ਅਮਰੀਕਾ ਵਿੱਚ ਵੱਸਦਾ ਪੰਜਾਬੀ ਭਾਈਚਾਰਾ ਆਪਣੀ ਮਿਹਨਤ ਨਾਲ ਆਰਥਿਕ ਅਤੇ ਸਮਾਜਿਕ ਪੱਧਰ 'ਤੇ ਉਭਰਿਆ ਹੈ, ਪਰ ਇਸ ਭਾਈਚਾਰੇ ਦੀ ਨਵੀਂ ਪੀੜ੍ਹੀ ਕਈ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ ਜੋ ਉਨ੍ਹਾਂ ਦੀ ਜ਼ਿੰਦਗੀ ਅਤੇ ਪਛਾਣ ਦੋਵਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ।
ਅਮਰੀਕਾ ਵਿੱਚ ਜੰਮੇ ਜਾਂ ਛੋਟੀ ਉਮਰ ਵਿੱਚ ਆਏ ਪੰਜਾਬੀ ਨੌਜਵਾਨ ਅਕਸਰ ਦੋ ਸੱਭਿਆਚਾਰਾਂ ਵਿਚਕਾਰ ਫਸੇ ਰਹਿੰਦੇ ਹਨ। ਘਰ ਵਿੱਚ ਪੰਜਾਬੀ ਰਵਾਇਤਾਂ ਅਤੇ ਭਾਸ਼ਾ, ਜਦਕਿ ਸਕੂਲ ਅਤੇ ਯੂਨੀਵਰਸਿਟੀ ਵਿੱਚ ਪੱਛਮੀ ਸੱਭਿਆਚਾਰ। ਕਈ ਵਾਰ ਇਸ ਦੋਹਰੇ ਦਬਾਅ ਕਾਰਨ ਨੌਜਵਾਨ ਆਪਣੀਆਂ ਜੜ੍ਹਾਂ ਤੋਂ ਦੂਰ ਹੋਣ ਲੱਗਦੇ ਹਨ। ਮਾਪਿਆਂ ਅਤੇ ਬੱਚਿਆਂ ਵਿਚਕਾਰ ਇਹ ਫਰਕ ਕਈ ਵਾਰ ਪਰਿਵਾਰਕ ਟਕਰਾਅ ਦਾ ਰੂਪ ਵੀ ਧਾਰ ਲੈਂਦਾ ਹੈ।
ਬਹੁਤੇ ਪੰਜਾਬੀ ਪਰਿਵਾਰ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਇੰਜੀਨੀਅਰ, ਡਾਕਟਰ ਜਾਂ ਵਕੀਲ ਬਣਨ। ਇਹ ਉਮੀਦਾਂ ਅਕਸਰ ਨੌਜਵਾਨਾਂ 'ਤੇ ਬਹੁਤ ਵੱਡਾ ਦਬਾਅ ਪਾ ਦਿੰਦੀਆਂ ਹਨ। ਕਈ ਵਿਦਿਆਰਥੀ ਆਪਣੀਆਂ ਰੁਚੀਆਂ ਨੂੰ ਪਾਸੇ ਰੱਖ ਕੇ ਸਿਰਫ ਮਾਪਿਆਂ ਦੀਆਂ ਚਾਹਤਾਂ ਪੂਰੀਆਂ ਕਰਨ ਲਈ ਮਿਹਨਤ ਕਰਦੇ ਹਨ। ਇਸ ਨਾਲ ਮਾਨਸਿਕ ਤਣਾਅ, ਡਿਪਰੈਸ਼ਨ ਅਤੇ ਐਂਜ਼ਾਇਟੀ ਦੇ ਕੇਸ ਵਧ ਰਹੇ ਹਨ।
ਇਸਦੇ ਨਾਲ ਹੀ ਕੁਝ ਸ਼ਹਿਰਾਂ ਵਿੱਚ ਪੰਜਾਬੀ ਨੌਜਵਾਨਾਂ ਦੇ ਗੈਂਗਾਂ ਵਿੱਚ ਸ਼ਾਮਲ ਹੋਣ ਜਾਂ ਨਸ਼ਿਆਂ ਵੱਲ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਆਪਣੇ ਆਪ ਨੂੰ ਸਾਬਤ ਕਰਨ ਅਤੇ ਸਥਾਨਕ ਸਮਾਜ ਵਿੱਚ ਫਿੱਟ ਹੋਣ ਦੀ ਲਗਨ ਕਈ ਵਾਰ ਉਨ੍ਹਾਂ ਨੂੰ ਗਲਤ ਰਾਹਾਂ 'ਤੇ ਲੈ ਜਾਂਦੀ ਹੈ। ਪਰਿਵਾਰਕ ਸਹਿਯੋਗ ਅਤੇ ਭਾਈਚਾਰੇ ਦੀ ਮਦਦ ਦੀ ਕਮੀ ਇਹ ਸਮੱਸਿਆ ਹੋਰ ਗੰਭੀਰ ਕਰ ਦਿੰਦੀ ਹੈ।
ਸਿੱਖ ਨੌਜਵਾਨਾਂ ਨੂੰ ਅਕਸਰ ਸਕੂਲਾਂ ਅਤੇ ਯੂਨੀਵਰਸਿਟੀਆਂ ਵਿੱਚ ਦਾੜੀ, ਪੱਗ ਅਤੇ ਕ੍ਰਿਪਾਨ ਲਈ ਮਜ਼ਾਕ ਸਹਿਣਾ ਪੈਂਦਾ ਹੈ। ਇਹ ਤਜਰਬੇ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਕਮਜ਼ੋਰ ਕਰ ਦਿੰਦੇ ਹਨ ਅਤੇ ਕਈ ਵਾਰ ਉਹ ਆਪਣੀ ਨਿਵੇਕਲੀ ਪਛਾਣ ਤੋਂ ਵੀ ਪਿੱਛੇ ਹਟਣ ਲੱਗਦੇ ਹਨ। ਇਸ ਤਰਾਂ ਦੇ ਕਈ ਮਸਲਿਆਂ ਨਾਲ ਜੁੜੀਆਂ ਮਾਨਸਿਕ ਸਿਹਤ ਦੀਆਂ ਸਮੱਸਿਆਵਾਂ ਬਾਰੇ ਭਾਈਚਾਰੇ ਵਿੱਚ ਖੁੱਲ੍ਹ ਕੇ ਚਰਚਾ ਨਹੀਂ ਹੁੰਦੀ, ਜਿਸ ਕਾਰਨ ਹਾਲਾਤ ਹੋਰ ਖਰਾਬ ਹੁੰਦੇ ਹਨ।
ਗੁਰਦੁਆਰੇ ਅਤੇ ਸੱਭਿਆਚਾਰਕ ਸੰਸਥਾਵਾਂ ਨੌਜਵਾਨਾਂ ਨੂੰ ਪੰਜਾਬੀ ਭਾਸ਼ਾ, ਇਤਿਹਾਸ ਅਤੇ ਧਾਰਮਿਕ ਮੁੱਲਾਂ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਨਾਲ ਹੀ, ਕੁਝ ਯੂਥ ਆਰਗਨਾਈਜ਼ੇਸ਼ਨ ਮਾਨਸਿਕ ਸਿਹਤ ਬਾਰੇ ਵਰਕਸ਼ਾਪਾਂ, ਕਾਊਂਸਲਿੰਗ ਅਤੇ ਖੇਡਾਂ ਰਾਹੀਂ ਨੌਜਵਾਨਾਂ ਨੂੰ ਸਹੀ ਦਿਸ਼ਾ ਵਿੱਚ ਰੱਖਣ ਦੇ ਯਤਨ ਕਰ ਰਹੀਆਂ ਹਨ।
ਅੰਤ ਵਿੱਚ ਇਹੀ ਕਹਾਂਗੇ ਕਿ ਪੰਜਾਬੀ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਭ ਤੋਂ ਵੱਡੀ ਲੋੜ ਪਰਿਵਾਰਕ ਗੱਲਬਾਤ, ਮਾਨਸਿਕ ਸਿਹਤ ਬਾਰੇ ਖੁੱਲ੍ਹੀ ਚਰਚਾ ਅਤੇ ਸਮਾਜਿਕ ਸਹਿਯੋਗ ਦੀ ਹੈ। ਜੇਕਰ ਭਾਈਚਾਰਾ ਇੱਕਜੁੱਟ ਹੋ ਕੇ ਇਹ ਚੁਣੌਤੀਆਂ ਸਵੀਕਾਰ ਕਰੇ, ਤਾਂ ਪੰਜਾਬੀ ਨੌਜਵਾਨ ਸਿਰਫ਼ ਅਮਰੀਕਾ ਵਿੱਚ ਹੀ ਨਹੀਂ, ਸਗੋਂ ਪੂਰੀ ਦੁਨੀਆ ਵਿੱਚ ਆਪਣੀ ਵਿਰਾਸਤ ਨਾਲ ਜੁੜੇ ਰਹਿ ਕੇ ਹੋਏ ਕਾਮਯਾਬੀ ਹਾਸਲ ਕਰ ਸਕਦੇ ਹਨ।
Comments
Start the conversation
Become a member of New India Abroad to start commenting.
Sign Up Now
Already have an account? Login