ADVERTISEMENT

ADVERTISEMENT

40 ਮੁਕਤਿਆਂ ਦੇ ਇਤਿਹਾਸ ਨਾਲ ਸਬੰਧਤ ਮੇਲਾ ਮਾਘੀ, ਸ੍ਰੀ ਮੁਕਤਸਰ ਸਾਹਿਬ

ਮੁਕਤਸਰ ਦੀ ਮਾਘੀ ਦੇ ਨਾਂਅ ਨਾਲ ਜਾਣਿਆ ਜਾਂਦਾ 'ਮਾਘੀ ਦਾ ਮੇਲਾ' ਪੰਜਾਬੀਆਂ ਲਈ ਖਾਸ ਇਤਿਹਾਸਕ ਅਤੇ ਧਾਰਮਿਕ ਮਹੱਤਵ ਰੱਖਦਾ ਹੈ

ਪ੍ਰਤੀਕ ਤਸਵੀਰ / Courtesy Photo

ਮੁਕਤਸਰ ਦੀ ਮਾਘੀ ਦੇ ਨਾਂਅ ਨਾਲ ਜਾਣਿਆ ਜਾਂਦਾ 'ਮਾਘੀ ਦਾ ਮੇਲਾ' ਪੰਜਾਬੀਆਂ ਲਈ ਖਾਸ ਇਤਿਹਾਸਕ ਅਤੇ ਧਾਰਮਿਕ ਮਹੱਤਵ ਰੱਖਦਾ ਹੈ, ਜਿਸ ਨੂੰ ਸਿੱਖ ਧਰਮ ਵਿੱਚ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਮੇਲਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘ ਦੇ ਮਹੀਨੇ ਦੀ ਪਹਿਲੀ ਤਾਰੀਖ਼ ਭਾਵ ਮਾਘ ਦੀ ਸੰਗਰਾਂਦ ਨੂੰ ਮਨਾਇਆ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਛੱਡ ਜਾਣ ਵਾਲੇ 40 ਸਿੰਘਾਂ ਨੇ ਮਾਈ ਭਾਗੋ ਜੀ ਦੇ ਹਲੂਣੇ ਅਤੇ ਪ੍ਰੇਰਣਾ ਸਦਕਾ ਮੁੜ ਆਪਣੇ ਗੁਰੂ ਲਈ ਇਥੇ ਜੰਗ ਲੜ ਕੇ ਸ਼ਹੀਦੀ ਪ੍ਰਾਪਤ ਕੀਤੀ ਸੀ। ਇਸ ਦੌਰਾਨ ਜਖ਼ਮੀ ਹਾਲਤ ਵਿਚ ਭਾਈ ਮਹਾਂ ਸਿੰਘ ਤੋਂ ਜਦ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਖਰੀ ਇੱਛਾ ਪੁੱਛੀ ਤਾਂ ਉਨ੍ਹਾਂ ਕਿਹਾ ਕਿ ਉਹ ਬੇਦਾਵਾ ਪਾੜ੍ਹ ਦਿਓ ਜੋ ਅਸੀਂ ਤੁਹਾਨੂੰ ਲਿਖ ਕੇ ਦੇ ਆਏ ਸੀ। ਇਸੇ ਥਾਂ ਗੁਰੂ ਸਾਹਿਬ ਨੇ ਬੇਦਾਵਾ ਪਾੜਿਆ ਅਤੇ ਗੁਰੂ ਸਾਹਿਬ ਨੇ 'ਮੁਕਤ ਸਰ' ਭਾਵ ਮੁਕਤੀ ਦਾ ਸਰੋਵਰ ਹੋਣ ਦਾ ਵਰ ਦਿੱਤਾ ਅਤੇ ਇਹ ਸਥਾਨ ਖਿਦਰਾਣਾ ਤੋਂ ਸ੍ਰੀ ਮੁਕਤਸਰ ਸਾਹਿਬ ਬਣ ਗਿਆ। ਇਹੀ 40 ਸਿੰਘ ਇਤਿਹਾਸ ਵਿੱਚ 40 ਮੁਕਤਿਆਂ ਵਜੋਂ ਜਾਣੇ ਜਾਂਦੇ ਹਨ।

ਮਈ 1704 ਈ. ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਮੁਗਲ ਹਕੂਮਤ ਦੀਆਂ ਫੌਜਾਂ ਵੱਲੋਂ ਘੇਰਾ ਪਾਇਆ ਗਿਆ ਸੀ ਅਤੇ ਇਸ ਸਮੁੱਚੀ ਗਾਥਾ ਦਾ ਆਗਾਜ਼ ਹੁੰਦਾ ਹੈ ਓਸੇ ਸਮੇਂ ਤੋਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਾਫੀ ਦਿਨ ਮੁਗਲਾਂ ਨਾਲ ਯੁੱਧ ਕੀਤਾ। ਇਸ ਮੌਕੇ ਹਾਲਾਤ ਇਸ ਤਰ੍ਹਾਂ ਹੋ ਗਏ ਸਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਕੋਲ ਖਾਣ-ਪੀਣ ਲਈ ਰਾਸ਼ਨ ਬਿਲਕੁਲ ਖਤਮ ਹੋ ਚੁੱਕਾ ਸੀ ਅਤੇ ਇਸ ਕਰਕੇ ਸਿੰਘਾਂ ਕੋਲੋਂ ਭੁੱਖੇ ਰਹਿ ਕੇ ਜੰਗ ਲੜਨਾ ਮੁਸ਼ਕਲ ਹੋ ਗਿਆ ਸੀ। ਇਸ ਮੌਕੇ 40 ਸਿੰਘਾਂ ਵੱਲੋਂ ਇੱਕ ਕਿਸਮ ਨਾਲ ਬਗਾਵਤ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਗਿਆ ਕਿ 'ਗੁਰੂ ਜੀ ਹੁਣ ਸਾਡੇ ਕੋਲੋਂ ਭੁੱਖੇ ਰਹਿ ਕੇ ਜੰਗ ਨਹੀਂ ਲੜੀ ਜਾ ਸਕਦੀ' ਅਤੇ ਇਨ੍ਹਾਂ 40 ਸਿੰਘਾਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਕਾਗਜ਼ ਉੱਪਰ ਬੇਦਾਵਾ ਲਿਖ ਕੇ ਦੇ ਦਿੱਤਾ ਗਿਆ ਸੀ। ਇਸ ਵਿੱਚ ਇਹ ਲਿਖਿਆ ਕਿ 'ਅਸੀਂ ਆਪਣੇ ਘਰ ਵੱਲ ਜਾ ਰਹੇ ਹਾਂ, ਅਸੀਂ ਤੇਰੇ ਸਿੱਖ ਨਹੀਂ, ਤੁਸੀਂ ਸਾਡੇ ਗੁਰੂ ਨਹੀਂ'। ਉਸ ਤੋਂ ਬਾਅਦ ਮੁਗ਼ਲ ਫੌਜਾਂ ਵੱਲੋਂ ਝੂਠੀਆਂ ਕਸਮਾਂ ਖਾ ਕੇ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਲਈ ਕਿਹਾ ਗਿਆ ਅਤੇ ਫੇਰ ਸਿੰਘਾਂ ਦੇ ਕਹਿਣੇ ਉੱਤੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਦਸਮ ਪਾਤਸ਼ਾਹ ਪਰਿਵਾਰ ਵਿਛੋੜਾ, ਚਮਕੌਰ ਸਾਹਿਬ, ਮਾਛੀਵਾੜਾ ਸਾਹਿਬ, ਆਲਮਗੀਰ ਸਾਹਿਬ, ਟਾਹਲੀਆਣਾ ਸਾਹਿਬ (ਰਾਏਕੋਟ) ਤੋਂ ਹੁੰਦੇ ਹੋਏ ਖਿਦਰਾਣੇ ਦੀ ਢਾਬ ਪਹੁੰਚੇ ਸੀ ਜਿੱਥੇ ਇੱਕ ਇਤਿਹਾਸਕ ਘਟਨਾਕ੍ਰਮ ਦਾ ਮੁੱਢ ਬੱਝਿਆ।

ਮੁਕਤਸਰ ਤੋਂ ਸ੍ਰੀ ਮੁਕਤਸਰ ਸਾਹਿਬ ਬਣੇ ਇਸ ਇਤਿਹਾਸਕ ਸ਼ਹਿਰ ਦਾ ਪਹਿਲਾ ਨਾਂਅ ਖਿਦਰਾਣਾ ਸੀ ਅਤੇ ਇਸ ਜਗ੍ਹਾ 'ਤੇ ਖਿਦਰਾਣੇ ਦੀ ਢਾਬ ਸੀ। ਇਹ ਇਲਾਕਾ ਜੰਗਲੀ ਹੋਣ ਕਰਕੇ ਇੱਥੇ ਅਕਸਰ ਪਾਣੀ ਦੀ ਘਾਟ ਰਹਿੰਦੀ ਸੀ। ਪਾਣੀ ਦੀ ਧਰਤੀ ਹੇਠਲੀ ਸਤ੍ਹਾ ਬਹੁਤ ਜ਼ਿਆਦਾ ਨੀਵੀਂ ਹੋਣ ਕਰਕੇ ਜੇਕਰ ਕੋਈ ਯਤਨ ਕਰਕੇ ਖੂਹ ਆਦਿ ਲਾਉਣ ਦਾ ਉਪਰਾਲਾ ਵੀ ਕਰਦਾ ਤਾਂ ਥੱਲਿਓਂ ਪਾਣੀ ਹੀ ਇਨ੍ਹਾ ਖਾਰਾ ਨਿਕਲਦਾ ਸੀ ਕਿ ਉਹ ਬਿਲਕੁਲ ਵੀ ਪੀਣ ਯੋਗ ਨਾ ਹੁੰਦਾ। ਇਸ ਲਈ ਇੱਥੇ ਇੱਕ ਢਾਬ ਖੁਦਵਾਈ ਗਈ, ਜਿਸ ਵਿੱਚ ਬਰਸਾਤ ਦਾ ਪਾਣੀ ਜਮਾਂ ਕੀਤਾ ਜਾਂਦਾ ਸੀ। ਇਸ ਢਾਬ ਦਾ ਮਾਲਕ ਖਿਦਰਾਣਾ ਸੀ, ਜੋ ਫਿਰੋਜ਼ਪੁਰ ਜ਼ਿਲ੍ਹੇ ਦੇ ਜਲਾਲਾਬਾਦ ਦਾ ਵਸਨੀਕ ਸੀ, ਜਿਸ ਕਰਕੇ ਇਸ ਦਾ ਨਾਂਅ 'ਖਿਦਰਾਣੇ ਦੀ ਢਾਬ' ਵਜੋਂ ਜਾਣਿਆ ਜਾਂਦਾ ਸੀ। ਕੋਟਕਪੂਰੇ ਪਹੁੰਚ ਕੇ ਗੁਰੂ ਸਾਹਿਬ ਨੇ ਚੌਧਰੀ ਕਪੂਰੇ ਪਾਸੋਂ ਕਿਲੇ ਦੀ ਮੰਗ ਕੀਤੀ ਪਰ ਮੁਗਲ ਹਕੂਮਤ ਦੇ ਡਰ ਤੋਂ ਚੌਧਰੀ ਕਪੂਰੇ ਨੇ ਕਿਲ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ। ਗੁਰੂ ਸਾਹਿਬ ਨੇ ਸਿੱਖ ਸਿਪਾਹੀਆਂ ਸਮੇਤ ਖਿਦਰਾਣੇ ਵੱਲ ਚਾਲੇ ਪਾਏ ਅਤੇ 'ਖਿਦਰਾਣੇ ਦੀ ਢਾਬ' ਉੱਤੇ ਜਾ ਪਹੁੰਚੇ। ਜਿਸ ਵੇਲੇ ਗੁਰੂ ਸਾਹਿਬ ਖਿਦਰਾਣੇ ਪਹੁੰਚੇ ਸਨ ਲਗਪਗ ਓਸੇ ਸਮੇਂ ਦੁਸ਼ਮਣ ਦੀਆਂ ਫੌਜਾਂ ਸਰਹੰਦ ਦੇ ਸੂਬੇਦਾਰ ਦੀ ਕਮਾਨ ਹੇਠ ਓਥੇ ਪਹੁੰਚ ਗਈਆਂ ਸਨ। ਗੁਰੂ ਸਾਹਿਬ ਅਤੇ ਉਨ੍ਹਾਂ ਦੇ 40 ਮਹਾਨ ਸਿੱਖ ਯੋਧੇ, ਜੋ ਇੱਕ ਸਮੇਂ ਬੇਦਾਵਾ ਦੇ ਗਏ ਸਨ, ਨੂੰ ਮਾਈ ਭਾਗੋ ਨੇ ਅਜਿਹਾ ਹਲੂਣਾ ਦਿੱਤਾ ਕਿ ਉਨਾਂ ਦੀ ਰੂਹ ਝੰਜੋੜੀ ਗਈ ਅਤੇ ਇਸੇ ਪ੍ਰੇਰਣਾ ਸਦਕਾ ਉਨਾਂ ਨੇ ਵਾਪਸੀ ਕੀਤੀ ਅਤੇ ਗੁਰੂ ਸਾਹਿਬ ਨਾਲ ਮਿਲ ਕੇ 'ਖਿਦਰਾਣੇ ਦੀ ਢਾਬ' 'ਤੇ ਮੋਰਚੇ ਕਾਇਮ ਕਰ ਲਏ।

ਖਿਦਰਾਣੇ ਦੀ ਢਾਬ ਇਸ ਸਮੇਂ ਸੁੱਕੀ ਪਈ ਸੀ। ਇਸ ਦੇ ਇਰਦ-ਗਿਰਦ ਝਾੜ ਉੱਗੇ ਹੋਏ ਸਨ। ਸਿੰਘਾਂ ਨੇ ਝਾੜਾਂ ਦਾ ਆਸਰਾ ਲਿਆ ਅਤੇ ਮੁਗਲ ਸਿਪਾਹੀਆਂ ਦੀ ਆਉਂਦੀ ਫੌਜ ਉੱਤੇ ਇੱਕ ਦਮ ਬਾਜ਼ਾਂ ਵਾਂਗ ਝਪਟ ਪਏ। ਇਸ ਗਹਿਗੱਚ ਲੜਾਈ ਦੌਰਾਨ ਸਿੱਖ ਫੌਜਾਂ ਦੀ ਬਹਾਦਰੀ ਵੇਖ ਮੁਗਲ ਫੌਜਾਂ ਜੰਗ ਦੇ ਮੈਦਾਨ 'ਚੋਂ ਭੱਜ ਗਈਆਂ। ਇਸ ਜੰਗ 'ਚ ਮੁਗਲ ਫੌਜ ਦੇ ਬਹੁਤ ਸਾਰੇ ਸਿਪਾਹੀ ਮਾਰੇ ਗਏ ਅਤੇ ਗੁਰੂ ਸਾਹਿਬ ਦੇ ਵੀ ਕਈ ਸਿੰਘ ਬਹਾਦਰੀ ਦੇ ਜੌਹਰ ਵਿਖਾਉਂਦੇ ਹੋਏ ਸ਼ਹੀਦ ਹੋ ਗਏ। ਇਸੇ ਥਾਂ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾਂ ਸਿੰਘ ਜੀ, ਜੋ ਆਪਣੇ ਸਾਥੀਆਂ ਸਮੇਤ ਸ੍ਰੀ ਆਨੰਦਪੁਰ ਸਾਹਿਬ ਵਿਖੇ ਬੇਦਾਵਾ ਦੇ ਆਏ ਸਨ, ਉਸ ਬੇਦਾਵੇ ਨੂੰ ਪਾੜ ਕੇ ਬੇਦਾਵਾਈਏ ਸਿੰਘਾਂ ਨੂੰ ਮੁਕਤ ਕੀਤਾ ਅਤੇ ਭਾਈ ਮਹਾਂ ਸਿੰਘ ਨੂੰ ਆਪਣੀ ਗੋਦ 'ਚ ਲੈ ਕੇ ਬੇਦਾਵਾ ਪਾੜ ਦਿੱਤਾ। ਭਾਈ ਮਹਾਂ ਸਿੰਘ ਜੀ ਨੇ ਇਸੇ ਜਗ੍ਹਾ 'ਤੇ ਸ਼ਹੀਦੀ ਪ੍ਰਾਪਤ ਕੀਤੀ। ਇਸ ਜੰਗ ਵਿੱਚ ਮਾਈ ਭਾਗੋ ਜੀ ਨੇ ਵੀ ਜੌਹਰ ਵਿਖਾਏ ਅਤੇ ਜ਼ਖ਼ਮੀ ਹੋਏ, ਜਿੰਨ੍ਹਾਂ ਦੀ ਮੱਲ੍ਹਮ ਪੱਟੀ ਗੁਰੂ ਜੀ ਨੇ ਆਪਣੇ ਹੱਥੀ ਕੀਤੀ ਅਤੇ ਤੰਦਰੁਸਤ ਹੋਣ ਉਪਰੰਤ ਖਾਲਸਾ ਦਲ 'ਚ ਸ਼ਾਮਲ ਕੀਤਾ।

ਇਸੇ ਧਰਤੀ ਉੱਤੇ ਕਈ ਇਤਿਹਾਸਕ ਗੁਰੂ ਘਰ ਵੀ ਮੌਜੂਦ ਹਨ ਜਿਨਾਂ ਦਾ ਉਚੇਚਾ ਜ਼ਿਕਰ ਕਰਨਾ ਬਣਦਾ ਹੈ। ਜਿਸ ਥਾਂ 'ਤੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾਂ ਸਿੰਘ ਨੂੰ ਆਪਣੀ ਗੋਦ ਵਿੱਚ ਲੈ ਕੇ ਭਾਈ ਮਹਾਂ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਦਿੱਤਾ ਬੇਦਾਵਾ ਪਾੜ ਕੇ ਉਨ੍ਹਾਂ ਦੀ ਗੁਰੂ ਨਾਲ ਟੁੱਟੀ ਗੰਢੀ ਗਈ ਸੀ ਓਸ ਥਾਂ ਉੱਤੇ ਸਥਿਤ ਗੁਰਦੁਆਰਾ ਸਾਹਿਬ ਦਾ ਨਾਂਅ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਹੈ। ਮੁਗਲਾਂ ਨਾਲ ਖਿਦਰਾਣੇ ਦੀ ਜੰਗ ਸਮੇਂ ਜਿਸ ਜਗ੍ਹਾ 'ਤੇ ਸਿੱਖਾਂ ਵੱਲੋਂ ਤੰਬੂ ਲਗਾਏ ਗਏ ਸਨ ਉਥੇ ਹੁਣ ਗੁਰਦੁਆਰਾ ਤੰਬੂ ਸਾਹਿਬ ਸ਼ਸ਼ੋਭਿਤ ਹੈ। ਖਿਦਰਾਣੇ ਦੀ ਜੰਗ 'ਚ ਜੌਹਰ ਵਿਖਾਉਣ ਵਾਲੀ ਮਹਾਨ ਸਿੰਘਣੀ ਮਾਤਾ ਭਾਗੋ ਜੀ ਦੀ ਯਾਦ 'ਚ ਗੁਰਦੁਆਰਾ ਤੰਬੂ ਸਾਹਿਬ ਦੇ ਨਾਲ ਹੀ ਮਾਤਾ ਭਾਗ ਕੌਰ ਜੀ ਦਾ ਗੁਰਦੁਆਰਾ ਵੀ ਬਣਾਇਆ ਗਿਆ ਹੈ। ਜਿਸ ਸਥਾਨ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਲਾਕੇ ਦੇ ਸਿੱਖਾਂ ਦੀ ਮਦਦ ਨਾਲ ਮੁਗਲਾਂ ਨਾਲ ਜੰਗ ਕਰਦਿਆਂ ਸ਼ਹੀਦ ਹੋਏ 40 ਮੁਕਤਿਆਂ ਦਾ ਅੰਤਿਮ ਸਸਕਾਰ ਕੀਤਾ ਸੀ ਉਸ ਦਾ ਨਾਂਅ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਜੋਂ ਪ੍ਰਸਿੱਧ ਹੈ। ਓਹ ਥਾਂ, ਜਿੱਥੇ ਇੱਕ ਉੱਚੀ ਟਿੱਬੀ ਸੀ, ਜਿਸ 'ਤੇ ਬੈਠ ਕੇ ਗੁਰੂ ਸਾਹਿਬ ਨੇ ਮੁਗਲਾਂ ਵਿਰੁੱਧ ਜੰਗ ਲੜੀ ਅਤੇ ਇਸੇ ਜਗ੍ਹਾ 'ਤੇ ਬੈਠ ਕੇ ਗੁਰੂ ਸਾਹਿਬ ਮੁਗਲ ਫੌਜ 'ਤੇ ਤੀਰ ਚਲਾਉਂਦੇ ਰਹੇ, ਓਥੇ ਗੁਰਦੁਆਰਾ ਟਿੱਬੀ ਸਾਹਿਬ ਦਾ ਗੁਰੂਘਰ ਸਥਿਤ ਹੈ। ਗੁਰਦੁਆਰਾ ਰਕਾਬਸਰ ਸਾਹਿਬ ਉਹ ਸਥਾਨ ਹੈ, ਜਿੱਥੇ ਦਸਮੇਸ਼ ਪਿਤਾ ਦੇ ਘੋੜੇ ਦੀ ਰਕਾਬ ਟੁੱਟ ਗਈ ਸੀ।

ਜਦੋਂ ਗੁਰੂ ਸਾਹਿਬ ਟਿੱਬੀ ਸਾਹਿਬ ਤੋਂ ਉੱਤਰ ਕੇ ਖਿਦਰਾਣੇ ਦੀ ਰਣ ਭੂਮੀ ਵੱਲ ਚਾਲੇ ਪਾਉਣ ਲੱਗੇ ਤਾਂ ਉਸ ਸਮੇਂ ਘੋੜੇ ਦੀ ਰਕਾਬ ਉੱਤੇ ਕਦਮ ਰੱਖਦਿਆ ਉਹ ਟੁੱਟ ਗਈ ਸੀ। ਹੁਣ ਤੱਕ ਉਹ ਟੁੱਟੀ ਹੋਈ ਰਕਾਬ ਉਸੇ ਤਰ੍ਹਾਂ ਹੀ ਸਾਂਭ ਕੇ ਰੱਖੀ ਹੈ, ਜਿੱਥੇ ਹੁਣ ਗੁਰਦੁਆਰਾ ਰਕਾਬਸਰ ਬਣਿਆ ਹੋਇਆ ਹੈ। ਇਸੇ ਤਰਾਂ, 1706 ਈ ਵਿੱਚ ਜਦੋਂ ਗੁਰੂ ਸਾਹਿਬ ਖਿਦਰਾਣਾ ਤੋਂ ਟਿੱਬੀ ਸਾਹਿਬ ਪਧਾਰੇ ਤਾਂ ਸਵੇਰੇ ਇਸ ਜਗ੍ਹਾ 'ਤੇ ਦਾਤਣ ਕੀਤੀ ਸੀ ਜੋ ਹੁਣ ਗੁਰਦੁਆਰਾ ਦਾਤਣਸਰ ਸਾਹਿਬ ਵਜੋਂ ਮੌਜੂਦ ਹੈ। ਇਹ ਸਥਾਨ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੋਂ ਲਗਭਗ 4 ਕਿਲੋਮੀਟਰ ਦੂਰ ਹੈ। ਇਸ ਜਗ੍ਹਾ ਨਾਲ ਇੱਕ ਹੋਰ ਘਟਨਾ ਜੁੜੀ ਹੋਈ ਹੈ। ਇਸ ਗੁਰਦੁਆਰਾ ਸਾਹਿਬ ਦੇ ਨਾਲ ਬਾਹਰਵਾਰ ਇੱਕ ਮੁਗਲ ਦੀ ਕਬਰ ਹੈ, ਜੋ ਸੂਬਾ ਸਰਹਿੰਦ ਦੇ ਹੁਕਮ ਨਾਲ ਭੇਸ ਬਦਲ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਤਲ ਕਰਨ ਲਈ ਅੱਗੇ ਆਇਆ ਸੀ। ਖਿਦਰਾਣੇ ਤੋਂ ਅੱਗੇ ਟਿੱਬੀ ਸਾਹਿਬ ਦੇ ਸਥਾਨ 'ਤੇ ਗ਼ਾਲਬਾਨ ਜੰਗ ਤੋਂ ਬਾਅਦ ਅਗਲੇ ਦਿਨ ਜਦ ਗੁਰੂ ਜੀ ਕਮਰਕੱਸਾ ਖੋਲ ਕੇ ਦਾਤਣ ਕਰਨ ਲੱਗੇ ਸਨ ਤਾਂ ਪਿਛਲੇ ਉਸ ਮੁਗਲ ਨੇ ਗੁਰੂ ਜੀ 'ਤੇ ਤਲਵਾਰ ਚਲਾ ਦਿੱਤੀ। ਗੁਰੂ ਜੀ ਨੇ ਬੜੀ ਫੁਰਤੀ ਨਾਲ ਉਸ ਦਾ ਵਾਰ ਗਡਵੇ ਨਾਲ ਰੋਕ ਕੇ ਉਹੀ ਗਡਵਾਂ ਉਸ ਦੇ ਮੂੰਹ 'ਤੇ ਏਨੇ ਜ਼ੋਰ ਨਾਲ ਮਾਰਿਆ ਕਿ ਉਹ ਮੁਗਲ ਉਥੇ ਹੀ ਚਿੱਤ ਹੋ ਗਿਆ ਸੀ। ਦਾਤਣਸਰ ਨੇੜੇ ਜਿੱਥੇ ਇਹ ਮੁਗਲ ਮਾਰਿਆ ਗਿਆ ਸੀ, ਉਥੇ ਉਸ ਦੀ ਕਬਰ ਬਣੀ ਹੋਈ ਹੈ ਅਤੇ ਦਾਤਣਸਰ ਸਾਹਿਬ ਦੇ ਦਰਸ਼ਨ ਕਰਨ ਆਈਆਂ ਸੰਗਤਾਂ ਇਸ ਕਬਰ 'ਤੇ ਜੁੱਤੀਆਂ ਵੀ ਮਾਰਦੀਆਂ ਹਨ।

ਸਿੱਖ ਇਤਿਹਾਸ ਦੇ 40 ਮੁਕਤਿਆਂ ਦੀ ਇਸ ਪਵਿੱਤਰ ਅਤੇ ਇਤਿਹਾਸਕ ਧਰਤੀ ਉੱਤੇ ਮਾਘੀ ਦੇ ਸ਼ੁੱਭ ਦਿਹਾੜੇ 'ਤੇ ਦੂਰ ਦੁਰਾਡੇ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਠੰਡ ਦੀ ਰੁੱਤ ਦੇ ਬਾਵਜੂਦ ਸਰਧਾ ਅਤੇ ਸਤਿਕਾਰ ਨਾਲ ਇਥੇ ਬਣੇ ਸਰੋਵਰ 'ਚ ਇਸ਼ਨਾਨ ਕਰਕੇ ਆਪਣਾ ਜੀਵਨ ਸਫ਼ਲਾ ਕਰਦੇ ਹਨ। ਓਹ ਪਾਵਨ ਅਸਥਾਨ ਜਿੱਥੇ ਗੁਰੂ ਸਾਹਿਬ ਦੀ ਕਿਰਪਾ ਨਾਲ ਬੇਦਾਵਾ ਦੇ ਕੇ ਆਏ ਸਿੱਖਾਂ ਦੀ ਟੁੱਟੀ ਗੰਢੀ ਗਈ ਸੀ, ਓਸ ਵਾਕਿਆਤ ਨੂੰ ਚੇਤੇ ਕਰਦੇ ਹੋਏ ਅੱਜ ਲੋੜ ਹੈ ਕਿ ਇਸ ਪਵਿੱਤਰ ਦਿਹਾੜੇ 'ਤੇ ਆਪਾਂ ਸਭ ਵੀ ਇਹੀ ਅਰਦਾਸ ਕਰੀਏ ਕਿ ਟੁੱਟੀਆਂ ਗੰਢਣ ਵਾਲੇ ਦਸਮ ਪਿਤਾ, ਸਾਨੂੰ ਸਭ ਨੂੰ ਵੀ ਆਪਣੀ ਕ੍ਰਿਪਾ ਨਾਲ ਗੰਢ ਕੇ ਰੱਖਣ ਅਤੇ ਆਪਣੀ ਰਹਿਮਤ ਨਾਲ ਨਿਵਾਜਣ। ਇਸ ਨਵੇਂ ਵਰ੍ਹੇ ਭਾਵ ਸਾਲ 2026 ਦਾ ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ ਪਹਿਲੀ ਮਾਘ 557 ਭਾਵ ਬੁੱਧਵਾਰ 14 ਜਨਵਰੀ 2026 ਨੂੰ ਮਨਾਇਆ ਜਾ ਰਿਹਾ ਹੈ।

Comments

Related