ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਅੰਮ੍ਰਿਤਸਰ ਤੋਂ ਸਿੱਖ ਆਗੂ ਜਗਮੋਹਨ ਸਿੰਘ ਰਾਜੂ (ਸਾਬਕਾ ਆਈਏਐੱਸ) ਨੇ ਪਾਰਟੀ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਸ਼ੁੱਕਰਵਾਰ ਨੂੰ ਅਸਤੀਫ਼ਾ ਦੇ ਦਿੱਤਾ ਹੈ। ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਲਿਖੇ ਅਸਤੀਫ਼ੇ ਵਿੱਚ ਰਾਜੂ ਨੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਉੱਤੇ ਮੰਡਲ ਪ੍ਰਧਾਨ ਦੀ ਚੋਣ ਸਮੇਂ ਪਾਰਟੀ ਦੇ ਸੰਵਿਧਾਨ ਦੀ ਉਲੰਘਣਾ ਦੇ ਦੋਸ਼ ਲਗਾਏ ਹਨ।
ਰਾਜੂ ਨੇ ਕਿਹਾ ਕਿ ਉਹ ਪੰਜਾਬ ਦੇ ਕਈ ਮੰਡਲ ਪ੍ਰਧਾਨਾਂ ਦੀ ਚੋਣ ਸਮੇਂ ਹੋਈ ਸੰਵਿਧਾਨ ਦੀ ਉਲੰਘਣਾ ਤੋਂ ਨਿਰਾਸ਼ ਹਨ ਅਤੇ ਇਸ ਨੂੰ ਰੋਕਣ ਵਿੱਚ ਬੇਵੱਸ ਹਨ ਜਿਸ ਕਰਕੇ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ। ਹਾਲਾਂਕਿ ਰਾਜੂ ਨੇ ਆਪਣੇ ਅਸਤੀਫ਼ੇ ਵਿੱਚ ਭਾਜਪਾ ਲਈ ਇੱਕ ਕਾਰਯਕਰਤਾ ਦੀ ਤਰ੍ਹਾਂ ਕੰਮ ਕਰਨਾ ਜਾਰੀ ਰੱਖਣ ਦੀ ਗੱਲ ਵੀ ਆਖੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਦਿਸ਼ਾ ਵੱਲ ਕੰਮ ਕਰਨਾ ਜਾਰੀ ਰੱਖਣਗੇ ਕਿ 2027 ਵਿੱਚ ਭਾਜਪਾ ਪੰਜਾਬ ਅੰਦਰ ਪਹਿਲਾਂ ਨਾਲ ਮਜ਼ਬੂਤ ਹੋ ਕੇ ਸਾਹਮਣੇ ਆਵੇ।
ਆਪਣੇ ਚਾਰ ਸਫ਼ਿਆਂ ਦੇ ਅਸਤੀਫ਼ੇ ਵਿੱਚ ਰਾਜੂ ਨੇ ਵਿਸਥਾਰ ਵਿੱਚ ਵੇਰਵੇ ਸਾਂਝੇ ਕੀਤੇ ਹਨ ਕਿ ਕਿਵੇਂ ਮੰਡਲ ਪ੍ਰਧਾਨਾਂ ਦੀ ਚੋਣ ਸਮੇਂ ਯੋਗ ਉਮੀਦਵਾਰਾਂ ਨੂੰ ਪਾਸੇ ਛੱਡ ਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਸਿਫ਼ਾਰਸ਼ਾਂ ਅਨੁਸਾਰ ਮੰਡਲ ਪ੍ਰਧਾਨ ਨਿਯੁਕਤ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਪਾਰਟੀ ਸੰਵਿਧਾਨ ਮੁਤਾਬਕ ਬੂਥ ਪ੍ਰਧਾਨ ਨਿਯੁਕਤ ਕਰਨ ਤੋਂ ਪਹਿਲਾਂ ਹਰ ਬੂਥ ਉੱਤੇ 25 ਪ੍ਰਾਈਮਰੀ ਮੈਂਬਰ ਹੋਣ ਲਾਜ਼ਮੀ ਹਨ। ਇੱਕ ਮੰਡਲ ਵਿੱਚ ਜਿੱਥੇ ਘੱਟੋ ਘੱਟ 50% ਬੂਥ ਕਮੇਟੀਆਂ ਬਣ ਜਾਣ, ਉਸ ਦੇ ਵੇਰਵੇ ਸਰਲ ਪੋਰਟਲ ਉੱਤੇ ਅਪਲੋਡ ਕਰਨੇ ਅਤੇ ਉੱਥੇ ਹੀ ਮੰਡਲ ਪ੍ਰਧਾਨ ਦੀ ਚੋਣ ਹੋ ਸਕਦੀ ਹੈ। ਪਰ ਪੰਜਾਬ ਦੇ ਕਈ ਮੰਡਲਾਂ ਉੱਪਰ 50% ਬੂਥ ਕਮੇਟੀਆਂ ਨਾਲ ਹੋਣ ਦੇ ਬਾਵਜੂਦ ਮੰਡਲ ਪ੍ਰਧਾਨ ਦੀ ਚੋਣਾਂ ਹੋਈਆਂ ਹਨ।
ਰਾਜੂ ਨੇ ਕਿਹਾ ਸੂਬਾ ਚੋਣ ਅਧਿਕਾਰੀ ਦੇ ਪੱਤਰ ਮਿਤੀ 23 ਫਰਵਰੀ 2025 ਅਨੁਸਾਰ ਜ਼ਿਲ੍ਹਾ ਪ੍ਰਧਾਨਾਂ ਦਾ ਚੋਣ ਵਿੱਚ ਕੋਈ ਰੋਲ ਨਹੀਂ ਹੈ, ਪਰੰਤੂ ਆਖਰੀ ਦਿਨ ਇਸ ਪ੍ਰਕਿਰਿਆ ਦੀ ਉਲੰਘਣਾ ਕੀਤੀ ਗਈ ਅਤੇ ਵੱਡੀ ਗਿਣਤੀ ਵਿੱਚ ਮੰਡਲ ਪ੍ਰਧਾਨ ਜ਼ਿਲ੍ਹਾ ਪ੍ਰਧਾਨਾਂ ਦੀਆਂ ਸਿਫ਼ਾਰਸ਼ਾਂ ਉੱਤੇ ਨਿਯੁਕਤ ਕਰ ਦਿੱਤੇ ਗਏ। ਰਾਜੂ ਨੇ ਕਿਹਾ ਹੈ ਕਿ ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਚੁਣਨ ਲਈ ਮੰਡਲ ਪ੍ਰਧਾਨ ਪ੍ਰਮੁੱਖ ਵੋਟਰ ਹੁੰਦੇ ਹਨ ਅਤੇ ਜੇਕਰ ਮੰਡਲ ਪ੍ਰਧਾਨ ਹੀ ਜ਼ਿਲ੍ਹਾ ਪ੍ਰਧਾਨ ਦੀ ਸਿਫ਼ਾਰਸ਼ ਅਨੁਸਾਰ ਨਿਯੁਕਤ ਹੋ ਜਾਣ ਤਾਂ ਜਮਹੂਰੀ ਚੋਣ ਪ੍ਰਭਾਵਿਤ ਹੁੰਦੀ ਹੈ। ਇਸ ਤਰ੍ਹਾਂ ਇਹ ਚੋਣ ਮਹਿਜ ਇੱਕ ਫਿਕਸ ਮੈਚ ਬਣ ਕੇ ਹੀ ਰਹਿ ਗਈ ਹੈ।
ਆਪਣੇ ਅਸਤੀਫ਼ੇ ਵਿੱਚ ਰਾਜੂ ਨੇ ਹਰਵਿੰਦਰ ਸੰਧੂ ਦੇ ਖਿਲਾਫ਼ ਵੀ ਕਈ ਦੋਸ਼ ਲਗਾਏ ਹਨ। ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਜਾਖੜ ਇਸ ਉੱਤੇ ਕੀ ਕਾਰਵਾਈ ਕਰਦੇ ਹਨ ਅਤੇ ਹਰਵਿੰਦਰ ਸੰਧੂ ਵੱਲੋਂ ਕੀ ਜਵਾਬ ਆਉਂਦਾ ਹੈ।
Comments
Start the conversation
Become a member of New India Abroad to start commenting.
Sign Up Now
Already have an account? Login