ADVERTISEMENTs

ਭਾਰਤੀ ਮੂਲ ਦੇ ਇੰਜੀਨੀਅਰ ਨੇ ਛੋਟੇ ਜਹਾਜ਼ਾਂ ਦੇ ਹਾਦਸਿਆਂ 'ਚ ਕੱਢੀ ਮਨੁੱਖੀ ਗਲਤੀ

ਨੀਲਾਕਸ਼ੀ ਮਜੂਮਦਾਰ ਦੇ ਅਧਿਐਨ 'ਚ ਲਗਭਗ 200 ਪਾਇਲਟਾਂ ਨੇ ਭਾਗ ਲਿਆ ਅਤੇ ਟਾਲੀਆਂ ਜਾ ਸਕਣ ਵਾਲੀਆਂ ਗਲਤੀਆਂ ਨੂੰ ਉਜਾਗਰ ਕੀਤਾ

ਨੀਲਾਕਸ਼ੀ ਮਜੂਮਦਾਰ / Courtesy photo

ਨੀਲਾਕਸ਼ੀ ਮਜੂਮਦਾਰ, ਜੋ ਕਿ ਭਾਰਤੀ ਮੂਲ ਦੀ ਮਕੈਨੀਕਲ ਇੰਜੀਨੀਅਰ ਅਤੇ ਯੂਨੀਵਰਸਿਟੀ ਆਫ ਅਰਕਨਸਾਸ ਵਿੱਚ ਸਹਾਇਕ ਪ੍ਰੋਫੈਸਰ ਹੈ, ਇਹ ਜਾਂਚ ਕਰ ਰਹੇ ਹਨ ਕਿ ਸੰਯੁਕਤ ਰਾਜ ਅਮਰੀਕਾ ਵਿੱਚ ਛੋਟੇ ਜਹਾਜ਼ ਅਕਸਰ ਕਿਉਂ ਹਾਦਸਾਗ੍ਰਸਤ ਹੁੰਦੇ ਹਨ। ਉਸਦੀ ਤਾਜ਼ਾ ਖੋਜ ਅਜਿਹੀਆਂ ਮਨੁੱਖੀ ਗਲਤੀਆਂ ’ਤੇ ਕੇਂਦਰਿਤ ਹੈ ਜੋ ਉਡਾਣ ਦੌਰਾਨ ਕੰਟਰੋਲ ਗਵਾਉਣ (Loss of Control) ਦਾ ਕਾਰਨ ਬਣਦੀਆਂ ਹਨ ਜੋ ਕਿ ਜਨਰਲ ਏਵੀਏਸ਼ਨ ਵਿੱਚ ਖਤਰਨਾਕ ਹਾਦਸਿਆਂ ਦਾ ਮੁੱਖ ਕਾਰਨ ਹੈ।

ਮਜੂਮਦਾਰ ਨੇ ਯੂਨੀਵਰਸਿਟੀ ਆਫ ਅਰਕਨਸਾਸ ਨੂੰ ਦੱਸਿਆ, “ਸੰਯੁਕਤ ਰਾਜ ਅਮਰੀਕਾ ਵਿੱਚ ਰੋਜ਼ਾਨਾ ਔਸਤਨ ਚਾਰ ਜਹਾਜ਼ ਹਾਦਸਾਗ੍ਰਸਤ ਹੁੰਦੇ ਹਨ ਅਤੇ ਲਗਭਗ ਸਾਰੇ ਸਿੰਗਲ-ਇੰਜਣ ਵਾਲੇ ਜਨਰਲ ਏਵੀਏਸ਼ਨ ਜਹਾਜ਼ ਹੁੰਦੇ ਹਨ।” “ਇਨ੍ਹਾਂ ਵਿੱਚੋਂ ਲਗਭਗ 20 ਫੀਸਦੀ ਹਾਦਸਿਆਂ ਵਿੱਚ ਉਡਾਣ ਦੌਰਾਨ ਕੰਟਰੋਲ ਗੁਆਉਣਾ ਸ਼ਾਮਲ ਹੁੰਦਾ ਹੈ ਅਤੇ ਉਨ੍ਹਾਂ ਵਿੱਚੋਂ ਲਗਭਗ ਅੱਧੇ ਘਾਤਕ ਹੁੰਦੇ ਹਨ।”

ਮਜੂਮਦਾਰ ਦਾ ਰਿਸਰਚ ਪੇਪਰ, ਜੋ ਕਿ ਜਰਨਲ ਆਫ ਏਅਰ ਟ੍ਰਾਂਸਪੋਰਟੇਸ਼ਨ ਵਿੱਚ ਪ੍ਰਕਾਸ਼ਿਤ ਹੋਇਆ ਹੈ, ਇਹ ਪਹਿਲਾ ਵਿਸ਼ਾਲ ਪੱਧਰੀ ਸਰਵੇਖਣ ਹੈ ਜਿਸ ਵਿੱਚ ਉਡਾਣ ਦੌਰਾਨ ਨਿਯੰਤਰਣ ਗੁਆਉਣ ਤੋਂ ਬਾਅਦ ਬਚ ਗਏ ਪਾਇਲਟਾਂ ਨੂੰ ਸਿੱਧਾ ਪੁੱਛਿਆ ਗਿਆ ਕਿ ਉਨ੍ਹਾਂ ਨੇ ਹਵਾ ਵਿੱਚ ਕੰਟਰੋਲ ਕਿਉਂ ਅਤੇ ਕਿਵੇਂ ਗੁਆਇਆ।

ਲਗਭਗ 200 ਪਾਇਲਟਾਂ ਨੇ ਇਸ ਅਧਿਐਨ ਵਿੱਚ ਭਾਗ ਲਿਆ, ਜਿਸ ਨੇ ਕਈ ਟਾਲੀਆਂ ਜਾ ਸਕਣ ਵਾਲੀਆਂ ਗਲਤੀਆਂ ਨੂੰ ਉਜਾਗਰ ਕੀਤਾ, ਜਿਵੇਂ ਕਿ ਘੱਟ ਹਵਾਈ ਰਫ਼ਤਾਰ 'ਤੇ ਉਡਾਣ, ਆਟੋਪਾਇਲਟ ਦੀ ਗਲਤ ਵਰਤੋਂ, ਸੇਫਟੀ ਚੈੱਕਲਿਸਟ ਆਈਟਮਾਂ ਨੂੰ ਛੱਡਣਾ ਜਾਂ ਮੌਸਮ ਦੀਆਂ ਸਥਿਤੀਆਂ ਦਾ ਗਲਤ ਅੰਦਾਜ਼ਾ ਲਗਾਉਣਾ ਸ਼ਾਮਲ ਹਨ। 

"ਪਾਇਲਟ ਹਮੇਸ਼ਾ ਕੰਟਰੋਲ ਗੁਆਉਣ ਤੋਂ ਬਚ ਨਹੀਂ ਸਕਦੇ। ਕਈ ਵਾਰ ਇਹ ਮਕੈਨੀਕਲ ਖਰਾਬੀ ਜਾਂ ਅਚਾਨਕ ਮੌਸਮ ਖਰਾਬੀ ਕਰਕੇ ਹੁੰਦਾ ਹੈ," ਮਜੂਮਦਾਰ ਨੇ ਕਿਹਾ। "ਪਰ ਮੈਂ ਜੋ ਪਾਇਆ ਹੈ, ਉਹ ਇਹ ਹੈ ਕਿ ਮਨੁੱਖੀ ਗਲਤੀ, ਜਿਵੇਂ ਕਿ ਗਲਤ ਫੈਸਲਾ ਜਾਂ ਹੁਨਰ ਦੀ ਘਾਟ ਕਾਰਨ ਅਕਸਰ ਅਜਿਹਾ ਹੁੰਦਾ ਹੈ।" ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਕਿ ਬਹੁਤੇ ਪਾਇਲਟ ਆਪਣੇ ਤਜਰਬਿਆਂ ਬਾਰੇ ਗੱਲ ਕਰਨ ਤੋਂ ਝਿਜਕਦੇ ਸਨ। “ਪਾਇਲਟ ਆਪਣਾ ਲਾਇਸੰਸ ਗਵਾਉਣ ਤੋਂ ਡਰਦੇ ਹਨ,” ਮਜੂਮਦਾਰ ਨੇ ਯੂਨੀਵਰਸਿਟੀ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਜਵਾਬ ਦੇਣ ਵਾਲੇ ਵੱਡੀ ਉਮਰ ਦੇ ਜਾਂ ਸੇਵਾਮੁਕਤ ਪਾਇਲਟ ਸਨ, ਸ਼ਾਇਦ ਇਸ ਲਈ ਕਿ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਵਿੱਚ ਉਨ੍ਹਾਂ ਨੂੰ ਕੋਈ ਪੇਸ਼ੇਵਰ ਖ਼ਤਰਾ ਨਹੀਂ ਸੀ।

ਮਜੂਮਦਾਰ ਨੇ ਮੌਜੂਦਾ ਹਾਦਸੇ ਦੇ ਅੰਕੜਿਆਂ ਦੀਆਂ ਸੀਮਾਵਾਂ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, "ਕੁਝ ਹਾਦਸਿਆਂ ਲਈ, ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਕੋਲ ਵਿਸਥਾਰ ਵਿੱਚ ਜਾਣਕਾਰੀ ਹੁੰਦੀ ਹੈ, ਪਰ ਕਈ ਹੋਰ ਮਾਮਲਿਆਂ ਵਿੱਚ ਜਾਣਕਾਰੀ ਧੁੰਦਲੀ, ਆਮ ਜਾਂ ਬਹੁਤ ਹੀ ਥੋੜੀ ਹੁੰਦੀ ਹੈ। ਉਨ੍ਹਾਂ ਮੁਤਾਬਕ, ਸਭ ਤੋਂ ਚਿੰਤਾਜਨਕ ਖੁਲਾਸਿਆਂ ਵਿੱਚੋਂ ਇੱਕ ਟ੍ਰੇਨਿੰਗ ਦੀ ਘਾਟ ਸੀ। “ਮੇਰੇ ਲਈ ਸਭ ਤੋਂ ਵੱਡੀ ਗੱਲ ਇਹ ਸੀ ਕਿ ਲਗਭਗ ਇੱਕ ਚੌਥਾਈ ਪਾਇਲਟਾਂ ਨੇ ਦੱਸਿਆ ਕਿ ਉਡਾਣ ਦੌਰਾਨ ਨਿਯੰਤਰਣ ਗੁਆਉਣ ਵਾਲੀਆਂ ਸਥਿਤੀਆਂ ਨੂੰ ਰੋਕਣ ਲਈ ਉਨ੍ਹਾਂ ਨੂੰ ਠੀਕ ਟ੍ਰੇਨਿੰਗ ਨਹੀਂ ਮਿਲੀ ਸੀ।”

ਕਈਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਦੇ ਵੀ ਸਪਿਨ ਜਾਂ ਸਪਾਇਰਲ ਤੋਂ ਕਿਵੇਂ ਬਾਹਰ ਨਿਕਲਣਾ ਹੈ, ਇਹ ਨਹੀਂ ਸਿਖਾਇਆ ਗਿਆ ਸੀ। “ਤੇ ਜੇ ਸਿਖਾਇਆ ਵੀ ਗਿਆ ਹੋਵੇ, ਤਾਂ ਸੱਚ ਦੱਸੋ ਕਿੰਨੇ ਲੋਕ ਇਹ ਕੰਮ ਪੰਜ ਸਕਿੰਟਾਂ ਵਿੱਚ ਕਰ ਸਕਦੇ ਹਨ?” ਮਜੂਮਦਾਰ ਨੇ ਪੁੱਛਿਆ। ਖੁਦ ਇੱਕ ਲਾਇਸੰਸਸ਼ੁਦਾ ਪ੍ਰਾਈਵੇਟ ਪਾਇਲਟ ਹੋਣ ਦੇ ਨਾਤੇ, ਮਜੂਮਦਾਰ ਦਾ ਮੰਨਣਾ ਹੈ ਕਿ ਫਲਾਈਟ ਸਿਮੂਲੇਟਰਾਂ ਦੀ ਵਧੀਆ ਵਰਤੋਂ ਟ੍ਰੇਨਿੰਗ ਦੀਆਂ ਕਮੀਆਂ ਨੂੰ ਪੂਰਾ ਕਰ ਸਕਦੀ ਹੈ। ਉਨ੍ਹਾਂ ਕਿਹਾ, “ਜਨਰਲ ਏਵੀਏਸ਼ਨ, ਕਮਰਸ਼ੀਅਲ ਏਵੀਏਸ਼ਨ ਦੀ ਤੁਲਨਾ ਵਿੱਚ ਕਾਫ਼ੀ ਅਸੁਰੱਖਿਅਤ ਹੈ।" "ਪਾਇਲਟ ਟ੍ਰੇਨਿੰਗ ਅਤੇ ਸਿੱਖਿਆ ਵਿੱਚ ਬੇਹਤਰੀ ਲਿਆਉਣ ਦੀ ਲੋੜ ਹੈ।” ਇਹ ਅਧਿਐਨ ਪਰਡਿਊ ਯੂਨੀਵਰਸਿਟੀ ਦੀ ਕੈਰਨ ਮੈਰੈਸ ਨਾਲ ਸਾਂਝੇ ਤੌਰ 'ਤੇ ਲਿਖਿਆ ਗਿਆ ਅਤੇ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਵੱਲੋਂ ਫੰਡ ਕੀਤਾ ਗਿਆ ਸੀ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video