ADVERTISEMENTs

ਮੱਧਕਾਲੀਨ ਭਾਰਤ ਦੇ ਕ੍ਰਾਂਤੀਕਾਰੀ ਯੋਧੇ ਭਗਤ ਕਬੀਰ ਜੀ

ਭਗਤ ਜੀ ਸਮਾਜ ਨੂੰ ਜਾਤ-ਪਾਤ, ਵਰਣ-ਵੰਡ ਤੋਂ ਮੁਕਤ ਕਰ ਕੇ ਅਧਿਆਤਮਿਕ ਵਿਕਾਸ ’ਤੇ ਜ਼ੋਰ ਦਿੰਦੇ ਸਨ

ਮੱਧਕਾਲੀਨ ਭਾਰਤੀ ਸਮਾਜ ਜਾਤ-ਪਾਤ, ਧਾਰਮਿਕ ਕੱਟੜਵਾਦ, ਪਾਖੰਡੀ ਪੁਜਾਰੀਵਾਦ ਅਤੇ ਊਚ-ਨੀਚ ਜਿਹੀ ਗੰਭੀਰ ਬੀਮਾਰੀ ’ਚ ਜਕੜਿਆ ਹੋਇਆ ਸੀ, ਜਿੱਥੇ ਨੀਵੀਂ ਜਾਤੀ ਵਾਲੇ ਮਨੁੱਖ ਨੂੰ ਨਾ ਤਾਂ ਪ੍ਰਭੂ ਦੀ ਭਗਤੀ ਕਰਨ ਦੀ ਤੇ ਨਾ ਮੰਦਿਰਾਂ ਵਿੱਚ ਜਾਣ ਦੀ ਆਗਿਆ ਸੀ।ਅਜਿਹੇ ਹਾਲਾਤ ਸਮੇਂ ਇੱਥੇ ਭਗਤੀ ਲਹਿਰ ਦਾ ਆਗਮਨ ਹੋਣਾ ਇੱਕ ਬਹੁਤ ਵੱਡਾ ਕ੍ਰਿਸ਼ਮਾ ਅਤੇ ਭਾਰਤੀ ਸਮਾਜ ਵਿੱਚ ਸੰਜੀਵਨੀ ਬੂਟੀ ਦੇ ਬਰਾਬਰ ਸੀ। ਇਸ ਭਗਤੀ ਲਹਿਰ ਦੇ ਨਾਇਕ ਮਹਾਂ ਪੁਰਖਾਂ ਵਿੱਚੋਂ ਭਗਤ ਕਬੀਰ ਜੀ ਦਾ ਯੋਗਦਾਨ ਨਾ ਭੁੱਲਣਯੋਗ ਹੈ।

ਭਗਤ ਕਬੀਰ ਜੀ ਗੁਰੂ ਨਾਨਕ ਸਾਹਿਬ ਦੇ ਸਮਕਾਲੀ ਮੰਨੇ ਜਾਂਦੇ ਹਨ। ਭਗਤ ਕਬੀਰ ਜੀ ਬਨਾਰਸ ਵਿਖੇ ਰਹਿੰਦੇ ਸਨ, ਜਿੱਥੇ ਜਾਤ-ਪਾਤ ਦਾ ਬਹੁਤ ਬੋਲ ਬਾਲਾ ਸੀ। ਨੀਵੀਂ ਜਾਤ ’ਚ ਪੈਦਾ ਹੋਣ ਵਾਲੇ ਨੂੰ ਹੀਣ-ਭਾਵਨਾ ਨਾਲ਼ ਦੇਖਿਆ ਜਾਂਦਾ ਸੀ।ਸਮਾਜਿਕ ਬਰਾਬਰੀ ਹੋਣਾ ਤਾਂ ਦੂਰ ਦੀ ਗੱਲ, ਸੋਚਣਾ ਵੀ ਪਾਪ ਸਮਝਿਆ ਜਾਂਦਾ ਸੀ। ਭਗਤ ਜੀ ਸਮਾਜ ਨੂੰ ਦੁਨਿਆਵੀ ਵਰਗ-ਵੰਡ ਅਤੇ ਵਰਣ-ਵੰਡ ਤੋਂ ਮੁਕਤ ਕਰ ਕੇ ਅਧਿਆਤਮਿਕ ਵਿਕਾਸ ’ਤੇ ਜ਼ੋਰ ਦਿੰਦੇ ਸਨ। ਇਹ ਸਮਝਦੇ ਸਨ ਕਿ ਕਿਸੇ ਵੀ ਜਾਤ ਜਾਂ ਵਰਣ ਵਿੱਚ ਪੈਦਾ ਹੋਣ ਵਾਲਾ ਮਨੁੱਖ ਆਪਣੇ ਕਰਮਾਂ ਕਰ ਕੇ ਸ੍ਰੇਸ਼ਟ ਹੋ ਸਕਦਾ ਹੈ।ਭਗਤ ਜੀ ਲੁਕਾਈ ਦਾ ਮਾਰਗ ਦਰਸ਼ਨ ਕਰਦੇ ਹੋਏ ਕਹਿੰਦੇ ਹਨ ਕਿ ਨੀਵੀਂ ਜਾਤ ’ਚ ਜਨਮ ਲੈਣ ਵਾਲਾ ਵਿਅਕਤੀ ਪ੍ਰਭੂ ਦੀ ਬਖ਼ਸ਼ਿਸ਼ ਦੁਆਰਾ ਉੱਚਾ ਹੋ ਜਾਂਦਾ ਹੈ।

ਭਗਤ ਕਬੀਰ ਜੀ ਨੇ ਪ੍ਰਭੂ-ਪ੍ਰੇਮ ਅਤੇ ਲੋਕਾਈ ਦੀ ਭਲਾਈ ਹਿਤ ਆਪਣਾ ਸੰਪੂਰਨ ਜੀਵਨ ਅਰਪਨ ਕਰ ਦਿੱਤਾ। ਰੱਬ ਦਾ ਸੰਦੇਸ਼ ਲੋਕਾਂ ਤੱਕ ਲੈ ਜਾਣ ਅਤੇ ਮਾਨਵਤਾ ਦੀ ਸੇਵਾ ਕਰਦੇ ਹੋਏ ਭਗਤ ਜੀ ਨੇ ਆਪਣਾ ਜੀਵਨ ਬਤੀਤ ਕੀਤਾ। ਭਗਤ ਜੀ ਦੀ ਬਾਣੀ ਵਿੱਚੋਂ 243 ਸਲੋਕ ਅਤੇ 17 ਰਾਗਾਂ ਅਧੀਨ 227 ਪਦੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ ਹਨ। ਸਲੋਕਾਂ ਵਿੱਚੋਂ 6 ਸਲੋਕ ਗੁਰੂ ਸਾਹਿਬਾਨ ਦੁਆਰਾ ਭਗਤ ਜੀ ਦੀ ਬਾਣੀ ਦੀ ਸਪਸ਼ਟਤਾ ਲਈ ਰਚੇ ਗਏ। ਗੁਰੂ ਅਮਰਦਾਸ ਜੀ ਦਾ ਇੱਕ ਅਤੇ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਪੰਜ ਸਲੋਕ ਇਹ ਸਪਸ਼ਟ ਕਰਦੇ ਹਨ ਕਿ ਭਗਤ ਜੀ ਦੀ ਬਾਣੀ ਪਹਿਲਾਂ ਤੋਂ ਹੀ ਗੁਰੂ ਸਾਹਿਬਾਨ ਕੋਲ ਮੌਜੂਦ ਸੀ, ਜਿਸ ਨੂੰ ਗੁਰੂ ਨਾਨਕ ਸਾਹਿਬ ਦੁਆਰਾ ਉਦਾਸੀਆਂ ਸਮੇਂ ਇਕੱਤਰ ਕੀਤੀ ਮੰਨਿਆ ਜਾਂਦਾ ਹੈ।

ਭਗਤ ਜੀ ਜਨਮ ਨੂੰ ਸਮਾਜਿਕ ਵਰਗ-ਵੰਡ ਦੀ ਥਾਂ ਪ੍ਰਭੂ-ਭਗਤੀ ਅਤੇ ਬਖ਼ਸ਼ਿਸ਼ ਨੂੰ ਉਹ ਇਸ ਦਾ ਆਧਾਰ ਮੰਨਦੇ ਹਨ। ਭਗਤ ਜੀ ਇਹ ਸਮਝਦੇ ਸਨ ਕਿ ਪ੍ਰਭੂ-ਬੰਦਗੀ ਨਾਲ ਜੁੜੇ ਹੋਏ ਮਨੁੱਖ ਸ੍ਰ੍ਰੇਸ਼ਟ ਅਤੇ ਜਿਹੜੇ ਮਨੁੱਖ ਜਾਤ ਦਾ ਹੰਕਾਰ ਕਰਦੇ ਹਨ ਉਹ ਨੀਵੇਂ ਹਨ। ਭਗਤ ਜੀ ਦੱਸਦੇ ਹਨ ਕਿ ਰੱਬ ਦੀ ਜੋਤ ਨਾਲ ਹੀ ਬੱਚੇ ਦਾ ਜਨਮ ਹੁੰਦੈ ਅਤੇ ਜਨਮ ਲੈਣ ਤੋਂ ਪਹਿਲਾਂ ਬੱਚੇ ਦੀ ਕੋਈ ਜਾਤ ਨਹੀਂ ਹੁੰਦੀ। ਜਾਤ-ਪਾਤ, ਊਚ-ਨੀਚ, ਵਹਿਮਾਂ-ਭਰਮਾਂ, ਪਾਖੰਡਾਂ ਆਦਿ ਪ੍ਰਤੀ ਭਗਤ ਕਬੀਰ ਜੀ ਮਨੁੱਖਤਾ ਨੂੰ ਸੁਚੇਤ ਕਰਦੇ ਰਹਿੰਦੇ। ਪ੍ਰਭੂ ਰਜ਼ਾ ’ਚ ਰਹਿੰਦੇ ਹੋਏ ਭਗਤ ਜੀ ਨੇ ਸਮਾਜ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਦਾ ਕਾਰਜ ਅਰੰਭ ਕੀਤਾ । ਭੇਦ ਭਾਵ ਅਤੇ ਕਰਮਕਾਂਡ ਦਾ ਜਿਹੜਾ ਜਾਲ ਪ੍ਰੋਹਿਤ ਸ਼੍ਰੇਣੀ ਵੱਲੋਂ ਪਾਇਆ ਗਿਆ ਭਗਤ ਜੀ ਨੇ ਉਸ ਨੂੰ ਤੋੜਨ ’ਚ ਮਹੱਤਵ ਪੂਰਨ ਭੂਮਿਕਾ ਨਿਭਾਈ।

ਬਨਾਰਸ ਦੀ ਪ੍ਰੋਹਿਤ ਸ਼੍ਰੇਣੀ ਨੇ ਲੋਕਾਂ ਦੀ ਲੁੱਟ-ਖਸੁੱਟ ਕਰਨ ਲਈ ਜਦੋਂ ਇਹ ਐਲਾਨ ਕੀਤਾ ਕਿ ਜਿਹੜਾ ਮਨੁੱਖ ਬਨਾਰਸ ’ਚ ਨਹੀਂ ਮਰਦਾ ਉਸ ਦੀ ਮੁਕਤੀ ਨਹੀਂ ਹੁੰਦੀ ਤੇ ਜਿਹੜਾ ਉਥੋਂ ਕੁੱਝ ਦੂਰੀ ’ਤੇ ਸਥਿਤ ਨਗਰ ਮਗਹਰ ’ਚ ਪ੍ਰਾਣ ਤਿਆਗਦਾ ਹੈ ਉਹ ਖੋਤੇ ਦੀ ਜੂਨ ’ਚ ਪੈਂਦਾ ਹੈ। ਭਗਤ ਜੀ ਨੇ ਇਸ ਐਲਾਨ ਦਾ ਗੰਭੀਰ ਨੋਟਿਸ ਲਿਆ ਅਤੇ ਉਹ ਲੁਕਾਈ ਨੂੰ ਇਸ ਭਰਮਜਾਲ ’ਚੋਂ ਸਦੀਵੀ ਤੌਰ ’ਤੇ ਬਾਹਰ ਕੱਢਣ ਲਈ ਆਪਣੇ ਜੀਵਨ ਦੇ ਅੰਤਿਮ ਸਮੇਂ ਬਨਾਰਸ ਛੱਡ ਕੇ ਮਗਹਰ ਚਲੇ ਗਏ ਕਿਉਂਕਿ ਉਹ ਸਮਝਦੇ ਸਨ ਕਿ ਸਮੁੱਚੀ ਧਰਤੀ ਕਰਤੇ ਨੇ ਪੈਦਾ ਕੀਤੀ ਹੈ।

ਭਗਤ ਜੀ ਆਮ ਲੋਕਾਂ ਨੂੰ ਪ੍ਰਭੂ-ਮੁਖੀ ਜੀਵਨਜਾਚ ਧਾਰਨ ਕਰਨ ਦੀ ਪ੍ਰੇਰਨਾ ਪੈਦਾ ਕਰਨ ਦੇ ਨਾਲ-ਨਾਲ ਅਜਿਹੀ ਜੀਵਨਜਾਚ ਧਾਰਨ ਕਰਨ ’ਤੇ ਜ਼ੋਰ ਦਿੰਦੇ, ਜਿਸ ’ਚੋਂ ਸਤ, ਸੰਤੋਖ, ਦਇਆ, ਧਰਮ, ਧੀਰਜ ਅਤੇ ਪਰਉਪਕਾਰ ਜਿਹੇ ਗੁਣ ਪੈਦਾ ਹੁੰਦੇ ਅਤੇ ਜਿਨ੍ਹਾਂ ਨੂੰ ਧਾਰਨ ਕਾਰਨ ਨਾਲ ਮਨ ’ਚੋਂ ਵਿਕਾਰਾਂ ਦਾ ਨਾਸ਼ ਹੁੰਦਾ। ਭਗਤ ਜੀ ਦੀ ਸਮੁੱਚੀ ਬਾਣੀ ਲੋਕਾਈ ਦਾ ਮਾਰਗ ਦਰਸ਼ਨ ਕਰਦੀ ਹੈ ਤੇ ਉਨ੍ਹਾਂ ਦੁਆਰਾ ਰਚੇ ਗਏ ਸਲੋਕ ਮਨ ’ਤੇ ਗੰਭੀਰ ਅਸਰ ਪਾਉਂਦੇ ਹਨ।

ਭਗਤ ਜੀ ਦੀ ਬਾਣੀ ਰੂੜ੍ਹੀਵਾਦੀ ਵਿਚਾਰਾਂ ਨੂੰ ਤਿਆਗ ਕੇ ਸਦਾਚਾਰੀ ਜੀਵਨਜਾਚ ਗ੍ਰਹਿਣ ਕਰਨ ’ਤੇ ਜ਼ੋਰ ਦਿੰਦੀ ਹੈ। ਮਨੁੱਖ ਨੂੰ ਮਿੱਟੀ ਦਾ ਪੁਤਲਾ ਮੰਨ ਕੇ ਉਹ ਇਸ ਦੀ ਨਾਸ਼ਮਾਨਤਾ ਵੱਲ ਸੰਕੇਤ ਕਰਦੇ ਹਨ। ਇਸ ਨਾਸ਼ਵਾਨ ਸਰੀਰ ਦੀ ਸਾਰਥਕਤਾ ਸ਼ੁਭ ਕਾਰਜਾਂ ਰਾਹੀਂ ਪ੍ਰਗਟ ਹੁੰਦੀ ਹੈ ਜਿਸ ’ਚੋਂ ਪ੍ਰੇਮ ਅਤੇ ਭਾਈਚਾਰੇ ਦੀ ਭਾਵਨਾ ਦਾ ਵਿਕਾਸ ਹੁੰਦਾ ਅਤੇ ਮਨ ਦਵੈਤ ’ਚ ਭਟਕਣ ਦੀ ਬਜਾਏ ਅਦ੍ਵੈਤ ਨਾਲ ਇਕਸੁਰ ਹੋ ਜਾਂਦਾ ਹੈ।

ਕਬੀਰ ਜੀ ਜਿੱਥੇ ਪ੍ਰਭੂ ਭਗਤੀ ’ਚ ਲੀਨ ਰਹਿੰਦੇ ਸਨ ਉੱਥੇ ਆਪਣਾ ਗ੍ਰਹਿਸਤੀ ਜੀਵਨ ਵੀ ਆਪਣੇ ਪਿਤਾ ਪੁਰਖੀ ਧੰਦੇ ਕੱਪੜਾ ਬੁਣਨਾ (ਜੁਲਾਹਾ) ਕੰਮ ਨਾਲ਼ ਜੀਵਨ ਬਸਰ ਕਰਦੇ ਸਨ। ਪ੍ਰਭੂ ਭਗਤੀ ’ਚ ਉਹ ਐਨੇ ਰੰਗੇ ਰਹਿੰਦੇ ਹਨ ਕਿ ਰੱਬ ਨੂੰ ਆਪਣੇ ਅੰਗ-ਸੰਗ ਜਾਣਦੇ ਸਨ। ਕਬੀਰ ਜੀ ਦੀ ਬਾਣੀ ਰਣ ਭੂਮੀ ’ਚ ਜ਼ੁਲਮ ਵਿਰੁੱਧ ਜੂਝਦੇ ਹੋਏ ਕੁਰਬਾਨ ਹੋਣ ਦਾ ਵੀ ਜਜ਼ਬਾ ਭਰਦੀ ਹੈ ‘‘ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥  ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥’’ 

ਸੋ ਭਗਤ ਕਬੀਰ ਜੀ ਸੱਚੀ ਪ੍ਰਭੂ ਭਗਤੀ, ਸਮਾਜ ਸੁਧਾਰਕ ਭਾਵਨਾ, ਸ਼ਾਂਤਮਈ ਕ੍ਰਾਂਤੀ ਤੇ ਤਰਕਸ਼ੀਲਤਾ ਭਰੀ ਰਚਨਾ ਉਚਾਰਨ ਵਾਲੇ ਪਹਿਲੇ ਭਗਤ ਹੋਏ ਹਨ। ਉਨ੍ਹਾਂ ਦਾ ਜਨਮ ਦਿਹਾੜਾ ਮਨਾਉਂਦਿਆਂ ਸਾਨੂੰ ਭਗਤ ਜੀ ਦੇ ਪਾਏ ਪੂਰਨਿਆਂ ‘ਤੇ ਵੀ ਚੱਲਣਾ ਚਾਹੀਦਾ ਹੈ।ਸਾਡਾ ਸਮਾਜ ਹਾਲੇ ਵੀ ਜਾਤ-ਪਾਤ, ਊਚ-ਨੀਚ ਦਾ ਵਿਤਕਰਾ, ਸਵਰਗਾਂ-ਨਰਕਾਂ, ਥੋਥੇ ਅੰਧਵਿਸ਼ਵਾਸੀ ਕਰਮਕਾਂਡਾਂ ਅਤੇ ਮਨੁੱਖਤਾ ਵਿਰੋਧੀ ਗਲਤ ਰੀਤੀ ਰਿਵਾਜ਼ਾਂ ਵਿੱਚ ਬੁਰੀ ਤਰ੍ਹਾਂ ਉਲਝਿਆ ਹੈ। ਸਾਨੂੰ ਵੀ ਗੁਰਬਾਣੀ ਰਾਂਹੀ ਅਜਿਹੇ ਸਮਾਜ ਵਿੱਚ ਚਾਨਣ ਦਾ ਮੁਨਾਰਾ ਬਣਦੇ ਹੋਏ ਹਨੇਰੇ ਨਾਲ ਲੜਨ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video