ਜੂਨ 1984 ’ਚ ਤਤਕਾਲੀ ਕਾਂਗਰਸ ਸਰਕਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੇ ਫ਼ੌਜੀ ਹਮਲੇ ਸਮੇਂ ਸਿੱਖਾਂ ਦੇ ਹੋਏ ਭਾਰੀ ਨੁਕਸਾਨ ਨੂੰ ਬਿਆਨ ਕਰਦੀਆਂ ਤਸਵੀਰਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਕ ਵੱਡਅਕਾਰੀ ਕਿਤਾਬ ਦੇ ਰੂਪ ਵਿਚ ਜਾਰੀ ਕੀਤਾ।
ਇਸ ਮੌਕੇ ਗੱਲ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜੂਨ 1984 ਦਾ ਇਹ ਘੱਲੂਘਾਰਾ ਸਿੱਖ ਇਤਿਹਾਸ ਦਾ ਇਕ ਦੁਖਦਾਈ ਅਧਿਆਇ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਕਾਂਗਰਸ ਸਰਕਾਰ ਨੇ ਸਿੱਖਾਂ ਦੇ ਪਵਿੱਤਰ ਗੁਰਧਾਮਾਂ ’ਤੇ ਫ਼ੌਜੀ ਹਮਲਾ ਕਰਕੇ ਸਿੱਖ ਮਨਾਂ ਨੂੰ ਅਜਿਹਾ ਜ਼ਖ਼ਮ ਦਿੱਤਾ, ਜੋ ਨਾ ਭਰਨਯੋਗ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਿੱਖਾਂ ਦੇ ਧਾਰਮਿਕ ਖ਼ਜ਼ਾਨੇ ਨੂੰ ਸਾਂਭੀ ਬੈਠੀ ਸਿੱਖ ਰੈਂਫਰੈਂਸ ਲਾਇਬ੍ਰੇਰੀ ਦੇ ਕੀਮਤੀ ਦਸਤਾਵੇਜ਼ ਤੇ ਇਤਿਹਾਸਕ ਵਸਤੂਆਂ ਨੂੰ ਵੀ ਵੱਡਾ ਨੁਕਸਾਨ ਪਹੁੰਚਾਇਆ।
ਐਡਵੋਕੇਟ ਧਾਮੀ ਨੇ ਕਿਹਾ ਕਿ ਹਮਲੇ ਤੋਂ ਕਈ ਦਿਨ ਬਾਅਦ ਤੱਕ ਸਰਕਾਰ ਨੇ ਕਰਫਿਊ ਲਗਾ ਕੇ ਸੰਗਤਾਂ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਆਉਣ ਤੋਂ ਰੋਕੀ ਰੱਖਿਆ, ਤਾਂ ਜੋ ਸਰਕਾਰ ਵੱਲੋਂ ਕੀਤੇ ਜ਼ੁਲਮਾਂ ਦੇ ਨਿਸ਼ਾਨ ਮਿਟਾਏ ਜਾ ਸਕਣ। ਸਰਕਾਰ ਦੇ ਇਨ੍ਹਾਂ ਜ਼ੁਲਮਾਂ ਦੀਆਂ ਕੁਝ ਤਸਵੀਰਾਂ ਫੋਟੋਗ੍ਰਾਫਰ ਸ. ਸਤਪਾਲ ਸਿੰਘ ਦਾਨਸ਼ ਨੇ ਸਾਂਭੀਆਂ ਸਨ, ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੇ ਇਕ ਸਚਿੱਤਰ ਪੁਸਤਕ ਦੇ ਰੂਪ ਵਿਚ ਤਿਆਰ ਕਰਕੇ ਅੱਜ ਜਾਰੀ ਕੀਤਾ ਹੈ। ਇਸ ਵਿਚ ਦਰਜ ਤਸਵੀਰਾਂ ਸਮੇਂ ਦੇ ਹਾਲਾਤ ਅਤੇ ਸਰਕਾਰ ਵੱਲੋਂ ਕੀਤੇ ਵਹਿਸ਼ੀਆਣਾ ਜ਼ੁਲਮਾਂ ਨੂੰ ਦਰਸਾਉਂਦੀਆਂ ਹਨ।
ਉਨ੍ਹਾਂ ਕਿਹਾ ਕਿ ਇਹ ਕਿਤਾਬ ਸ਼੍ਰੋਮਣੀ ਕਮੇਟੀ ਦਫ਼ਤਰ, ਸਿੱਖ ਰੈਂਫਰੈਂਸ ਲਾਇਬ੍ਰੇਰੀ, ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਅਤੇ ਸਿੱਖ ਅਜਾਇਬ ਘਰ ਵਿਚ ਰੱਖੀ ਜਾਵੇਗੀ, ਤਾਂ ਜੋ ਸੰਗਤਾਂ ਸਰਕਾਰ ਵੱਲੋਂ ਸਿੱਖਾਂ ’ਤੇ ਕੀਤੇ ਜ਼ੁਲਮ ਤੋਂ ਜਾਣੂ ਹੋ ਸਕਣ। ਇਸ ਤੋਂ ਇਲਾਵਾ ਇਸ ਦਾ ਡਿਜੀਟਾਈਜੇਸ਼ਨ ਕਰਕੇ ਵੀ ਵੱਖ-ਵੱਖ ਮਾਧਿਅਮਾਂ ਰਾਹੀਂ ਸੰਗਤਾਂ ਤੀਕ ਪਹੁੰਚਾਇਆ ਜਾਵੇਗਾ।
ਕਿਤਾਬ ਜਾਰੀ ਮੌਕੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਲਿਆਣ, ਅੰਤ੍ਰਿੰਗ ਮੈਂਬਰ ਸ. ਸੁਰਜੀਤ ਸਿੰਘ ਤੁਗਲਵਾਲ, ਸ. ਪਰਮਜੀਤ ਸਿੰਘ ਖ਼ਾਲਸਾ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ ਆਦਿ ਮੌਜੂਦ ਸਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login