ਅਮਰੀਕਾ ਦੇ ਸੂਬੇ ਮਿਸ਼ੀਗਨ ਦੇ ਸ਼ਹਿਰ ਡੀਟਰੋਏਟ ਸਥਿਤ ਰੋਚੈਸਟਰ ਹਿਲਜ਼ ਗੁਰਦੂਆਰਾ ਸਾਹਿਬ ਵਿਖੇ ਦੋ ਦਿਨਾਂ ਤੀਸਰਾਂ ਸਲਾਨਾ ਗੁਰਮਤਿ ਸਿਮਪੋਜ਼ੀਅਮ ਕਰਵਾਇਆ ਗਿਆ ਜਿਸ ਵਿੱਚ 6 ਤੋਂ 24 ਸਾਲ ਦੇ ਬੱਚਿਆਂ ਅਤੇ ਨੌਜਵਾਨਾਂ ਨੇ ਗੁਰਬਾਣੀ ਕੀਰਤਨ, ਤਬਲਾ, ਗਤਕੇ ਦੇ ਮੁਕਾਬਲਿਆਂ ‘ਚ ਭਾਗ ਲਿਆ। ਇਹਨਾਂ ਨੂੰ ਉਮਰ ਅਨੁਸਾਰ ਚਾਰ ਗਰੁੱਪਾਂ ਵਿਚ ਵੰਡਿਆ ਗਿਆ ਸੀ।
ਇਸ ਸਿਮਪੋਜ਼ੀਅਮ ‘ਚ ਅਮਰੀਕਾ ਦੇ ਸੂਬੇ ਮਿਸੀਗਨ, ਓਹਾਇਓ ਅਤੇ ਕੈਨੇਡਾ ਦੇ ਸ਼ਹਿਰ ਵਿੰਡਸਰ ਤੋਂ ਲਗਭਗ 125 ਬੱਚਿਆਂ ਨੇ ਭਾਗ ਲਿਆ। ਇਹਨਾਂ ਬੱਚਿਆਂ ਦੇ ਵੱਖ-ਵੱਖ ਕੀਰਤਨ ਜੱਥਿਆਂ ਨੇ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਉਹਨਾਂ ਨੇ ਤਬਲਾ ਹਰਮੋਨੀਅਮ ਦੇ ਨਾਲ ਨਾਲ ਦਿਲਰੂਬਾ ਵਰਗੇ ਪੁਰਾਤਨ ਸਾਜ਼ਾਂ ਰਾਹੀਂ ਗੁਰਬਾਣੀ ਕੀਰਤਨ ਗਾਇਨ ਕੀਤਾ। ਤਬਲੇ ‘ਚ ਵੀ ਵੱਡੀ ਗਿਣਤੀ ਬੱਚਿਆਂ ਅਤੇ ਨੌਜਵਾਨਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਦੇ ਨਾਲ ਗਤਕੇ ਦੇ ਵੀ ਮੁਕਾਬਲੇ ਕਰਵਾਏ ਗਏ।
ਇਸ ਸਿਮਪੋਜ਼ੀਅਮ ਦੇ ਪ੍ਰਬੰਧਕ ਭਾਈ ਸੁਰਜੀਤ ਸਿੰਘ ਨੇ ਦੱਸਿਆ ਕਿ ਬੱਚਿਆੰ ਵੱਲੋਂ ਨਿਰਧਾਰਤ ਰਾਗਾਂ ਦੇ ਵਿੱਚ ਕੀਰਤਨ ਗਾਇਨ ਕੀਤਾ ਗਿਆ। ਉਹਨਾਂ ਕਿਹਾ ਕਿ ਰਾਗਾਂ ਦੇ ਵਿੱਚ ਕੀਰਤਨ ਕਰਨ ਦੇ ਵਿਰਸੇ ਨੂੰ ਇਹਨਾਂ ਬੱਚਿਆਂ ਵੱਲੋਂ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ। ਉਹਨਾਂ ਨੇ ਭਾਗ ਲੈਣ ਬੱਚਿਆਂ, ਪਰਿਵਾਰਾਂ, ਸੰਗਤ, ਜੱਜਾਂ ਸਣੇ ਸਾਰੇ ਸੇਵਾਦਾਰਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਜਿਸ ਸਦਕਾ ਇਹ ਦੋ ਦਿਨਾਂ ਸਮਾਗਮਾਂ ਦਾ ਆਯੋਜਨ ਸੰਭਵ ਹੋਇਆ। ਸੰਗਤ ਨੇ ਵੀ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤਾ।
ਪ੍ਰਬੰਧਕਾਂ ਵਲੋਂ ਇਸ ਸਿਮਪੋਜ਼ੀਅਮ ‘ਚ ਭਾਗ ਲੈਣ ਵਾਲਿਆਂ ਨੂੰ ਮੈਡਲ ਅਤੇ ਹੋਰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਗੁਰੂ ਕੇ ਲੰਗਰ ਦੀ ਸੇਵਾ ਵੀ ਦੋਨੋਂ ਦਿਨ ਸੰਗਤ ਵਲੋਂ ਕੀਤੀ ਗਈ।
Comments
Start the conversation
Become a member of New India Abroad to start commenting.
Sign Up Now
Already have an account? Login