ਗੁਰਅੰਮ੍ਰਿਤ ਸਿੱਧੂ / X/ FBILosAngeles
ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ ਗੁਰਅੰਮ੍ਰਿਤ ਸਿੱਧੂ ਨੂੰ ਨਸ਼ਾ ਤਸਕਰੀ ਦੇ ਇੱਕ ਵੱਡੇ ਮਾਮਲੇ ਵਿੱਚ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਸਿੱਧੂ ਨੂੰ ਅਮਰੀਕਾ ਤੋਂ ਕੈਨੇਡਾ ਤੱਕ ਸੈਂਕੜੇ ਕਿਲੋਗ੍ਰਾਮ ਕੋਕੀਨ ਅਤੇ ਮੈਥਾਮਫੈਟਾਮਾਈਨ ਦੀ ਤਸਕਰੀ ਕਰਨ ਵਾਲੇ ਅਪਰਾਧਿਕ ਗਿਰੋਹ ਦੀ ਅਗਵਾਈ ਕਰਨ ਦਾ ਦੋਸ਼ੀ ਕਰਾਰ ਦਿੱਤਾ।
ਓਨਟਾਰੀਓ ਦੇ ਬਰੈਂਪਟਨ ਵਾਸੀ 63 ਸਾਲਾ ਗੁਰਅੰਮ੍ਰਿਤ ਸਿੱਧੂ ਨੂੰ ਅਮਰੀਕੀ ਜ਼ਿਲ੍ਹਾ ਜੱਜ ਜੌਨ ਏ. ਕ੍ਰੋਨਸਟੈਡ ਨੇ 240 ਮਹੀਨਿਆਂ ਦੀ ਸੰਘੀ ਕੈਦ ਦੀ ਸਜ਼ਾ ਸੁਣਾਈ। ਸਿੱਧੂ ਨੇ ਇਸ ਸਾਲ ਮਾਰਚ ਵਿੱਚ ਲਗਾਤਾਰ ਅਪਰਾਧਿਕ ਗਤੀਵਿਧੀਆਂ ਚਲਾਉਣ ਦੇ ਇੱਕ ਦੋਸ਼ ਨੂੰ ਸਵੀਕਾਰ ਕਰ ਲਿਆ ਸੀ। ਉਸ ਨੂੰ ਅਕਤੂਬਰ 2024 ਵਿੱਚ ਕੈਨੇਡਾ ਤੋਂ ਹਵਾਲਗੀ ਰਾਹੀਂ ਅਮਰੀਕਾ ਲਿਆਂਦਾ ਗਿਆ ਸੀ ਅਤੇ ਉਦੋਂ ਤੋਂ ਉਹ ਸੰਘੀ ਹਿਰਾਸਤ ਵਿੱਚ ਹੈ।
ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਸਿੱਧੂ ਨੇ ਸਤੰਬਰ 2020 ਤੋਂ ਫ਼ਰਵਰੀ 2023 ਤੱਕ ਅਮਰੀਕਾ ਤੋਂ ਕੈਨੇਡਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਦੀ ਅਗਵਾਈ ਕੀਤੀ। ਸਰਕਾਰੀ ਵਕੀਲਾਂ ਮੁਤਾਬਕ, ਸਤੰਬਰ ਅਤੇ ਅਕਤੂਬਰ 2022 ਦਰਮਿਆਨ ਉਸ ਨੇ ਅੱਠ ਵੱਖ-ਵੱਖ ਖੇਪਾਂ ਰਾਹੀਂ ਲਗਭਗ 523 ਕਿਲੋਗ੍ਰਾਮ ਮੈਥਾਮਫੈਟਾਮਾਈਨ ਅਤੇ 347 ਕਿਲੋਗ੍ਰਾਮ ਕੋਕੀਨ ਦੀ ਤਸਕਰੀ ਦਾ ਪ੍ਰਬੰਧ ਕੀਤਾ। ਜਾਂਚ ਏਜੰਸੀਆਂ ਨੇ ਇਹ ਨਸ਼ੀਲੇ ਪਦਾਰਥ ਜ਼ਬਤ ਕਰ ਲਏ, ਜਿਨ੍ਹਾਂ ਦੀ ਥੋਕ ਬਾਜ਼ਾਰ ਵਿੱਚ ਕੀਮਤ ਲਗਭਗ 1.5 ਤੋਂ 1.7 ਕਰੋੜ ਅਮਰੀਕੀ ਡਾਲਰ ਅੰਕੀ ਗਈ।
ਜਾਂਚ ਵਿੱਚ ਸਾਹਮਣੇ ਆਇਆ ਕਿ ਸਿੱਧੂ ਅਮਰੀਕਾ ਵਿੱਚ ਨਸ਼ੀਲੇ ਪਦਾਰਥ ਖਰੀਦਣ ਤੋਂ ਬਾਅਦ ਉਨ੍ਹਾਂ ਨੂੰ ਲੰਬੀ ਦੂਰੀ ਤੈਅ ਕਰਨ ਵਾਲੇ ਮਾਲਵਾਹਕ ਟਰੱਕਾਂ ਰਾਹੀਂ ਕੈਨੇਡਾ ਭੇਜਦਾ ਸੀ। ਉਹ ਡਿਲੀਵਰੀ ਦੌਰਾਨ ਪਛਾਣ ਦੀ ਪੁਸ਼ਟੀ ਲਈ ਕੂਰੀਅਰਾਂ ਨੂੰ ਫ਼ੋਨ ਨੰਬਰ ਅਤੇ ਕਰੰਸੀ ਨੋਟਾਂ ਦੇ ਸੀਰੀਅਲ ਨੰਬਰ ਵੀ ਮੁਹੱਈਆ ਕਰਵਾਉਂਦਾ ਸੀ। ਕੈਨੇਡਾ ਪਹੁੰਚਣ ਤੋਂ ਬਾਅਦ ਉਹ ਅਤੇ ਉਸ ਦੇ ਸਾਥੀ ਇਹ ਖੇਪਾਂ ਆਪਣੇ ਕਬਜ਼ੇ ਵਿੱਚ ਲੈ ਕੇ ਅੱਗੇ ਵੰਡਦੇ ਸਨ।
ਇਸ ਮਾਮਲੇ ਵਿੱਚ ਸਿੱਧੂ ਦੋਸ਼ ਕਬੂਲ ਕਰਨ ਵਾਲਾ ਅੱਠਵਾਂ ਮੁਲਜ਼ਮ ਹੈ। ਇਸ ਤੋਂ ਪਹਿਲਾਂ ਇਸ ਕੇਸ ਨਾਲ ਜੁੜੇ ਕਈ ਹੋਰ ਮੁਲਜ਼ਮਾਂ ਨੂੰ ਵੀ 27 ਤੋਂ 108 ਮਹੀਨਿਆਂ ਤੱਕ ਦੀ ਸੰਘੀ ਕੈਦ ਦੀਆਂ ਸਜ਼ਾਵਾਂ ਸੁਣਾਈਆਂ ਜਾ ਚੁੱਕੀਆਂ ਹਨ।
ਇਸ ਜਾਂਚ ਵਿੱਚ ਅਮਰੀਕੀ ਸੰਘੀ ਜਾਂਚ ਬਿਊਰੋ (ਐੱਫ਼ਬੀਆਈ), ਲਾਸ ਏਂਜਲਸ ਪੁਲਿਸ ਵਿਭਾਗ, ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (ਆਰਸੀਐੱਮਪੀ), ਅਮਰੀਕੀ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ, ਮੈਕਸੀਕੋ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨਜ਼ ਅਤੇ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਨੇ ਸਾਂਝੇ ਤੌਰ 'ਤੇ ਕਾਰਵਾਈ ਕੀਤੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login