ADVERTISEMENT

ADVERTISEMENT

ਲੰਡਨ ਵਿੱਚ ਧੂਮਧਾਮ ਨਾਲ ਮਨਾਈ ਜਾਵੇਗੀ ਵਿਸਾਖੀ, ਮੇਅਰ ਵੱਲੋਂ ਸਭ ਨੂੰ ਸੱਦਾ

ਲੰਡਨ ਵਿੱਚ ਇਹ ਸਾਲਾਨਾ ਸਮਾਰੋਹ ਮੇਅਰ ਦੇ ਦਫ਼ਤਰ ਵੱਲੋਂ “ਵਿਸਾਖੀ ਲੰਡਨ” ਨਾਮਕ ਗੈਰ-ਮੁਨਾਫ਼ਾ ਸੰਸਥਾ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾਂਦਾ ਹੈ

 ਲੰਡਨ ਵਿੱਚ ਵਿਸਾਖੀ ਦਾ ਜਸ਼ਨ ਲੰਡਨ ਵਿੱਚ ਵਿਸਾਖੀ ਦਾ ਜਸ਼ਨ / Mayor of London, Sadiq Khan via X

ਲੰਡਨ ਵਿੱਚ ਇਸ ਸਾਲ ਵੀ ਵਿਸਾਖੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ। ਸ਼ਹਿਰ ਦੇ ਮੇਅਰ ਵੱਲੋਂ ਲੋਕਾਂ ਨੂੰ ਇਸ ਵਿਸ਼ੇਸ਼ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਇਹ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੱਭਿਆਚਾਰਕ ਰੰਗਾਂ ਨਾਲ ਭਰਪੂਰ ਹੋਵੇਗਾ।

ਵਿਸਾਖੀ, ਸਿੱਖ ਧਰਮ ਦਾ ਇੱਕ ਮਹੱਤਵਪੂਰਨ ਤਿਉਹਾਰ ਹੈ। ਇਹ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਾਜਨਾ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਗੁਰੂ ਜੀ ਨੇ ਪੰਜ ਪਿਆਰਿਆਂ ਦੀ ਸਾਜਨਾ ਕਰ ਖਾਲਸਾ ਪੰਥ ਦੇ ਵਿਲੱਖਣ ਇਤਿਹਾਸ ਦੀ ਸ਼ੁਰੂਆਤ ਕੀਤੀ ਸੀ।

ਇਹ ਤਿਉਹਾਰ ਪੰਜਾਬ ਵਿੱਚ ਅਤੇ ਦੁਨੀਆ ਭਰ ਦੇ ਪੰਜਾਬੀ ਭਾਈਚਾਰੇ ਵੱਲੋਂ ਇੱਕ ਖੁਸ਼ਹਾਲ ਫਸਲ ਮੇਲੇ ਵਜੋਂ ਵੀ ਮਨਾਇਆ ਜਾਂਦਾ ਹੈ। ਇਸ ਦੌਰਾਨ ਨਗਰ ਕੀਰਤਨ, ਲੰਗਰ ਅਤੇ ਹੋਰ ਸਮਾਗਮ ਕਰਵਾਏ ਜਾਂਦੇ ਹਨ, ਜੋ ਨਵੀਂ ਫਸਲ, ਧੰਨਵਾਦ ਅਤੇ ਸੇਵਾ ਭਾਵਨਾ ਦਾ ਪ੍ਰਤੀਕ ਹੁੰਦੇ ਹਨ।

ਲੰਡਨ ਵਿੱਚ ਇਹ ਸਾਲਾਨਾ ਸਮਾਰੋਹ ਮੇਅਰ ਦੇ ਦਫ਼ਤਰ ਵੱਲੋਂ “ਵਿਸਾਖੀ ਲੰਡਨ” ਨਾਮਕ ਗੈਰ-ਮੁਨਾਫ਼ਾ ਸੰਸਥਾ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾਂਦਾ ਹੈ। ਇਸ ਦਾ ਮਕਸਦ ਹਰ ਪਿੱਛੋਕੜ ਦੇ ਲੋਕਾਂ ਨੂੰ ਇਕੱਠੇ ਕਰਕੇ ਸਿੱਖ ਵਿਰਾਸਤ ਅਤੇ ਪੰਜਾਬੀ ਸੱਭਿਆਚਾਰ ਦਾ ਜਸ਼ਨ ਮਨਾਉਣਾ ਹੈ।

ਸ਼ਹਿਰੀ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਸਮਾਗਮ ਵਿੱਚ ਹਰ ਕਿਸੇ ਲਈ ਕੁਝ ਨਾ ਕੁਝ ਖਾਸ ਹੋਵੇਗਾ- ਚਾਹੇ ਤੁਸੀਂ ਸੰਗੀਤ, ਇਤਿਹਾਸ, ਖਾਣ-ਪੀਣ ਜਾਂ ਰੰਗੀਨ ਮਾਹੌਲ ਦੇ ਸ਼ੌਕੀਨ ਹੋਵੋ। “ਵਿਸਾਖੀ ਆਨ ਦ ਸਕਵੇਅਰ 2026” ਵਿੱਚ ਤੁਹਾਡਾ ਸਵਾਗਤ ਕਰਨ ਲਈ ਅਸੀਂ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ।

ਇਹ ਪ੍ਰੋਗਰਾਮ ਪੂਰੀ ਤਰ੍ਹਾਂ ਮੁਫ਼ਤ ਹੋਵੇਗਾ। ਇਸ ਵਿੱਚ ਸੱਭਿਆਚਾਰਕ ਪੇਸ਼ਕਾਰੀਆਂ ਸ਼ਾਮਲ ਹੋਣਗੀਆਂ, ਜਿਨ੍ਹਾਂ ਵਿੱਚ ਰਵਾਇਤੀ ਸਿੱਖ ਯੁੱਧ ਕਲਾ ਗਤਕਾ ਦੇ ਪ੍ਰਦਰਸ਼ਨ ਅਤੇ ਮੁਫ਼ਤ ਨਾਸ਼ਤਾ ਤੇ ਚਾਹ ਦੀ ਸੇਵਾ ਵੀ ਹੋਵੇਗੀ।

ਸਮਾਗਮ ਦੌਰਾਨ ਲੋਕ ਮੁੱਖ ਮੰਚ ‘ਤੇ ਦਿਨ ਭਰ ਚੱਲਣ ਵਾਲੀਆਂ ਰੰਗਾਰੰਗ ਪੇਸ਼ਕਾਰੀਆਂ ਦਾ ਆਨੰਦ ਲੈ ਸਕਣਗੇ। ਇਸ ਦੇ ਨਾਲ ਪਰਿਵਾਰਾਂ ਅਤੇ ਬੱਚਿਆਂ ਲਈ ਖੇਡਾਂ ਅਤੇ ਮਨੋਰੰਜਨ ਗਤੀਵਿਧੀਆਂ, ਪੱਗ ਬੰਨ੍ਹਣ ਦੀਆਂ ਵਰਕਸ਼ਾਪਾਂ, ਵੱਖ-ਵੱਖ ਸਟਾਲਾਂ ਅਤੇ ਲਜ਼ੀਜ਼ ਖਾਣੇ ਦੀ ਵੀ ਵਧੀਆ ਵਿਵਸਥਾ ਕੀਤੀ ਜਾਵੇਗੀ।

2026 ਦੇ ਇਸ ਵਿਸ਼ੇਸ਼ ਸਮਾਗਮ ਬਾਰੇ ਗੱਲ ਕਰਦਿਆਂ ਲੰਡਨ ਦੇ ਮੇਅਰ ਸਾਦਿਕ ਖਾਨ ਨੇ ਕਿਹਾ ਕਿ ਇਸ ਮਹੀਨੇ ਵਿਸਾਖੀ ਟ੍ਰਾਫਲਗਰ ਸਕਵੇਅਰ ‘ਚ ਵਾਪਸ ਆ ਰਹੀ ਹੈ। ਉਨ੍ਹਾਂ ਕਿਹਾ ਕਿ ਲੰਡਨ ਵਾਸੀਆਂ ਅਤੇ ਸੈਲਾਨੀਆਂ ਨੂੰ ਇਕ ਸ਼ਾਨਦਾਰ ਦੁਪਹਿਰ ਦਾ ਅਨੁਭਵ ਮਿਲੇਗਾ, ਜੋ ਪੰਜਾਬੀਅਤ ਅਤੇ ਸਿੱਖ ਸੱਭਿਆਚਾਰ ਨਾਲ ਭਰਪੂਰ ਹੋਵੇਗਾ।

ਇਹ ਸਮਾਗਮ ਦੁਪਹਿਰ 12 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗਾ।

Comments

Leave A Comment

Required fields are marked (*).

Related

Talk to us?