ADVERTISEMENT

ADVERTISEMENT

ਭਾਰਤ ਦੇ ਸਰਵਿਸ ਸੈਕਟਰ ਦੀ ਵਿਕਾਸ ਦਰ ਦਸੰਬਰ ਵਿੱਚ ਹੇਠਲੇ ਪੱਧਰ 'ਤੇ: ਰਿਪੋਰਟ

ਮੈਨੂਫੈਕਚਰਿੰਗ ਖੇਤਰ ਵਿੱਚ ਵੀ ਦੋ ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ ਦੇਖੀ ਗਈ

ਇੱਕ ਤਾਜ਼ਾ ਸਰਵੇਖਣ ਅਨੁਸਾਰ, ਨਵੇਂ ਕਾਰੋਬਾਰਾਂ ਵਿੱਚ ਕਮੀ ਅਤੇ ਭਰਤੀ ਪ੍ਰਕਿਰਿਆ ਰੁਕਣ ਕਾਰਨ ਦਸੰਬਰ ਵਿੱਚ ਭਾਰਤ ਦੇ ਸਰਵਿਸ ਸੈਕਟਰ (ਸੇਵਾ ਖੇਤਰ) ਵਿੱਚ ਵਾਧੇ ਦੀ ਦਰ ਦਸੰਬਰ ਮਹੀਨੇ ਵਿੱਚ ਘੱਟ ਹੋ ਕੇ ਪਿਛਲੇ 11 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਈ ਹੈ। 

ਐਸ ਐਂਡ ਪੀ ਗਲੋਬਲ ਵੱਲੋਂ ਤਿਆਰ ਕੀਤਾ ਗਿਆ ਐਚਐਸਬੀਸੀ ਇੰਡੀਆ ਸਰਵਿਸਿਜ਼ ਪਰਚੇਜ਼ਿੰਗ ਮੈਨੇਜਰਜ਼ ਇੰਡੈਕਸ (PMI)- ਨਵੰਬਰ ਦੇ 59.8 ਤੋਂ ਘਟ ਕੇ ਦਸੰਬਰ ਵਿੱਚ 58.0 ‘ਤੇ ਆ ਗਿਆ, ਜੋ ਕਿ ਪਹਿਲਾਂ ਜਾਰੀ ਕੀਤੇ ਗਏ ਅੰਦਾਜ਼ੇ 59.1 ਤੋਂ ਵੀ ਘੱਟ ਹੈ। 50.0 ਤੋਂ ਉੱਪਰ ਦਾ ਅੰਕ ਕਾਰੋਬਾਰੀ ਗਤੀਵਿਧੀਆਂ ਵਿੱਚ ਵਾਧੇ ਨੂੰ ਦਰਸਾਉਂਦਾ ਹੈ, ਜਦਕਿ ਇਸ ਤੋਂ ਹੇਠਾਂ ਆਉਣਾ ਗਿਰਾਵਟ ਵੱਲ ਇਸ਼ਾਰਾ ਕਰਦਾ ਹੈ।

ਐਸ ਐਂਡ ਪੀ ਗਲੋਬਲ ਮਾਰਕਿਟ ਇੰਟੈਲੀਜੈਂਸ ਦੀ ਅਰਥਸ਼ਾਸਤਰੀ ਸਹਾਇਕ ਡਾਇਰੈਕਟਰ ਪੌਲੀਆਨਾ ਡੀ ਲੀਮਾ ਨੇ ਕਿਹਾ, “ਦਸੰਬਰ ਵਿੱਚ ਭਾਰਤ ਦਾ ਸਰਵਿਸ ਸੈਕਟਰ ਚੰਗਾ ਪ੍ਰਦਰਸ਼ਨ ਕਰਦਾ ਰਿਹਾ, ਪਰ ਸਾਲ 2025 ਦੇ ਅੰਤ ਤੱਕ ਸੂਚਕਾਂ ਵਿੱਚ ਆਈ ਗਿਰਾਵਟ ਨਵੇਂ ਸਾਲ ਵਿੱਚ ਵਿਕਾਸ ਦਰ ਦੇ ਮੱਧਮ ਰਹਿਣ ਦਾ ਸੰਕੇਤ ਦੇ ਸਕਦੀ ਹੈ।" 

ਨਵੇਂ ਕਾਰੋਬਾਰਾਂ ਵਿੱਚ ਵਾਧਾ ਜਨਵਰੀ 2025 ਤੋਂ ਬਾਅਦ ਸਭ ਤੋਂ ਸੁਸਤ ਰਿਹਾ। ਹਾਲਾਂਕਿ ਗਾਹਕਾਂ ਦੀ ਦਿਲਚਸਪੀ ਬਣੀ ਹੋਈ ਹੈ, ਪਰ ਸਸਤੀਆਂ ਸੇਵਾਵਾਂ ਦੇਣ ਵਾਲੇ ਮੁਕਾਬਲੇਬਾਜ਼ਾਂ ਕਾਰਨ ਇਸ ਦੀ ਰਫ਼ਤਾਰ ਘੱਟ ਗਈ ਹੈ। 

ਰੁਜ਼ਗਾਰ ਦੇ ਮਾਮਲੇ ‘ਚ ਸਥਿਤੀ ਹੋਰ ਕਮਜ਼ੋਰ ਹੋ ਗਈ ਹੈ। ਪਿਛਲੇ 42 ਮਹੀਨਿਆਂ ਤੋਂ ਚੱਲ ਰਹੀ ਲਗਾਤਾਰ ਭਰਤੀ ਦੀ ਲਹਿਰ ਪਿਛਲੇ ਮਹੀਨੇ ਰੁਕ ਗਈ। ਲਗਭਗ 96 ਫੀਸਦੀ ਕੰਪਨੀਆਂ ਨੇ ਆਪਣੇ ਸਟਾਫ਼ ਦੀ ਗਿਣਤੀ ਵਿੱਚ ਕੋਈ ਬਦਲਾਅ ਨਹੀਂ ਕੀਤਾ, ਜਦਕਿ ਕੁਝ ਨੇ ਮਾਮੂਲੀ ਕਟੌਤੀ ਵੀ ਕੀਤੀ। ਹਾਲਾਂਕਿ ਅੰਤਰਰਾਸ਼ਟਰੀ ਮੰਗ ਨੇ ਕੁਝ ਰਾਹਤ ਦਿੱਤੀ ਹੈ, ਕਿਉਂਕਿ ਨਵੇਂ ਨਿਰਯਾਤ ਆਰਡਰ ਨਵੰਬਰ ਦੇ ਅੱਠ ਮਹੀਨਿਆਂ ਦੇ ਨੀਵੇਂ ਪੱਧਰ ਤੋਂ ਤੇਜ਼ੀ ਨਾਲ ਵਧੇ।

ਡੀ ਲੀਮਾ ਨੇ ਕਿਹਾ, “ਜੋ ਗੱਲ ਭਵਿੱਖ ਲਈ ਹੌਂਸਲਾ ਦਿੰਦੀ ਹੈ, ਉਹ ਹੈ ਘੱਟ ਮਹਿੰਗਾਈ ਵਾਲਾ ਮਾਹੌਲ। ਜੇਕਰ ਸੇਵਾ ਖੇਤਰ ਦੀਆਂ ਕੰਪਨੀਆਂ ਨੂੰ ਆਪਣੇ ਖਰਚਿਆਂ ਵਿੱਚ ਸਿਰਫ਼ ਹਲਕਾ ਵਾਧਾ ਹੀ ਦਿਖਾਈ ਦਿੰਦਾ ਹੈ, ਤਾਂ ਉਹ ਮੁਕਾਬਲੇ ਵਿੱਚ ਬਿਹਤਰ ਢੰਗ ਨਾਲ ਟਿਕ ਸਕਣਗੀਆਂ, ਕੀਮਤਾਂ ਵਿੱਚ ਵਾਧੇ ਨੂੰ ਰੋਕ ਸਕਣਗੀਆਂ ਜਿਸ ਨਾਲ ਵਿਕਰੀ ਅਤੇ ਰੁਜ਼ਗਾਰ ਵਿੱਚ ਵਾਧਾ ਹੋ ਸਕਦਾ ਹੈ।”

ਮੈਨੂਫੈਕਚਰਿੰਗ (ਨਿਰਮਾਣ) ਖੇਤਰ ਵਿੱਚ ਵੀ ਦੋ ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ ਦੇਖੀ ਗਈ, ਜਿਸ ਕਾਰਨ ਭਾਰਤ ਦਾ ਐਚਐਸਬੀਸੀ ਇੰਡੀਆ ਕੰਪੋਜ਼ਿਟ PMI ਨਵੰਬਰ ਦੇ 59.7 ਤੋਂ ਡਿੱਗ ਕੇ ਦਸੰਬਰ ਵਿੱਚ 57.8 'ਤੇ ਆ ਗਿਆ ਹੈ।

Comments

Related