ADVERTISEMENT

ADVERTISEMENT

ਪਿਯੂਸ਼ ਗੋਯਲ ਨੇ ਕੈਨੇਡੀਅਨ ਕਾਰੋਬਾਰੀਆਂ ਨੂੰ ਭਾਰਤ ਦੀ ਵਿਕਾਸ ਯਾਤਰਾ ਵਿੱਚ ਭਾਗੀਦਾਰ ਬਣਨ ਦਾ ਦਿੱਤਾ ਸੱਦਾ

ਭਾਰਤ-ਕੈਨੇਡਾ ਆਰਥਿਕ ਸਾਂਝ ਨੂੰ ਨਵੀਂ ਰਫ਼ਤਾਰ ਦੇਣ ‘ਤੇ ਜ਼ੋਰ; 2030 ਤੱਕ ਦੋਪੱਖੀ ਵਪਾਰ ਨੂੰ 50 ਅਰਬ ਡਾਲਰ ਤੱਕ ਲਿਜਾਣ ਦਾ ਟੀਚਾ

 CEPA ਕੈਨੇਡਾ ਨਾਲ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਵਧਾਉਣ ਵਿੱਚ ਇੱਕ ਮੁੱਖ ਉਤਪ੍ਰੇਰਕ ਹੈ: ਪਿਊਸ਼ ਗੋਇਲ CEPA ਕੈਨੇਡਾ ਨਾਲ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਵਧਾਉਣ ਵਿੱਚ ਇੱਕ ਮੁੱਖ ਉਤਪ੍ਰੇਰਕ ਹੈ: ਪਿਊਸ਼ ਗੋਇਲ / ਐਕਸ

ਭਾਰਤ ਦੇ ਵਪਾਰ ਅਤੇ ਉਦਯੋਗ ਮੰਤਰੀ ਪਿਯੂਸ਼ ਗੋਯਲ ਨੇ ਕੈਨੇਡਾ ਦੇ ਟੋਰਾਂਟੋ ਵਿੱਚ ਹੋਏ ਮੰਤਰੀ ਪੱਧਰੀ ਸੈਸ਼ਨ ਦੌਰਾਨ ਕੈਨੇਡੀਅਨ ਉਦਯੋਗਪਤੀਆਂ ਅਤੇ ਕਾਰੋਬਾਰੀ ਆਗੂਆਂ ਨੂੰ ਭਾਰਤ ਦੀ ਵਿਕਾਸ ਯਾਤਰਾ ਵਿੱਚ ਸਰਗਰਮ ਭਾਗੀਦਾਰ ਬਣਨ ਦਾ ਸੱਦਾ ਦਿੱਤਾ। “ਰਾਜਨੀਤਿਕ ਨਵੀਂ ਸ਼ੁਰੂਆਤ ਤੋਂ ਵਪਾਰਕ ਸਫ਼ਲਤਾ ਤੱਕ” ਵਿਸ਼ੇ ‘ਤੇ ਹੋਏ ਇਸ ਸੈਸ਼ਨ ਵਿੱਚ ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਵੀ ਮੌਜੂਦ ਸਨ।

ਪਿਯੂਸ਼ ਗੋਯਲ ਨੇ ਕਿਹਾ ਕਿ ਭਾਰਤ ਲਗਾਤਾਰ ਕਾਰੋਬਾਰ ਲਈ ਸੁਖਾਵਾਂ ਮਾਹੌਲ ਬਣਾਉਣ ਅਤੇ ਨਿਵੇਸ਼ਕ-ਪੱਖੀ ਨੀਤੀਆਂ ਨੂੰ ਮਜ਼ਬੂਤ ਕਰਨ ਵੱਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਕੈਨੇਡਾ ਵਿਚਕਾਰ ਹੋਣ ਵਾਲਾ ਵਿਆਪਕ ਆਰਥਿਕ ਭਾਈਚਾਰਾ ਸਮਝੌਤਾ (CEPA) ਦੋਵੇਂ ਦੇਸ਼ਾਂ ਵਿਚਕਾਰ ਵਪਾਰ ਅਤੇ ਨਿਵੇਸ਼ ਨੂੰ ਵੱਡੀ ਰਫ਼ਤਾਰ ਦੇਵੇਗਾ ਅਤੇ ਕਈ ਖੇਤਰਾਂ ਵਿੱਚ ਸਾਂਝੇ ਮੌਕੇ ਪੈਦਾ ਕਰੇਗਾ।

ਉਨ੍ਹਾਂ ਕਿਹਾ ਕਿ ਭਾਰਤ-ਕੈਨੇਡਾ ਆਰਥਿਕ ਸਬੰਧਾਂ ਦਾ ਅਗਲਾ ਦੌਰ ਭਰੋਸੇ ਅਤੇ ਸਾਂਝੀ ਖੁਸ਼ਹਾਲੀ ‘ਤੇ ਆਧਾਰਿਤ ਹੋਵੇਗਾ। ਗੋਯਲ ਨੇ ਕਿਹਾ ਕਿ ਦੋਵੇਂ ਦੇਸ਼ਾਂ ਕੋਲ ਵਿਸ਼ਵ ਆਰਥਿਕਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਵੱਡੀ ਸਮਰੱਥਾ ਹੈ।

ਓਟਾਵਾ ਵਿੱਚ ਉੱਚ ਪੱਧਰੀ ਵਪਾਰਕ ਗੱਲਬਾਤ ਤੋਂ ਬਾਅਦ ਪਿਯੂਸ਼ ਗੋਯਲ ਨੇ ਭਾਰਤੀ ਕਾਰੋਬਾਰੀ ਦਲ ਨਾਲ ਟੋਰਾਂਟੋ ਵਿੱਚ ਕਈ ਉਦਯੋਗਿਕ ਗੋਲ-ਮੇਜ਼ ਬੈਠਕਾਂ ਅਤੇ B2B ਮੀਟਿੰਗਾਂ ਵਿੱਚ ਹਿੱਸਾ ਲਿਆ। ਸਰਕਾਰ ਮੁਤਾਬਕ ਇਨ੍ਹਾਂ ਮੀਟਿੰਗਾਂ ਦਾ ਮਕਸਦ ਮੰਤਰੀ ਪੱਧਰ ‘ਤੇ ਹੋਈਆਂ ਚਰਚਾਵਾਂ ਨੂੰ ਹਕੀਕਤੀ ਵਪਾਰਕ ਸਾਂਝ ਵਿੱਚ ਤਬਦੀਲ ਕਰਨਾ ਸੀ।

ਇਹ ਦੌਰਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਮਾਰਚ 2026 ਵਿੱਚ ਨਵੀਂ ਦਿੱਲੀ ਦੌਰੇ ਦੌਰਾਨ ਤੈਅ ਕੀਤੇ ਗਏ ਟੀਚਿਆਂ ਨੂੰ ਅੱਗੇ ਵਧਾਉਣ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਦੋਵੇਂ ਦੇਸ਼ 2030 ਤੱਕ ਦੋਪੱਖੀ ਵਪਾਰ ਨੂੰ ਮੌਜੂਦਾ ਲਗਭਗ 8.5 ਅਰਬ ਡਾਲਰ ਤੋਂ ਵਧਾ ਕੇ 50 ਅਰਬ ਡਾਲਰ ਤੱਕ ਲਿਜਾਣ ਦਾ ਲਕਸ਼ ਰੱਖ ਰਹੇ ਹਨ।

ਵਪਾਰ ਮੰਤਰਾਲੇ ਮੁਤਾਬਕ ਪਿਯੂਸ਼ ਗੋਯਲ ਕੈਨੇਡਾ ਵਿੱਚ ਭਾਰਤ ਦੇ ਸਭ ਤੋਂ ਵੱਡੇ ਕਾਰੋਬਾਰੀ ਦਲ ਦੀ ਅਗਵਾਈ ਕਰ ਰਹੇ ਹਨ, ਜਿਸ ਵਿੱਚ 100 ਤੋਂ ਵੱਧ ਕੰਪਨੀਆਂ ਦੇ ਉਦਯੋਗ ਆਗੂ ਸ਼ਾਮਲ ਹਨ। ਤਿੰਨ ਦਿਨਾਂ ਦਾ ਇਹ ਦੌਰਾ ਭਾਰਤ-ਕੈਨੇਡਾ ਆਰਥਿਕ ਸਬੰਧਾਂ ਨੂੰ ਨਵੀਂ ਮਜ਼ਬੂਤੀ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।

Comments

Leave A Comment

Required fields are marked (*).

Related

Talk to us?