ADVERTISEMENT

ADVERTISEMENT

ਵਿਰਾਟ ਕੋਹਲੀ ਨੇ ਮੁੜ ਰਚਿਆ ਇਤਿਹਾਸ, ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬਣੇ ਦੂਜੇ ਬੱਲੇਬਾਜ਼

ਇਸ ਸੂਚੀ ਵਿੱਚ ਉਹ ਹੁਣ ਸਿਰਫ਼ ਆਪਣੇ ਹੀ ਦੇਸ਼ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ (34,357 ਦੌੜਾਂ) ਤੋਂ ਪਿੱਛੇ ਹਨ

 ਵਿਰਾਟ ਕੋਹਲੀ  ਵਿਰਾਟ ਕੋਹਲੀ / Image - Twitter/@IndianTechGuide

ਭਾਰਤ ਦੇ ਮਹਾਨ ਕ੍ਰਿਕਟਰ ਵਿਰਾਟ ਕੋਹਲੀ 11 ਜਨਵਰੀ ਨੂੰ ਨਿਊਜ਼ੀਲੈਂਡ ਵਿਰੁੱਧ ਪਹਿਲੇ ਵਨਡੇ (ODI) ਮੈਚ ਵਿੱਚ ਆਪਣੀ 93 ਦੌੜਾਂ ਦੀ ਜੇਤੂ ਪਾਰੀ ਖੇਡਕੇ ਤਿੰਨੋਂ ਅੰਤਰਰਾਸ਼ਟਰੀ ਫਾਰਮੈਟਾਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੁਨੀਆ ਦੇ ਦੂਜੇ ਬੱਲੇਬਾਜ਼ ਬਣ ਗਏ ਹਨ। 

ਕੋਹਲੀ ਨੇ ਸ਼੍ਰੀਲੰਕਾ ਦੇ ਕੁਮਾਰ ਸੰਗਕਾਰਾ (28,016 ਦੌੜਾਂ) ਨੂੰ ਪਿੱਛੇ ਛੱਡਦਿਆਂ ਅੰਤਰਰਾਸ਼ਟਰੀ ਕ੍ਰਿਕਟ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਿਆਂ ਦੀ ਸੂਚੀ ਵਿੱਚ ਦੂਜਾ ਸਥਾਨ ਹਾਸਲ ਕੀਤਾ। ਇਸ ਸੂਚੀ ਵਿੱਚ ਉਹ ਹੁਣ ਸਿਰਫ਼ ਆਪਣੇ ਹੀ ਦੇਸ਼ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ (34,357 ਦੌੜਾਂ) ਤੋਂ ਪਿੱਛੇ ਹਨ।

ਸਾਲ 2008 ਵਿੱਚ ਸ਼੍ਰੀਲੰਕਾ ਵਿਰੁੱਧ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਇਸ ਟਾਪ-ਆਰਡਰ ਬੱਲੇਬਾਜ਼ ਦੇ ਨਾਂ ਹੁਣ ਟੈਸਟ, ਵਨਡੇ ਅਤੇ ਟੀ-20 ਕ੍ਰਿਕਟ ਵਿੱਚ ਕੁੱਲ 28,068 ਦੌੜਾਂ ਹੋ ਗਈਆਂ ਹਨ।

ਵਡੋਦਰਾ ਵਿੱਚ ‘ਮੈਨ ਆਫ਼ ਦ ਮੈਚ’ ਚੁਣੇ ਜਾਣ ਤੋਂ ਬਾਅਦ ਕੋਹਲੀ ਨੇ ਕਿਹਾ, “ਜੇ ਮੈਂ ਆਪਣੀ ਪੂਰੀ ਯਾਤਰਾ ਵੱਲ ਮੁੜ ਕੇ ਵੇਖਾਂ, ਤਾਂ ਇਹ ਮੇਰੇ ਲਈ ਇੱਕ ਸੁਪਨੇ ਦੇ ਸੱਚ ਹੋਣ ਤੋਂ ਘੱਟ ਨਹੀਂ। ਮੈਂ ਹਮੇਸ਼ਾ ਆਪਣੀ ਕਾਬਲੀਅਤ ‘ਤੇ ਭਰੋਸਾ ਰੱਖਿਆ, ਪਰ ਮੈਂ ਇਹ ਵੀ ਜਾਣਦਾ ਸੀ ਕਿ ਅੱਜ ਇਸ ਮੁਕਾਮ ‘ਤੇ ਪਹੁੰਚਣ ਲਈ ਮੈਨੂੰ ਬੇਹੱਦ ਮਿਹਨਤ ਕਰਨੀ ਪਵੇਗੀ। ਰੱਬ ਨੇ ਮੈਨੂੰ ਮੇਰੀ ਸੋਚ ਤੋਂ ਵੀ ਵੱਧ ਬਖ਼ਸ਼ਿਆ ਹੈ।”

ਪਹਿਲੇ ਵਨਡੇ ਮੈਚ ਵਿੱਚ ਕੋਹਲੀ ਦੀ 91 ਗੇਂਦਾਂ ਦੀ ਪਾਰੀ ਨੇ ਭਾਰਤ ਨੂੰ 301 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਵਿੱਚ ਮਦਦ ਕੀਤੀ। ਭਾਰਤ ਨੇ ਇਹ ਮੈਚ 4 ਵਿਕਟਾਂ ਅਤੇ 6 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਦਰਜ ਕੀਤੀ ਅਤੇ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਹਾਲਾਂਕਿ, ਸ਼ਾਨਦਾਰ ਫਾਰਮ ਵਿੱਚ ਚੱਲ ਰਹੇ ਕੋਹਲੀ ਆਪਣਾ 54ਵਾਂ ਸੈਂਕੜਾ ਬਣਾਉਣ ਤੋਂ ਚੁੱਕ ਗਏ।

ਸਾਬਕਾ ਕਪਤਾਨ ਨੇ ਕਿਹਾ, “ਜੇ ਬਿਲਕੁਲ ਸੱਚ ਦੱਸਾਂ, ਤਾਂ ਇਸ ਸਮੇਂ ਮੈਂ ਜਿਸ ਤਰ੍ਹਾਂ ਖੇਡ ਰਿਹਾ ਹਾਂ, ਮੈਂ ਕਿਸੇ ਵੀ ਮੀਲ ਪੱਥਰ ਬਾਰੇ ਨਹੀਂ ਸੋਚਦਾ। ਜੇ ਅਸੀਂ ਪਹਿਲਾਂ ਬੱਲੇਬਾਜ਼ੀ ਕਰ ਰਹੇ ਹੁੰਦੇ, ਤਾਂ ਸ਼ਾਇਦ ਮੈਂ ਹੋਰ ਤੇਜ਼ ਖੇਡਦਾ। ਪਰ ਟਾਰਗੇਟ ਦਾ ਪਿੱਛਾ ਕਰਦੇ ਹੋਏ ਮੈਨੂੰ ਹਾਲਾਤਾਂ ਅਨੁਸਾਰ ਖੇਡਣਾ ਪੈਂਦਾ ਹੈ। ਮਨ ਤਾਂ ਹੋਰ ਬਾਊਂਡਰੀਆਂ ਮਾਰਣ ਦਾ ਸੀ, ਪਰ ਤਜਰਬਾ ਆਪਣਾ ਕੰਮ ਕਰਦਾ ਹੈ। ਮੇਰੇ ਮਨ ਵਿੱਚ ਸਿਰਫ਼ ਇਹੀ ਸੀ ਕਿ ਟੀਮ ਨੂੰ ਅਜਿਹੀ ਸਥਿਤੀ ਵਿੱਚ ਲਿਆ ਦਵਾਂ ਜਿੱਥੋਂ ਅਸੀਂ ਆਸਾਨੀ ਨਾਲ ਜਿੱਤ ਸਕੀਏ।”

ਆਪਣੀ ਲਗਾਤਾਰ ਦੌੜਾਂ ਬਣਾਉਣ ਦੀ ਕਾਬਲੀਅਤ ਕਾਰਨ ‘ਕਿੰਗ ਕੋਹਲੀ’ ਕਹਿਲਾਉਣ ਵਾਲੇ 37 ਸਾਲਾ ਕੋਹਲੀ ਹੁਣ ਸਿਰਫ਼ ਵਨਡੇ ਫ਼ਾਰਮੈਟ ਹੀ ਖੇਡ ਰਹੇ ਹਨ। ਉਹ ਅਤੇ ਉਨ੍ਹਾਂ ਦੇ ਸਾਥੀ ਦਿੱਗਜ ਰੋਹਿਤ ਸ਼ਰਮਾ ਟੀ20 ਅਤੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ। ਦੋਵਾਂ ਸਿਤਾਰਿਆਂ ਦੇ ਭਵਿੱਖ ਨੂੰ ਲੈ ਕੇ ਕਾਫ਼ੀ ਚਰਚਾ ਚੱਲ ਰਹੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ 2027 ਦੇ ਵਨਡੇ ਵਰਲਡ ਕੱਪ ਨੂੰ ਨਿਸ਼ਾਨਾ ਬਣਾ ਕੇ ਅੱਗੇ ਵੱਧ ਰਹੇ ਹਨ।

Comments

Leave A Comment

Required fields are marked (*).

Related

Talk to us?