ADVERTISEMENT

ADVERTISEMENT

ਰਾਸ਼ਟਰਪਤੀ ਟਰੰਪ ਨੇ ਤਰਨਜੀਤ ਸਿੰਘ ਸੰਧੂ ਨੂੰ ਦਿੱਲੀ ਦੇ ਉਪ ਰਾਜਪਾਲ ਬਣਨ 'ਤੇ ਦਿੱਤੀ ਵਧਾਈ

ਟਰੰਪ ਨੇ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਸੰਧੂ ਦੀ ਵਚਨਬੱਧਤਾ ਦੀ ਭਰਪੂਰ ਤਾਰੀਫ ਕੀਤੀ

 ਵ੍ਹਾਈਟ ਹਾਊਸ ਵਿਖੇ ਤਰਨਜੀਤ ਸੰਧੂ ਨਾਲ ਡੋਨਾਲਡ ਟਰੰਪ ਵ੍ਹਾਈਟ ਹਾਊਸ ਵਿਖੇ ਤਰਨਜੀਤ ਸੰਧੂ ਨਾਲ ਡੋਨਾਲਡ ਟਰੰਪ / Trump Social Media

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਲੀ ਦੇ ਨਵੇਂ ਨਿਯੁਕਤ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੂੰ ਵਧਾਈ ਦਿੱਤੀ ਹੈ। ਇੱਕ ਤਜਰਬੇਕਾਰ ਡਿਪਲੋਮੈਟ ਸੰਧੂ ਨੇ ਲੰਬਾ ਸਮਾਂ ਅਮਰੀਕਾ ਵਿੱਚ ਭਾਰਤੀ ਹਿੱਤਾਂ ਦੀ ਨੁਮਾਇੰਦਗੀ ਕੀਤੀ ਹੈ।

ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਤਰਨਜੀਤ ਸਿੰਘ ਸੰਧੂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਇੱਕ "ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਅਤੇ ਤਜਰਬੇਕਾਰ ਡਿਪਲੋਮੈਟ" ਵਜੋਂ ਸਲਾਹਿਆ।

ਟਰੰਪ ਨੇ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਸੰਧੂ ਦੀ ਵਚਨਬੱਧਤਾ ਦੀ ਭਰਪੂਰ ਤਾਰੀਫ ਕੀਤੀ। ਉਨ੍ਹਾਂ ਨੇ ਦਿੱਲੀ ਦੇ ਉਪ ਰਾਜਪਾਲ ਵੱਜੋਂ ਸੰਧੂ ਦੀ ਸਫਲਤਾ ਦੀ ਕਾਮਨਾ ਕਰਦਿਆਂ ਅੱਗੇ ਲਿਖਿਆ, "ਦਿੱਲੀ ਦੇ ਵਿਕਾਸ ਦੀ ਅਗਵਾਈ ਕਰਨ ਅਤੇ ਵਿਸ਼ਵਵਿਆਪੀ ਸਬੰਧਾਂ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ!"

ਦਿੱਲੀ ਦੇ ਉਪ ਰਾਜਪਾਲ ਵਜੋਂ ਕਿਸੇ ਸਾਬਕਾ ਰਾਜਦੂਤ ਦੀ ਨਿਯੁਕਤੀ 'ਤੇ ਕਿਸੇ ਵਿਦੇਸ਼ੀ ਰਾਸ਼ਟਰਪਤੀ ਖਾਸ ਕਰਕੇ ਅਮਰੀਕਾ ਵਰਗੇ ਦੇਸ਼ ਦੇ ਰਾਸ਼ਟਰਪਤੀ ਵੱਲੋਂ ਵਧਾਈ ਦੇਣਾ ਦਰਸਾਉਂਦਾ ਹੈ ਕਿ ਸੰਧੂ ਦੀ ਅੰਤਰਰਾਸ਼ਟਰੀ ਪੱਧਰ 'ਤੇ ਕਿੰਨੀ ਵੱਡੀ ਪਛਾਣ ਹੈ। ਇਹ ਦਿੱਲੀ ਦੇ ਪ੍ਰਸ਼ਾਸਨਿਕ ਢਾਂਚੇ ਅਤੇ ਭਾਰਤ-ਅਮਰੀਕਾ ਦੇ ਕੂਟਨੀਤਕ ਰਿਸ਼ਤਿਆਂ ਲਈ ਵੀ ਇੱਕ ਹਾਂ-ਪੱਖੀ ਸੰਕੇਤ ਹੈ।

ਦੱਸਣਯੋਗ ਹੈ ਕਿ ਤਰਨਜੀਤ ਸਿੰਘ ਸੰਧੂ ਨੇ 11 ਮਾਰਚ ਨੂੰ ਦਿੱਲੀ ਦੇ 23ਵੇਂ ਉਪ ਰਾਜਪਾਲ ਵਜੋਂ ਸਹੁੰ ਚੁੱਕੀ ਸੀ। ਉਨ੍ਹਾਂ ਨੇ ਵਿਨੈ ਕੁਮਾਰ ਸਕਸੈਨਾ ਦੀ ਜਗ੍ਹਾ ਲਈ ਹੈ, ਜਿਨ੍ਹਾਂ ਨੂੰ ਹੁਣ ਲਦਾਖ ਦਾ ਉਪ ਰਾਜਪਾਲ ਨਿਯੁਕਤ ਕੀਤਾ ਗਿਆ ਹੈ।

ਤਰਨਜੀਤ ਸਿੰਘ ਸੰਧੂ ਕੋਲ ਕੌਮਾਂਤਰੀ ਪੱਧਰ 'ਤੇ ਕੰਮ ਕਰਨ ਦਾ 35 ਸਾਲਾਂ ਤੋਂ ਵੱਧ ਦਾ ਲੰਮਾ ਤਜਰਬਾ ਹੈ। ਸੰਨ 1988 ਬੈਚ ਦੇ ਭਾਰਤੀ ਵਿਦੇਸ਼ ਸੇਵਾ (ਆਈ.ਐਫ.ਐਸ) ਅਧਿਕਾਰੀ ਵਜੋਂ ਉਨ੍ਹਾਂ ਨੇ ਸਾਲ 2020 ਤੋਂ 2024 ਤੱਕ ਵਾਸ਼ਿੰਗਟਨ ਡੀ.ਸੀ. ਵਿੱਚ ਭਾਰਤੀ ਰਾਜਦੂਤ ਵਜੋਂ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ। ਉਨ੍ਹਾਂ ਦੇ ਕਾਰਜਕਾਲ ਦੌਰਾਨ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਵਿੱਚ ਇੱਕ ਨਵਾਂ ਦੌਰ ਸ਼ੁਰੂ ਹੋਇਆ ਸੀ। 

ਸੇਵਾਮੁਕਤੀ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਰਾਜਨੀਤੀ ਵਿੱਚ ਕਦਮ ਰੱਖਿਆ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਆਪਣੇ ਜੱਦੀ ਸ਼ਹਿਰ ਅੰਮ੍ਰਿਤਸਰ ਤੋਂ ਲੜੀਆਂ ਸਨ, ਹੁਣ ਕੇਂਦਰ ਸਰਕਾਰ ਨੇ ਉਨ੍ਹਾਂ ਦੀਆਂ ਪ੍ਰਸ਼ਾਸਨਿਕ ਕਾਬਲੀਅਤਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਦਿੱਲੀ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਹੈ ਜੋ ਉਹ ਬਾਖੂਬੀ ਨਿਭਾ ਰਹੇ ਨੇ। 

ਸੰਧੂ ਨੇ ਜੁਲਾਈ 2005 ਤੋਂ ਫਰਵਰੀ 2009 ਤੱਕ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਵਿੱਚ ਵੀ ਸੇਵਾ ਨਿਭਾਈ, ਜਿੱਥੇ ਉਨ੍ਹਾਂ ਨੇ ਗਲੋਬਲ ਨੀਤੀਗਤ ਮੁੱਦਿਆਂ 'ਤੇ ਕੰਮ ਕੀਤਾ।

Comments

Related