ADVERTISEMENT

ADVERTISEMENT

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਬੰਦ ਲਿਫ਼ਾਫ਼ੇ 'ਚ ਦਿੱਤਾ ਸਪੱਸ਼ਟੀਕਰਨ

15 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅਕਾਲੀ ਦਲ ਦੇ ਬਾਗੀ ਧੜੇ ਦੀ ਮੁਆਫ਼ੀ ਨੂੰ ਆਧਾਰ ਮੰਨਦਿਆਂ ਸੁਖਬੀਰ ਬਾਦਲ ਨੂੰ ਆਪਣਾ ਪੱਖ ਪੇਸ਼ ਕਰਨ ਲਈ 15 ਦਿਨਾਂ ਦਾ ਸਮਾਂ ਦਿੱਤਾ ਸੀ।

ਸੁਖਬੀਰ ਬਾਦਲ ਨੇ ਆਪਣਾ ਲਿਖਤੀ ਸਪੱਸ਼ਟੀਕਰਨ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਸੌਂਪਿਆ / SGPC

ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸੀਨੀਅਰ ਆਗੂਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਿੱਤੀ ਸ਼ਿਕਾਇਤ ਵਿਚ ਲਾਏ ਦੋਸ਼ਾਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣਾ ਲਿਖਤੀ ਸਪੱਸ਼ਟੀਕਰਨ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਨਿੱਜੀ ਤੌਰ ‘ਤੇ ਪੁੱਜ ਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਸੌਂਪਿਆ ਹੈ। 

 

15 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅਕਾਲੀ ਦਲ ਦੇ ਬਾਗੀ ਧੜੇ ਦੀ ਮੁਆਫ਼ੀ ਨੂੰ ਆਧਾਰ ਬਣਾਉਂਦਿਆਂ ਸੁਖਬੀਰ ਬਾਦਲ ਨੂੰ ਆਪਣਾ ਪੱਖ ਪੇਸ਼ ਕਰਨ ਲਈ 15 ਦਿਨਾਂ ਦਾ ਸਮਾਂ ਦਿੱਤਾ ਸੀ। 

 

ਡੇਰਾ ਮੁਖੀ ਰਾਮ ਰਹੀਮ ਦਾ ਪੱਖ ਪੂਰਨ, ਸ਼੍ਰੋਮਣੀ ਅਕਾਲੀ ਦਲ ਦੇ 90 ਲੱਖ ਰੁਪਏ ਦੇ ਇਸ਼ਤਿਹਾਰ ਸ਼੍ਰੋਮਣੀ ਕਮੇਟੀ ਦੀ ਤਰਫੋਂ ਜਾਰੀ ਕਰਨ ਅਤੇ ਬੇਅਦਬੀ ਮਾਮਲਿਆਂ ਸਮੇਤ ਸਾਰੇ ਦੋਸ਼ਾਂ 'ਤੇ ਉਸ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ।

 

ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਡਾ. ਦਲਜੀਤ ਸਿੰਘ ਚੀਮਾ, ਸ. ਮਹੇਸ਼ਇੰਦਰ ਸਿੰਘ ਗਰੇਵਾਲ, ਸ. ਬਲਵਿੰਦਰ ਸਿੰਘ ਭੂੰਦੜ ਅਤੇ ਸ. ਅਲਵਿੰਦਰਪਾਲ ਸਿੰਘ ਪੱਖੋਕੇ ਵੀ ਹਾਜ਼ਰ ਸਨ। 


ਸੁਖਬੀਰ ਬਾਦਲ ਵੱਲੋਂ ਪੇਸ਼ ਕੀਤੇ ਗਏ ਸਪੱਸ਼ਟੀਕਰਨ ਬਾਰੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਅੱਜ ਆਪਣਾ ਸਪਸ਼ਟੀਕਰਨ ਦੇਣ ਲਈ ਪਹੁੰਚੇ ਸਨ ਤੇ ਉਨ੍ਹਾਂ ਦਾ ਲਿਖਤੀ ਸਪੱਸ਼ਟੀਕਰਨ ਲਿਆ ਗਿਆ ਹੈ। 

 

ਸਪੱਸ਼ਟੀਕਰਨ ਸਬੰਧੀ ਆਉਣ ਵਾਲੇ ਸਮੇਂ ਵਿੱਚ ਕੁਝ ਦਿਨਾਂ ਦੇ ਅੰਦਰ ਹੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਸੱਦ ਕੇ ਉਹ ਸਪੱਸ਼ਟੀਕਰਨ ਖੋਲ੍ਹ ਕੇ ਪੜ੍ਹਿਆ ਜਾਵੇਗਾ ਤੇ ਉਸ ਤੇ ਫੈਸਲਾ ਲਿਆ ਜਾਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਗੁਰਚਰਨ ਸਿੰਘ ਗਰੇਵਾਲ ਨੇ ਮੀਡੀਆ ਨੂੰ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਨੇ ਆਪਣਾ ਲਿਖਤੀ ਜਵਾਬ ਸੌਂਪ ਦਿੱਤਾ ਹੈ। ਇਸ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਆਪਣਾ ਫ਼ੈਸਲਾ ਸੁਣਾਉਣਗੇ।


ਅਕਾਲੀ ਦਲ ਦਾ ਬਾਗੀ ਧੜਾ ਜਿਸ ਦੀ ਅਗਵਾਈ ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਗੁਰਪ੍ਰਤਾਪ ਸਿੰਘ ਵਡਾਲਾ ਅਤੇ ਪਰਮਿੰਦਰ ਸਿੰਘ ਢੀਂਡਸਾ ਕਰ ਰਹੇ ਹਨ ਉਨ੍ਹਾਂ ਨੇ 1 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋ ਕੇ ਅਕਾਲੀ ਦਲ ਦੀ ਸਰਕਾਰ ਅਤੇ ਸੁਖਬੀਰ ਸਿੰਘ ਬਾਦਲ ਦੇ ਬਤੌਰ ਗ੍ਰਹਿ ਮੰਤਰੀ ਹੋਈਆਂ ਭੁੱਲਾਂ ਲਈ ਲਿਖਤੀ ਰੂਪ ਵਿੱਚ ਮੁਆਫ਼ੀ ਮੰਗੀ ਗਈ ਸੀ।

 

ਜ਼ਿਕਰਯੋਗ ਹੈ ਕਿ ਅਕਾਲੀ ਦਲ ਦੇ ਬਾਗੀ ਧੜੇ ਨੇ ਦੋਸ਼ ਲਾਇਆ ਸੀ ਕਿ ਅਕਾਲੀ ਸਰਕਾਰ ਵੇਲੇ 2007 ਵਿੱਚ ਸਲਾਬਤਪੁਰਾ ਕੇਸ ਵਿੱਚ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਥਾਂ ਅਕਾਲੀ ਸਰਕਾਰ ਨੇ ਕੇਸ ਵਾਪਸ ਲੈ ਲਿਆ ਸੀ। 2015 ਵਿੱਚ ਹੋਈਆਂ ਬੇਅਦਬੀਆਂ ਦੇ ਮਾਮਲੇ ਵਿੱਚ ਅਕਾਲੀ ਸਰਕਾਰ ਨੇ ਮੁਲਜ਼ਮਾਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਸੀ।


https://youtu.be/FiMA_4ULSHM

ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦੇਣ ਸਬੰਧੀ ਮਾਮਲੇ ’ਚ ਫ਼ੈਸਲੇ ਦੀ ਪਰੋੜ੍ਹਤਾ ਲਈ 90 ਲੱਖ ਰੁਪਏ ਦੇ ਇਸ਼ਤਿਹਾਰ ਦੇਣ ਸਬੰਧੀ ਸ਼੍ਰੋਮਣੀ ਕਮੇਟੀ ਕੋਲੋਂ ਵੀ ਜਵਾਬ ਮੰਗਿਆ ਗਿਆ ਸੀ। ਦੋਸ਼ਾਂ ਸਬੰਧੀ ਸਪੱਸ਼ਟੀਕਰਨ ਮੰਗੇ ਜਾਣ ‘ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਨਿੱਜੀ ਤੌਰ ‘ਤੇ ਪੁੱਜ ਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਲਿਖਤੀ ਪੱਖ ਸੌਂਪ ਦਿੱਤਾ ਹੈ। 

 

ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ,  ਸਾਬਕਾ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਅਤੇ ਸ. ਅਲਵਿੰਦਰਪਾਲ ਸਿੰਘ ਪੱਖੋਕੇ ਵੀ ਹਾਜ਼ਰ ਸਨ। ਪੰਜ ਸਿੰਘ ਸਾਹਿਬਾਨ ਦੀ ਆਉਂਦੇ ਦਿਨਾਂ ਵਿਚ ਹੋਣ ਵਾਲੀ ਇਕੱਤਰਤਾ ਵਿਚ ਇਸ ਸਪੱਸ਼ਟੀਕਰਨ ‘ਤੇ ਵਿਚਾਰ ਕੀਤਾ ਜਾਵੇਗਾ।

Comments

Related