ਸੰਨ 1988 ਮਗਰੋਂ ਪੰਜਾਬ ਆਪਣੇ ਹੁਣ ਤੱਕ ਦੇ ਸਭ ਤੋਂ ਵਧ ਨੁਕਸਾਨਦਾਇਕ ਹੜ੍ਹ ਨਾਲ ਜੂਝ ਰਿਹਾ ਹੈ ਅਤੇ 23 ਜ਼ਿਲ੍ਹਿਆਂ ਵਿੱਚ 2000 ਦੇ ਕਰੀਬਨ ਪਿੰਡ ਹੜ੍ਹ ਦੀ ਮਾਰ ਹੇਠ ਹਨ। ਹੁਣ ਤੱਕ ਇਨ੍ਹਾਂ ਹੜ੍ਹਾਂ ਵਿੱਚ 50 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸਾਢੇ ਤਿੰਨ ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਆਪਣੇ ਦਰਿਆਵਾਂ ਦੇ ਪਾਣੀਆਂ ’ਤੇ ਲੱਗੀਆਂ ਹੋਈਆਂ ਹਨ। ਡਰੇਨੇਜ ਵਿਭਾਗ ਦੀ ਦਰਿਆਵਾਂ ਬਾਰੇ ਆਈ ਤਾਜ਼ਾ ਰਿਪੋਰਟ ਅਨੁਸਾਰ ਸਤਲੁਜ ਦਰਿਆ ਦਾ ਪਾਣੀ ਥੋੜਾ ਘੱਟ ਹੋਇਆ ਹੈ, ਪਰ ਬਿਆਸ ਦਰਿਆ ਦਾ ਪਾਣੀ ਹੁਣ ਵੀ ਵੱਧ ਰਿਹਾ ਹੈ। ਇਸੇ ਕਰਕੇ ਹੜ੍ਹ ਦਾ ਖਤਰਾ ਬਰਕਰਾਰ ਹੈ ਹਾਲਾਂਕਿ ਭਾਰੀ ਮੀਂਹ ਦਾ ਕੋਈ ਤਾਜ਼ਾ ਐਲਰਟ ਜਾਰੀ ਨਹੀਂ ਕੀਤਾ ਗਿਆ। ਇਸ ਦੇ ਬਾਵਜੂਦ ਲੋਕਾਂ ਦੇ ਮਨਾਂ ਵਿੱਚ ਇਹ ਡਰ ਬਣਿਆ ਹੋਇਆ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਡੈਮਾਂ ਤੋਂ ਹੋਰ ਪਾਣੀ ਛੱਡਿਆ ਜਾ ਸਕਦਾ ਹੈ।
ਕਿਸਾਨਾਂ ਅਤੇ ਲੋਕਾਂ ਦਾ ਸੰਤਾਪ
ਪੰਜਾਬ ਦੇ ਜਾਏ ਕਿਸਾਨ ਅੱਜ ਅਪਣੀਆਂ ਫ਼ਸਲਾਂ, ਮਾਲ ਡੰਗਰ ਤੇ ਢਹਿ ਚੁੱਕੇ ਘਰਾਂ ਨੂੰ ਵੇਖ ਕੇ ਭੁੱਬਾਂ ਮਾਰ ਕੇ ਰੋਂਦੇ ਦਿਖਾਈ ਦੇ ਰਹੇ ਹਨ। ਉਹ ਇਸ ਭਿਆਨਕ ਮੰਜ਼ਰ ਦੌਰਾਨ ਸਿਰਫ਼ ਅਪਣੀਆਂ ਜਾਨਾਂ ਹੀ ਬਚਾ ਸਕੇ ਸਨ ਪਰ ਉਨ੍ਹਾਂ ਦੀ ਉਮਰਾਂ ਦੀ ਕਮਾਈ ਮਿੰਟਾਂ ਸਕਿੰਟਾਂ ਵਿਚ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਪਾਣੀ ਵਿਚ ਡੁੱਬ ਗਈ ਹੈ। ਹੜ੍ਹਾਂ ਨੇ ਉਨ੍ਹਾਂ ਦੇ ਖੇਤਾਂ ਨੂੰ ਸਮੁੰਦਰ ਬਣਾ ਦਿੱਤਾ ਹੈ। ਪੰਜਾਬ ਲਈ ਇਹ ਦਿਨ ਕਿਆਮਤ ਤੋਂ ਘੱਟ ਨਹੀਂ ਕਿ ਮੋਇਆਂ ਦੀ ਮਿੱਟੀ ਵੀ ਰੁਲ ਰਹੀ ਹੈ। ਹੜ੍ਹਾਂ ਦੇ ਇਸ ਮੰਜ਼ਰ ’ਚ ਉਹ ਕਿੰਨੇ ਅਭਾਗੇ ਹਨ, ਜਿਨ੍ਹਾਂ ਨੂੰ ਪਿੰਡ ਦੀ ਭੌਂਇ ਵੀ ਨਸੀਬ ਨਹੀਂ ਹੋਈ। ਪੰਜਾਬ ’ਚ ਹੜ੍ਹਾਂ ’ਚ ਹੁਣ ਤੱਕ ਪੰਜਾਹ ਵਿਅਕਤੀ ਜਾਨ ਗੁਆ ਚੁੱਕੇ ਹਨ। ਇਨ੍ਹਾਂ ’ਚੋਂ ਬਹੁਤਿਆਂ ਨੂੰ ਸਸਕਾਰ ਲਈ ਦੂਰ-ਦੁਰਾਡੇ ਲਿਜਾਣਾ ਪਿਆ ਕਿਉਂਕਿ ਇਨ੍ਹਾਂ ਪਿੰਡਾਂ ਵਿਚਲੇ ਸਿਵੇ ਪਾਣੀ ’ਚ ਹੜ੍ਹ ਗਏ ਹਨ। ਘਰਾਂ ਦੀਆਂ ਛੱਤਾਂ ‘ਤੇ ਬੈਠੇ ਬੱਚਿਆਂ ਅਤੇ ਬਜ਼ੁਰਗਾਂ ਤੱਕ ਹਰ ਤੱਕ ਦੀਆਂ ਅੱਖਾਂ ‘ਚ ਬੇਵਸੀ ਅਤੇ ਲਾਚਾਰੀ ਹੈ ਅਤੇ ਬਹੁਤੇ ਲੋਕ ਹਾਲੇ ਵੀ ਆਪਣਾ ਘਰ ਛੱਡਣ ਲਈ ਤਿਆਰ ਨਹੀਂ ਹਨ। ਇੱਕ ਹੋਰ ਖਦਸ਼ਾ ਇਹ ਵੀ ਹੈ ਕਿ ਹੜ੍ਹ ਕਰਕੇ ਹੋਏ ਅਸਲੀ ਨੁਕਸਾਨ ਦਾ ਪਤਾ ਓਦੋਂ ਲੱਗਣਾ ਹੈ ਜਦੋਂ ਪਾਣੀ ਹੇਠਾਂ ਉੱਤਰ ਜਾਵੇਗਾ।
ਨੌਜਵਾਨਾਂ ਅਤੇ ਕਲਾਕਾਰਾਂ ਵੱਲੋਂ ਮਦਦ ਦਾ ਜਜ਼ਬਾ
ਪੰਜਾਬ ਦੇ ਹਜ਼ਾਰਾਂ ਨੌਜਵਾਨ ਹੜ੍ਹਾਂ ਦੀ ਮਾਰ ਹੇਠ ਆਏ ਪਿੰਡਾਂ ’ਚ ਨਾਇਕ ਬਣ ਕੇ ਉੱਭਰੇ ਹਨ। ਹਜ਼ਾਰਾਂ ਨੌਜਵਾਨ ਹਨ ਜਿਹੜੇ ਟਰੈਕਟਰਾਂ ਨੂੰ ਡੂੰਘੇ ਪਾਣੀਆਂ ’ਚ ਲਿਜਾ ਕੇ ਲੋਕਾਂ ਦੀ ਜ਼ਿੰਦਗੀ ਵੀ ਬਚਾ ਰਹੇ ਹਨ। ਹੜ੍ਹਾਂ ਮੌਕੇ ਲੋਕਾਂ ਦੀ ਬਾਂਹ ਫੜਨ ਲਈ ਜਵਾਨੀ ਦਾ ਆਇਆ ਹੜ੍ਹ ਇਹ ਸੰਕੇਤ ਹੈ ਕਿ ਜਵਾਨੀ ਦਾ ਜੋਸ਼ ਕਿਤੇ ਨਹੀਂ ਗਿਆ। ਮੌਜੂਦਾ ਹੜ੍ਹਾਂ ’ਚ ਉੱਭਰੀ ਜਵਾਨੀ ਪੰਜਾਬ ਦਾ ਧਰਵਾਸ ਬੰਨ੍ਹਣ ਵਾਲੀ ਹੈ। ਅੱਧਾ ਪੰਜਾਬ ਹੜ੍ਹ ਵਿੱਚ ਡੁੱਬਿਆ ਹੋਇਆ ਹੈ ਅਤੇ ਬਾਕੀ ਮਦਦ ਕਰ ਰਿਹਾ ਹੈ। ਹਜ਼ਾਰਾਂ ਨੌਜਵਾਨ ਆਪ ਮੁਹਾਰੇ ਟਰੈਕਟਰ ਟਰਾਲੀਆਂ ਅਤੇ ਹੋਰ ਸਾਧਨਾਂ ਰਾਹੀਂ ਰੋਜ਼ਾਨਾ ਮਿੱਟੀ ਅਤੇ ਰੇਤੇ ਦੀ ਗੱਟੇ ਭਰ ਕੇ ਦਰਿਆਵਾਂ ਦੇ ਬੰਨ੍ਹ ਨੂੰ ਹੋਰ ਉੱਚਾ ਚੁੱਕਣ ਲਈ ਜੰਗੀ ਪੱਧਰ ’ਤੇ ਕੰਮ ਕਰਦੇ ਨਜ਼ਰ ਆ ਰਹੇ ਹਨ। ਹੜ੍ਹ ਪੀੜਤਾਂ ਦੀ ਮਦਦ ਵਾਸਤੇ ਹਰਿਆਣਾ ਵੀ ਪਿੱਛੇ ਨਹੀਂ ਹੈ, ਉਥੋਂ ਵੀ ਰਾਹਤ ਸਮੱਗਰੀ ਦੀਆਂ ਟਰਾਲੀਆਂ ਭਰ-ਭਰ ਕੇ ਆ ਰਹੀਆਂ ਹਨ। ਫਿਲਮੀ ਕਲਾਕਾਰ ਅਤੇ ਪੰਜਾਬੀ ਗਾਇਕ ਵੀ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਆਣ ਖੜ੍ਹੇ ਹੋਏ ਹਨ। ਰਾਹਤ ਸਮੱਗਰੀ ਇੰਨੀ ਤਾਦਾਦ ਵਿੱਚ ਪਹੁੰਚ ਰਹੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਤਾਂ ਸਮੱਗਰੀ ਰੱਖਣ ਲਈ ਥਾਂ ਨਹੀਂ ਲੱਭ ਰਹੀ। ਮਦਦ ਕਰਨ ਵਾਲਿਆਂ ਨੇ ਹੜ੍ਹ ਪੀੜਤਾਂ ਨੂੰ ਅਹਿਸਾਸ ਹੀ ਨਹੀਂ ਹੋਣ ਦਿੱਤਾ ਕਿ ਉਹ ਇੱਕਲੇ ਹਨ। ਜਿਨਾਂ ਨੇ ਪਹਿਲਾਂ ਵੀ ਹੜ੍ਹਾਂ ਦੀ ਕਰੋਪੀ ਨੂੰ ਝੱਲਿਆ ਹੈ ਓਹ ਵੀ ਕਹਿ ਰਹੇ ਹਨ ਕਿ ਇਸ ਤਰ੍ਹਾਂ ਲੋਕਾਂ ਦੀ ਮਦਦ ਉਨਾਂ ਨੇ ਕਦੇ ਨਹੀਂ ਸੀ ਦੇਖੀ। ਉਨ੍ਹਾਂ ਦੀਆਂ ਅੱਖਾਂ ਭਰ ਆਉਂਦੀਆਂ ਹਨ ਜਦੋਂ ਲੋਕ ਰਾਹਤ ਸਮੱਗਰੀ ਵੰਡਣ ਸਮੇਂ ਕਹਿੰਦੇ ਹਨ ਕਿ ਉਹ ‘ਇੱਕਲੇ ਨਾ ਮਹਿਸੂਸ ਕਰਨ’। ਉਧਰ ਪਰਵਾਸੀ ਪੰਜਾਬੀ ਵੀ ਹੜ੍ਹ ਪੀੜਤਾਂ ਦੀ ਦਿਲ ਖੋਲ੍ਹ ਕੇ ਮਦਦ ਕਰ ਰਹੇ ਹਨ ਅਤੇ ਖਾਲਸਾ ਏਡ,ਯੂਨਾਈਟਿਡ ਸਿਖਸ, ਸਿਖਸ ਆਫ ਅਮਰੀਕਾ ਸਣੇ ਦੁਨੀਆਂ ਭਰ ਦੀਆਂ ਸਿੱਖ ਸੰਸਥਾਵਾਂ, ਗੁਰੂਘਰ ਅਤੇ ਮੀਡੀਆ ਕਰਮੀਆਂ ਸਣੇ ਆਮ ਲੋਕਾਂ ਵਲੋਂ ਆਪਣੇ ਆਪਣੇ ਢੰਗ ਨਾਲ ਮਦਦ ਕੀਤੀ ਜਾ ਰਹੀ ਹੈ।ਸ਼੍ਰੋਮਣੀ ਕਮੇਟੀ ਮੁਲਾਜ਼ਮ ਵੀ ਪੀੜਤ ਇਲਾਕਿਆਂ ਵਿਚ ਖ਼ੁਦ ਪਹੁੰਚ ਕੇ ਸੇਵਾ ਅਤੇ ਆਪਣੀ ਤਨਖਾਹ ਵਿੱਚੋਂ ਵੀ ਲੋੜਵੰਦਾਂ ਲਈ ਸਹਾਇਤਾ ਕਰ ਰਹੇ ਹਨ।
ਭਾਰਤ-ਪਾਕਿ ਸਰਹੱਦ ਵੀ ਹੜ੍ਹ ‘ਚ ਇੱਕਮਿੱਕ ਹੋਈ
ਸਿਰਫ਼ ਚੜ੍ਹਦਾ ਪੰਜਾਬ ਹੀ ਨਹੀਂ ਲਹਿੰਦੇ ਪੰਜਾਬ ਦੇ ਪਿੰਡਾਂ ਨੂੰ ਵੀ ਇਹਨਾਂ ਹੜ੍ਹਾਂ ਨੇ ਵੱਡੀ ਮਾਰ ਮਾਰੀ ਹੈ। ਉਧਰ ਵੀ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਹੜ੍ਹਾਂ ਦੇ ਪਾਣੀ ਨੇ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਨੂੰ ਇੱਕਮਿਕ ਕਰ ਦਿੱਤਾ ਹੈ, ਕਿਉਂਕਿ ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ਦੇ ਦੋਵੇਂ ਪਾਸੇ ਇੱਕੋ ਜਿਹਾ ਮੰਜ਼ਰ ਨਜ਼ਰ ਆਉਂਦਾ ਹੈ। ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਆਏ ਪਾਣੀ ਨੂੰ ਉੱਥੋਂ ਦੀ ਸਰਕਾਰ ਦੇ ਹੁਕਮਾਂ ਤੇ ਫੌਜ ਨੇ ਘੰਟਿਆਂ ਵਿੱਚ ਸਾਫ਼ ਕਰ ਦਿੱਤਾ ਸੀ। ਭਾਰਤ-ਪਾਕਿਸਤਾਨ ਦੋਵਾਂ ਪਾਸਿਆਂ ਤੋਂ ਹੜ੍ਹਾਂ ਦੇ ਆ ਰਹੇ ਪਾਣੀ ਨਾਲ ਕੌਮਾਂਤਰੀ ਸਰਹੱਦ ’ਤੇ ਸਥਿਤ ਕੰਡਿਆਲੀ ਤਾਰ ਦਾ ਕਾਫ਼ੀ ਹਿੱਸਾ ਡੁੱਬ ਚੁੱਕਾ ਹੈ। ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਪਿੰਡ ਰਾਜੋ ਕੇ ਗੱਟੀ ਦਾ ਪੂਰਾ ਸੰਪਰਕ ਭਾਰਤ ਨਾਲੋਂ ਟੁੱਟ ਚੁੱਕਾ ਹੈ। ਪਿੰਡ ’ਚ ਰਹਿੰਦੇ 200 ਦੇ ਕਰੀਬ ਪਰਵਾਰ ਹਾਲੇ ਵੀ ਹੜ੍ਹਾਂ ਦੇ ਪਾਣੀ ਵਿਚ ਫਸੇ ਹੋਏ ਹਨ ਅਤੇ ਸੈਂਕੜੇ ਪਸ਼ੂਆਂ ਨੂੰ ਪਿਛਲੇ ਤਿੰਨ-ਚਾਰ ਦਿਨਾਂ ਤੋਂ ਚਾਰਾ ਵੀ ਨਸੀਬ ਨਾ ਹੋਣ ਦੀਆਂ ਉਦਾਸ ਕਰਨ ਵਾਲੀਆਂ ਖ਼ਬਰਾਂ ਹਨ। ਜਾਣਕਾਰੀ ਮੁਤਾਬਕ ਸਤਲੁਜ ਦਰਿਆ ਨਾਲ ਲਗਦੇ ਕੋਈ 30 ਪਿੰਡ ਪਾਣੀ ਦੀ ਲਪੇਟ ਵਿਚ ਹੁਣ ਤਕ ਆ ਚੁੱਕੇ ਹਨ ਅਤੇ ਪ੍ਰਭਾਵਤ ਪਿੰਡਾਂ ਵਿਚ ਅਜੇ ਵੀ ਹੜ੍ਹਾਂ ਦੇ ਪਾਣੀ ਨੇ ਤਬਾਹੀ ਮਚਾਈ ਹੋਈ ਹੈ।
ਕੇਂਦਰੀ ਟੀਮ ਦਾ ਦੌਰਾ
ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ ਦੇ ਦੌਰੇ ‘ਤੇ ਆਏ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸਤਲੁਜ, ਬਿਆਸ, ਰਾਵੀ ਅਤੇ ਘੱਗਰ ਦਰਿਆਵਾਂ ’ਚੋਂ ਗ਼ੈਰਕਾਨੂੰਨੀ ਮਾਈਨਿੰਗ ਕਾਰਨ ਉਨ੍ਹਾਂ ਦੇ ਕੰਢੇ ਕਮਜ਼ੋਰ ਹੋ ਗਏ, ਜਿਸ ਕਾਰਨ ਪੰਜਾਬ’ਚ ਹੜ੍ਹਾਂ ਦੀ ਸਥਿਤੀ ਜ਼ਿਆਦਾ ਗੰਭੀਰ ਬਣੀ। ਉਨ੍ਹਾਂ ਕਿਹਾ ਕਿ ਦਰਿਆਵਾਂ ਦੇ ਕੰਢਿਆਂ ਅਤੇ ਬੰਨ੍ਹਾਂ ਨੂੰ ਮੁੜ ਮਜ਼ਬੂਤ ਕਰਨਾ ਪਵੇਗਾ ਤਾਂ ਜੋ ਭਵਿੱਖ ਵਿੱਚ ਅਜਿਹੀ ਕੁਦਰਤੀ ਆਫ਼ਤ ਤੋਂ ਪੰਜਾਬ ਨੂੰ ਬਚਾਇਆ ਜਾ ਸਕੇ ਅਤੇ ਇਸ ਲਈ ਓਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਫਸੀਲੀ ਰਿਪੋਰਟ ਪੇਸ਼ ਕਰਨਗੇ। ਉਨ੍ਹਾਂ ਇਹ ਵੀ ਕਿਹਾ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਯੋਜਨਾਬੱਧ ਉਸਾਰੀ ਦੀ ਲੋੜ ਹੈ ਅਤੇ ਸੂਬੇ ਨੂੰ ਪੈਰਾ ਸਿਰ ਕਰਨ ਲਈ ਛੋਟੀ ਅਤੇ ਲੰਮੇ ਸਮੇਂ ਦੀਆਂ ਰਣਨੀਤੀਆਂ ਬਣਾਉਣੀਆਂ ਪੈਣਗੀਆਂ। ਇਸ ਤੋਂ ਇਲਾਵਾ, ਚੌਹਾਨ ਨੇ ਪਾਣੀ ਘਟਣ ਮਗਰੋਂ ਬਿਮਾਰੀਆਂ ਫੈਲਣ ਦਾ ਵੀ ਖ਼ਦਸ਼ਾ ਜਤਾਇਆ।
ਭਾਖੜਾ ਬੋਰਡ ਕਸੂਰ ਪੰਜਾਬ ਸਰਕਾਰ ਦਾ ਹੀ ਦੱਸ ਰਿਹਾ
ਇੱਕ ਬੰਨੇ ਪੰਜਾਬ ਜ਼ਬਰਦਸਤ ਮਾਰ ਝੱਲ ਰਿਹਾ ਹੈ ਅਤੇ ਦੂਜੇ ਬੰਨੇ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਮਨੋਜ ਤਿ੍ਰਪਾਠੀ ਨੇ ਪੰਜਾਬ ਵਿੱਚ ਹੜ੍ਹਾਂ ਕਾਰਨ ਅਸਿੱਧੇ ਤੌਰ ’ਤੇ ਸੂਬਾ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਜੇ ਹਰਿਆਣਾ ਨੂੰ ਪਹਿਲਾਂ ਵੱਧ ਪਾਣੀ ਛੱਡਿਆ ਹੁੰਦਾ ਤਾਂ ਡੈਮ ’ਚ ਪਾਣੀ ਦਾ ਪੱਧਰ ਚਾਰ ਫੁੱਟ ਤੱਕ ਹੇਠਾਂ ਆ ਜਾਣਾ ਸੀ ਅਤੇ ਪਹਾੜਾਂ ਵਿੱਚੋਂ ਹੁਣ ਆਏ ਪਾਣੀ ਲਈ ਜਗ੍ਹਾ ਬਣ ਜਾਣੀ ਸੀ। ਚੇਅਰਮੈਨ ਨੇ ਪੰਜਾਬ’ਚ ਹੜ੍ਹਾਂ ਦੀ ਸਥਿਤੀ ਦੌਰਾਨ ਵੱਡੀ ਤਬਾਹੀ ਤੋਂ ਬਚਾਉਣ ਵਿੱਚ ਡੈਮਾਂ ਦੀ ਭੂਮਿਕਾ ਅਹਿਮ ਰਹਿਣ ਦਾ ਤਰਕ ਵੀ ਪੇਸ਼ ਕਰਦਿਆਂ ਕਿਹਾ ਹੈ ਕਿ ਭਾਖੜਾ ਡੈਮ ਨੇ ਪਹਾੜਾਂ ’ਚੋਂ ਆਏ ਪਾਣੀ ਨੂੰ ‘ਸੰਭਾਲਿਆ’ ਹੈ। ਦੱਸਣਯੋਗ ਹੈ ਕਿ ਹੜ੍ਹਾਂ ਦੀ ਸਥਿਤੀ ਤੋਂ ਕੁੱਝ ਸਮਾਂ ਪਹਿਲਾਂ ਹਰਿਆਣਾ ਨੇ ਪੰਜਾਬ ਤੋਂ ਵਾਧੂ ਪਾਣੀ ਦੀ ਮੰਗ ਕੀਤੀ ਸੀ ਅਤੇ ਪੰਜਾਬ ਸਰਕਾਰ ਨੇ ਮਨ੍ਹਾਂ ਕਰ ਦਿੱਤਾ ਸੀ। ਉਸ ਸਮੇਂ ਪੰਜਾਬ ਅਤੇ ਹਰਿਆਣਾ ਦਰਮਿਆਨ ਕਾਫ਼ੀ ਤਣਾਅ ਵੀ ਸੀ। ਬੀਬੀਐਮਬੀ ਦੇ ਚੇਅਰਮੈਨ ਤਿ੍ਰਪਾਠੀ ਨੇ ਜਿੱਥੇ ਡੈਮਾਂ ਵਿਚਲੇ ਪਾਣੀ ਬਾਰੇ ਅੰਕੜੇ ਸਾਂਝੇ ਕੀਤੇ, ੳੱਥੇ ਅਸਿੱਧੇ ਤੌਰ ’ਤੇ ਹਰਿਆਣਾ ਨੂੰ ਪਿਛਲੇ ਸਮੇਂ ਦੌਰਾਨ ਵਾਧੂ ਪਾਣੀ ਨਾ ਛੱਡੇ ਜਾਣ ਨੂੰ ਲੈ ਕੇ ਪੰਜਾਬ ਨੂੰ ਨਿਸ਼ਾਨੇ ’ਤੇ ਲਿਆ ਹੈ।
ਗੁਆਂਢੀ ਸੂਬੇ ਹੁਣ ਪਾਣੀ ਲੈਣ ਤੋਂ ਮੁੱਕਰੇ
ਇਸ ਸਮੇਂ ਪੰਜਾਬ ਜਦੋਂ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰ ਰਿਹਾ ਹੈ ਤਾਂ ਗੁਆਂਢੀ ਸੂਬਿਆਂ ਨੇ ਨਹਿਰਾਂ ’ਚ ਪਾਣੀ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਹਰਿਆਣਾ ਅਤੇ ਰਾਜਸਥਾਨ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖੇ ਹਨ ਕਿ ਉਹ ਨਹਿਰਾਂ ਜ਼ਰੀਏ ਪੰਜਾਬ’ਤੋਂ ਬਿਲਕੁਲ ਵੀ ਪਾਣੀ ਨਹੀਂ ਲੈਣਾ ਚਾਹੁੰਦੇ ਹਨ। ਹਰਿਆਣਾ ਸਰਕਾਰ ਨੇ ਆਪਣੇ ਸੂਬੇ ’ਚ ਹੜ੍ਹਾਂ ਦੀ ਸਥਿਤੀ ਦਾ ਹਵਾਲਾ ਦਿੱਤਾ ਹੈ। ਇਸੇ ਤਰ੍ਹਾਂ ਰਾਜਸਥਾਨ ਸਰਕਾਰ ਨੇ ਸ੍ਰੀ ਗੰਗਾਨਗਰ ਅਤੇ ਹਨੂਮਾਨਗੜ੍ਹ ’ਚ ਘੱਗਰ ਦਾ ਪਾਣੀ ਪੁੱਜਣ ਦੀ ਗੱਲ ਆਖੀ ਹੈ। ਹਰਿਆਣਾ ਦੇ ਜਲ ਸਰੋਤ ਵਿਭਾਗ ਦੇ ਅਧਿਕਾਰੀ ਨੇ ਪੰਜਾਬ ਦੇ ਮੁੱਖ ਇੰਜਨੀਅਰ (ਨਹਿਰਾਂ) ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਘੱਗਰ ਦਾ ਪਾਣੀ ਨਰਵਾਣਾ ਬਰਾਂਚ ’ਚ ਦਾਖ਼ਲ ਹੋ ਚੁੱਕਾ ਹੈ ਅਤੇ ਹਰਿਆਣਾ ’ਚ ਮੀਂਹ ਪਏ ਹਨ ਜਿਸ ਕਾਰਨ ਨਹਿਰੀ ਪਾਣੀ ਦੀ ਮੰਗ ਘੱਟ ਗਈ ਹੈ। ਉਨ੍ਹਾਂ ਨਰਵਾਣਾ ਬਰਾਂਚ ’ਚ ਜਿਥੇ ਪਹਿਲਾਂ 2550 ਕਿਊਸਕ ਪਾਣੀ ਦੀ ਐਲੋਕੇਸ਼ਨ ਸੀ, ਉਸ ਨੂੰ ਜ਼ੀਰੋ ਕਰਨ ਲਈ ਕਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਅਕਸਰ ਸਟੇਜਾਂ ਤੋਂ ਆਖਦੇ ਰਹੇ ਹਨ ਕਿ ਜਦੋਂ ਹੜ੍ਹ ਆਉਂਦੇ ਹਨ ਤਾਂ ਝੱਲਣੇ ਪੰਜਾਬ ਨੂੰ ਪੈਂਦੇ ਹਨ ਅਤੇ ਹਰਿਆਣਾ ਉਸ ਵੇਲੇ ਪਾਣੀ ਨਹੀਂ ਲੈਂਦਾ ਹੈ। ਓਧਰ, ਰਾਜਸਥਾਨ ਸਰਕਾਰ ਨੇ ਵੀ 3 ਸਤੰਬਰ ਨੂੰ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਨਹਿਰੀ ਫੀਡਰ ’ਚ ਉਨਾਂ ਨੂੰ ਹੁਣ ਪਾਣੀ ਨਾ ਦਿੱਤਾ ਜਾਵੇ।
ਪੰਜਾਬ ਕਈ ਪਾਸਿਆਂ ਤੋਂ ਮੁਸ਼ਕਿਲ ਹੰਢਾ ਰਿਹਾ ਹੈ ਅਤੇ ਸੂਬੇ ਵਿੱਚ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਲੋਕਾਂ ਦੀਆਂ ਨਜ਼ਰਾਂ ਸਮੇਂ ਦੀਆਂ ਸਰਕਾਰਾਂ ’ਤੇ ਵੀ ਟਿਕੀਆਂ ਹੋਈਆਂ ਹਨ, ਕਿ ਕੀ ਉਨ੍ਹਾਂ ਦੇ ਐਲਾਨ ਸਿਰਫ਼ ਕਾਗ਼ਜ਼ੀ ਵਾਅਦਿਆਂ ਤੱਕ ਹੀ ਰਹਿ ਜਾਣਗੇ ਜਾਂ ਵਾਕਈ ਹੜ੍ਹਾਂ ਤੋਂ ਬਚਾ ਲਈ ਕੋਈ ਸਥਾਈ ਹੱਲ ਵੀ ਲੱਭੇ ਜਾਣਗੇ? ਇਹ ਗੱਲ ਵੀ ਸਪਸ਼ਟ ਹੈ ਕਿ ਪੰਜਾਬ ਨੂੰ ਸਿਰਫ ਰਾਹਤ ਹੀ ਨਹੀਂ ਸਗੋਂ ਪੱਕੀਆਂ ਅਤੇ ਸਹੀ ਭਵਿੱਖੀ ਯੋਜਨਾਵਾਂ, ਪੱਕੇ ਬੁਨਿਆਦੀ ਢਾਂਚੇ, ਇਮਾਨਦਾਰ ਅਤੇ ਮਜ਼ਬੂਤ ਰਾਜਨੀਤਕ ਇਰਾਦਿਆਂ ਦੀ ਲੋੜ ਹੈ, ਤਾਂ ਜੋ ਦਰਿਆਈ ਪਾਣੀਆਂ ਅਤੇ ਹੜ੍ਹਾਂ ਦਾ ਸਥਾਈ ਹੱਲ ਬਾਰੇ ਹੁਣ ਨਾਲੋ ਨਾਲ ਗੱਲ ਹੋਣੀ ਸ਼ੁਰੂ ਹੋਵੇ।
ਇੱਕ ਬੰਨੇ ਪੰਜਾਬ ਹੜ੍ਹਾਂ ਦੀ ਜ਼ਬਰਦਸਤ ਮਾਰ ਝੱਲ ਰਿਹਾ ਹੈ ਅਤੇ ਦੂਜੇ ਬੰਨੇ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਨੇ ਪੰਜਾਬ ਵਿੱਚ ਹੜ੍ਹਾਂ ਕਾਰਨ ਅਸਿੱਧੇ ਤੌਰ ’ਤੇ ਸੂਬਾ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਜੇ ਹਰਿਆਣਾ ਨੂੰ ਪਹਿਲਾਂ ਵੱਧ ਪਾਣੀ ਛੱਡਿਆ ਹੁੰਦਾ ਤਾਂ ਡੈਮ ’ਚ ਪਾਣੀ ਦਾ ਪੱਧਰ ਚਾਰ ਫੁੱਟ ਤੱਕ ਹੇਠਾਂ ਆ ਜਾਣਾ ਸੀ ਅਤੇ ਪਹਾੜਾਂ ਵਿੱਚੋਂ ਹੁਣ ਆਏ ਪਾਣੀ ਲਈ ਜਗ੍ਹਾ ਬਣ ਜਾਣੀ ਸੀ। ਚੇਅਰਮੈਨ ਨੇ ਪੰਜਾਬ’ਚ ਹੜ੍ਹਾਂ ਦੀ ਸਥਿਤੀ ਦੌਰਾਨ ਵੱਡੀ ਤਬਾਹੀ ਤੋਂ ਬਚਾਉਣ ਵਿੱਚ ਡੈਮਾਂ ਦੀ ਭੂਮਿਕਾ ਅਹਿਮ ਰਹਿਣ ਦਾ ਤਰਕ ਵੀ ਪੇਸ਼ ਕਰਦਿਆਂ ਕਿਹਾ ਹੈ ਕਿ ਭਾਖੜਾ ਡੈਮ ਨੇ ਪਹਾੜਾਂ ’ਚੋਂ ਆਏ ਪਾਣੀ ਨੂੰ ‘ਸੰਭਾਲਿਆ’ ਹੈ। ਦੱਸਣਯੋਗ ਹੈ ਕਿ ਹੜ੍ਹਾਂ ਦੀ ਸਥਿਤੀ ਤੋਂ ਕੁੱਝ ਸਮਾਂ ਪਹਿਲਾਂ ਹਰਿਆਣਾ ਨੇ ਪੰਜਾਬ ਤੋਂ ਵਾਧੂ ਪਾਣੀ ਦੀ ਮੰਗ ਕੀਤੀ ਸੀ ਅਤੇ ਪੰਜਾਬ ਸਰਕਾਰ ਨੇ ਮਨ੍ਹਾਂ ਕਰ ਦਿੱਤਾ ਸੀ। ਉਸ ਸਮੇਂ ਪੰਜਾਬ ਅਤੇ ਹਰਿਆਣਾ ਦਰਮਿਆਨ ਕਾਫ਼ੀ ਤਣਾਅ ਵੀ ਸੀ। ਬੀਬੀਐਮਬੀ ਦੇ ਚੇਅਰਮੈਨ ਤ੍ਰਿਪਾਠੀ ਨੇ ਜਿੱਥੇ ਡੈਮਾਂ ਵਿਚਲੇ ਪਾਣੀ ਬਾਰੇ ਅੰਕੜੇ ਸਾਂਝੇ ਕੀਤੇ, ੳੱਥੇ ਅਸਿੱਧੇ ਤੌਰ ’ਤੇ ਹਰਿਆਣਾ ਨੂੰ ਪਿਛਲੇ ਸਮੇਂ ਦੌਰਾਨ ਵਾਧੂ ਪਾਣੀ ਨਾ ਛੱਡੇ ਜਾਣ ਨੂੰ ਲੈ ਕੇ ਪੰਜਾਬ ਨੂੰ ਨਿਸ਼ਾਨੇ ’ਤੇ ਲਿਆ ਹੈ।
ਗੁਆਂਢੀ ਸੂਬੇ ਹੁਣ ਪਾਣੀ ਲੈਣ ਤੋਂ ਮੁੱਕਰੇ
ਇਸ ਸਮੇਂ ਪੰਜਾਬ ਜਦੋਂ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰ ਰਿਹਾ ਹੈ ਤਾਂ ਗੁਆਂਢੀ ਸੂਬਿਆਂ ਨੇ ਨਹਿਰਾਂ ’ਚ ਪਾਣੀ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਹਰਿਆਣਾ ਅਤੇ ਰਾਜਸਥਾਨ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖੇ ਹਨ ਕਿ ਉਹ ਨਹਿਰਾਂ ਜ਼ਰੀਏ ਪੰਜਾਬ’ਤੋਂ ਬਿਲਕੁਲ ਵੀ ਪਾਣੀ ਨਹੀਂ ਲੈਣਾ ਚਾਹੁੰਦੇ ਹਨ। ਹਰਿਆਣਾ ਸਰਕਾਰ ਨੇ ਆਪਣੇ ਸੂਬੇ ’ਚ ਹੜ੍ਹਾਂ ਦੀ ਸਥਿਤੀ ਦਾ ਹਵਾਲਾ ਦਿੱਤਾ ਹੈ। ਇਸੇ ਤਰ੍ਹਾਂ ਰਾਜਸਥਾਨ ਸਰਕਾਰ ਨੇ ਸ੍ਰੀ ਗੰਗਾਨਗਰ ਅਤੇ ਹਨੂਮਾਨਗੜ੍ਹ ’ਚ ਘੱਗਰ ਦਾ ਪਾਣੀ ਪੁੱਜਣ ਦੀ ਗੱਲ ਆਖੀ ਹੈ। ਹਰਿਆਣਾ ਦੇ ਜਲ ਸਰੋਤ ਵਿਭਾਗ ਦੇ ਅਧਿਕਾਰੀ ਨੇ ਪੰਜਾਬ ਦੇ ਮੁੱਖ ਇੰਜਨੀਅਰ (ਨਹਿਰਾਂ) ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਘੱਗਰ ਦਾ ਪਾਣੀ ਨਰਵਾਣਾ ਬਰਾਂਚ ’ਚ ਦਾਖ਼ਲ ਹੋ ਚੁੱਕਾ ਹੈ ਅਤੇ ਹਰਿਆਣਾ ’ਚ ਮੀਂਹ ਪਏ ਹਨ ਜਿਸ ਕਾਰਨ ਨਹਿਰੀ ਪਾਣੀ ਦੀ ਮੰਗ ਘੱਟ ਗਈ ਹੈ। ਉਨ੍ਹਾਂ ਨਰਵਾਣਾ ਬਰਾਂਚ ’ਚ ਜਿਥੇ ਪਹਿਲਾਂ 2550 ਕਿਊਸਕ ਪਾਣੀ ਦੀ ਐਲੋਕੇਸ਼ਨ ਸੀ, ਉਸ ਨੂੰ ਜ਼ੀਰੋ ਕਰਨ ਲਈ ਕਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਅਕਸਰ ਸਟੇਜਾਂ ਤੋਂ ਆਖਦੇ ਰਹੇ ਹਨ ਕਿ ਜਦੋਂ ਹੜ੍ਹ ਆਉਂਦੇ ਹਨ ਤਾਂ ਝੱਲਣੇ ਪੰਜਾਬ ਨੂੰ ਪੈਂਦੇ ਹਨ ਅਤੇ ਹਰਿਆਣਾ ਉਸ ਵੇਲੇ ਪਾਣੀ ਨਹੀਂ ਲੈਂਦਾ ਹੈ। ਓਧਰ, ਰਾਜਸਥਾਨ ਸਰਕਾਰ ਨੇ ਵੀ 3 ਸਤੰਬਰ ਨੂੰ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਨਹਿਰੀ ਫੀਡਰ ’ਚ ਉਨਾਂ ਨੂੰ ਹੁਣ ਪਾਣੀ ਨਾ ਦਿੱਤਾ ਜਾਵੇ।
ਪੰਜਾਬ ਕਈ ਪਾਸਿਆਂ ਤੋਂ ਮੁਸ਼ਕਿਲ ਹੰਢਾ ਰਿਹਾ ਹੈ ਅਤੇ ਸੂਬੇ ਵਿੱਚ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਲੋਕਾਂ ਦੀਆਂ ਨਜ਼ਰਾਂ ਸਮੇਂ ਦੀਆਂ ਸਰਕਾਰਾਂ ’ਤੇ ਵੀ ਟਿਕੀਆਂ ਹੋਈਆਂ ਹਨ, ਕਿ ਕੀ ਉਨ੍ਹਾਂ ਦੇ ਐਲਾਨ ਸਿਰਫ਼ ਕਾਗ਼ਜ਼ੀ ਵਾਅਦਿਆਂ ਤੱਕ ਹੀ ਰਹਿ ਜਾਣਗੇ ਜਾਂ ਵਾਕਈ ਹੜ੍ਹਾਂ ਤੋਂ ਬਚਾ ਲਈ ਕੋਈ ਸਥਾਈ ਹੱਲ ਵੀ ਲੱਭੇ ਜਾਣਗੇ? ਇਹ ਗੱਲ ਵੀ ਸਪਸ਼ਟ ਹੈ ਕਿ ਪੰਜਾਬ ਨੂੰ ਸਿਰਫ ਰਾਹਤ ਹੀ ਨਹੀਂ ਸਗੋਂ ਪੱਕੀਆਂ ਅਤੇ ਸਹੀ ਭਵਿੱਖੀ ਯੋਜਨਾਵਾਂ, ਪੱਕੇ ਬੁਨਿਆਦੀ ਢਾਂਚੇ, ਇਮਾਨਦਾਰ ਅਤੇ ਮਜ਼ਬੂਤ ਰਾਜਨੀਤਕ ਇਰਾਦਿਆਂ ਦੀ ਲੋੜ ਹੈ, ਤਾਂ ਜੋ ਦਰਿਆਈ ਪਾਣੀਆਂ ਅਤੇ ਹੜ੍ਹਾਂ ਦਾ ਸਥਾਈ ਹੱਲ ਬਾਰੇ ਹੁਣ ਨਾਲੋ ਨਾਲ ਗੱਲ ਹੋਣੀ ਸ਼ੁਰੂ ਹੋਵੇ।
Comments
Start the conversation
Become a member of New India Abroad to start commenting.
Sign Up Now
Already have an account? Login