗ
ਇੱਕ ਹੈਰਾਨੀਜਨਕ ਪਰ ਰਣਨੀਤਕ ਸੁਝਾਅ ਦੇ ਤੌਰ 'ਤੇ, USISPF ਦੇ ਪ੍ਰਧਾਨ ਮੁਕੇਸ਼ ਅਘੀ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕਰੇ।
"ਭਾਰਤ ਨੂੰ ਰਾਸ਼ਟਰਪਤੀ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕਰਨਾ ਚਾਹੀਦਾ ਹੈ," ਅਘੀ ਨੇ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਕਿਹਾ। ਉਹ ਟਰੰਪ ਦੇ ਇਹ ਦਾਅਵਿਆਂ 'ਤੇ ਪ੍ਰਤੀਕਿਰਿਆ ਦੇ ਰਹੇ ਸਨ ਕਿ ਉਨ੍ਹਾਂ ਨੇ ਪਹਿਲਗਾਮ ਅੱਤਵਾਦੀ ਹਮਲੇ ਅਤੇ ਚਾਰ ਦਿਨਾਂ ਦੀ ਫੌਜੀ ਝੜਪ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਕਾਰ ਸ਼ਾਂਤੀ ਲਿਆਂਉਣ ਵਿੱਚ ਵਿਚੋਲਗੀ ਕੀਤੀ ਸੀ।
"ਜੇਕਰ ਟਰੰਪ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਭਾਰਤ-ਪਾਕਿਸਤਾਨ ਵਿਚਕਾਰ ਜੰਗਬੰਦੀ ਕਰਵਾਈ, ਤਾਂ ਮੇਰੀ ਸਲਾਹ ਹੈ ਕਿ ਅਸੀਂ ਇੱਕ ਵੱਡੇ ਦਿਲ ਨਾਲ ਅੱਗੇ ਆਈਏ ਅਤੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕਰੀਏ। ਉਨ੍ਹਾਂ ਨੂੰ ਨੋਬਲ ਪੁਰਸਕਾਰ ਲਈ ਨਾਮਜ਼ਦ ਕਰੀਏ," ਅਘੀ ਨੇ ਕਿਹਾ।
ਟਰੰਪ ਨੇ 25 ਤੋਂ ਵੱਧ ਵਾਰ ਦੱਖਣੀ ਏਸ਼ੀਆਈ ਗੁਆਂਢੀਆਂ ਵਿਚਕਾਰ ਤਣਾਅ ਘਟਾਉਣ ਦੀ ਭੂਮਿਕਾ ਨਿਭਾਉਣ ਦਾ ਦਾਅਵਾ ਕੀਤਾ ਹੈ। ਹਾਲਾਂਕਿ, ਭਾਰਤ ਨੇ ਹਮੇਸ਼ਾਂ ਕਿਸੇ ਵੀ ਤੀਜੀ ਧਿਰ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ ਅਤੇ ਇਹ ਮੰਨਿਆ ਹੈ ਕਿ ਜੰਗਬੰਦੀ ਦੋਹਾਂ ਦੇਸ਼ਾਂ ਵਿਚਕਾਰ ਸਿੱਧੀ ਗੱਲਬਾਤ ਦਾ ਨਤੀਜਾ ਸੀ।
"ਇਸ ਇਨਕਾਰ ਉੱਤੇ ਇੰਨੀ ਊਰਜਾ ਲਗਾਉਣ ਨਾਲ ਸਾਡਾ ਕੀ ਲਾਭ? ਜੇ ਅਸੀਂ ਸਿੱਧਾ ਕਹਿ ਦੇਈਏ, 'ਜੀ ਸ਼੍ਰੀਮਾਨ ਰਾਸ਼ਟਰਪਤੀ, ਤੁਸੀਂ ਇਹ ਕੀਤਾ, ਤੁਹਾਨੂੰ ਨਾਮਜ਼ਦ ਕੀਤਾ ਜਾਣਾ ਚਾਹੀਦਾ ਹੈ' — ਤਾਂ ਇਹ ਸਾਰੇ ਮਾਮਲੇ ਨੂੰ ਨਵਾਂ ਮੋੜ ਦੇਵੇਗਾ," ਉਨ੍ਹਾਂ ਨੇ ਕਿਹਾ।
21 ਜੂਨ ਨੂੰ, ਪਾਕਿਸਤਾਨ ਨੇ ਰਸਮੀ ਤੌਰ 'ਤੇ 2026 ਲਈ ਰਾਸ਼ਟਰਪਤੀ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ। ਉਹਨਾਂ ਦੇ ਕਹਿਣ ਅਨੁਸਾਰ, ਟਰੰਪ ਨੇ ਮਈ 2025 ਵਿੱਚ ਭਾਰਤ-ਪਾਕਿ ਸੰਕਟ ਦੌਰਾਨ "ਨਿਰਣਾਇਕ ਕੂਟਨੀਤਕ ਦਖਲਅੰਦਾਜ਼ੀ" ਕਰਕੇ ਜੰਗਬੰਦੀ ਨੂੰ ਯਕੀਨੀ ਬਣਾਇਆ। ਇਹ ਨਾਮਜ਼ਦਗੀ ਟਰੰਪ ਅਤੇ ਪਾਕਿਸਤਾਨ ਦੇ ਫੌਜੀ ਮੁਖੀ ਜਨਰਲ ਅਸੀਮ ਮੁਨੀਰ ਵਿਚਕਾਰ ਵ੍ਹਾਈਟ ਹਾਊਸ ਵਿਚ ਇਕ ਨਿੱਜੀ ਭੋਜਨ ਮਿਲਣੀ ਤੋਂ ਥੋੜ੍ਹੀ ਦੇਰ ਬਾਅਦ ਆਈ ਸੀ। ਭਾਰਤ ਨੇ ਇਸ ਦਾਅਵੇ ਨੂੰ ਖੰਡਨ ਕਰਦਿਆਂ ਕਿਹਾ ਸੀ ਕਿ ਵਾਸ਼ਿੰਗਟਨ ਦੀ ਇਸ ਮਾਮਲੇ ਵਿਚ ਕੋਈ ਭੂਮਿਕਾ ਨਹੀਂ ਸੀ।
ਅਘੀ ਦੀਆਂ ਟਿੱਪਣੀਆਂ ਦਰਸਾਉਂਦੀਆਂ ਹਨ ਕਿ ਵਿਦੇਸ਼ ਨੀਤੀ ਸਬੰਧੀ ਭਾਰਤ ਵਿੱਚ ਇਹ ਚਰਚਾ ਹੋ ਰਹੀ ਹੈ ਕਿ ਟਰੰਪ ਦੇ ਦੂਜੇ ਕਾਰਜਕਾਲ ਵਿਚ ਭਾਰਤ ਨੂੰ ਉਸ ਦੀ ਕੂਟਨੀਤਿਕ ਪਹੁੰਚ ਨਾਲ ਕਿਵੇਂ ਤਾਲਮੇਲ ਰੱਖਣਾ ਚਾਹੀਦਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login