ਮਨਪ੍ਰੀਤ ਸਿੰਘ / Instagram
ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਤਜਰਬੇਕਾਰ ਮਿਡਫੀਲਡਰ ਮਨਪ੍ਰੀਤ ਸਿੰਘ ਨੇ ਭਾਰਤੀ ਹਾਕੀ ਦੇ ਇਤਿਹਾਸ ਵਿੱਚ ਇੱਕ ਨਵਾਂ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਨੀਦਰਲੈਂਡ ਵਿੱਚ ਚੱਲ ਰਹੀ ਐੱਫਆਈਐੱਚ ਪ੍ਰੋ ਲੀਗ ਦੌਰਾਨ ਜਰਮਨੀ ਖ਼ਿਲਾਫ਼ ਮੈਚ ਵਿੱਚ ਉਤਰਦੇ ਹੀ ਮਨਪ੍ਰੀਤ ਨੇ ਆਪਣਾ 413ਵਾਂ ਅੰਤਰਰਾਸ਼ਟਰੀ ਮੈਚ ਖੇਡਿਆ ਅਤੇ ਭਾਰਤ ਲਈ ਸਭ ਤੋਂ ਵੱਧ ਮੈਚ ਖੇਡਣ ਵਾਲੇ ਖਿਡਾਰੀ ਬਣ ਗਏ।
ਇਸ ਤੋਂ ਪਹਿਲਾਂ ਇਹ ਰਿਕਾਰਡ ਸਾਬਕਾ ਭਾਰਤੀ ਕਪਤਾਨ ਅਤੇ ਉਲੰਪੀਅਨ ਦਿਲੀਪ ਤਿਰਕੀ ਦੇ ਨਾਮ ਸੀ, ਜਿਨ੍ਹਾਂ ਨੇ ਭਾਰਤ ਲਈ 412 ਅੰਤਰਰਾਸ਼ਟਰੀ ਮੈਚ ਖੇਡੇ ਸਨ। ਮੌਜੂਦਾ ਸਮੇਂ ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਤਿਰਕੀ ਨੇ ਮਨਪ੍ਰੀਤ ਨੂੰ ਇਸ ਇਤਿਹਾਸਕ ਉਪਲਬਧੀ ਲਈ ਵਧਾਈ ਦਿੱਤੀ ਅਤੇ 10 ਲੱਖ ਰੁਪਏ ਦੀ ਨਕਦ ਰਾਸ਼ੀ ਦੇਣ ਦਾ ਐਲਾਨ ਕੀਤਾ।
ਇਸ ਸਾਲ ਭਾਰਤੀ ਹਾਕੀ ਆਪਣੇ ਸ਼ਾਨਦਾਰ 100 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੀ ਹੈ ਅਤੇ ਇਸ ਮੌਕੇ ਮਨਪ੍ਰੀਤ ਸਿੰਘ ਦਾ ਇਹ ਰਿਕਾਰਡ ਹੋਰ ਵੀ ਖ਼ਾਸ ਬਣ ਗਿਆ ਹੈ।
ਜਲੰਧਰ ਦੇ ਮਿਠਾਪੁਰ ਪਿੰਡ ਨਾਲ ਸਬੰਧਤ ਮਨਪ੍ਰੀਤ ਸਿੰਘ ਨੇ ਆਪਣੇ ਪਿੰਡ ਦਾ ਨਾਮ ਇੱਕ ਵਾਰ ਫਿਰ ਰੌਸ਼ਨ ਕੀਤਾ ਹੈ। ਇਸੇ ਪਿੰਡ ਤੋਂ ਸਾਬਕਾ ਕਪਤਾਨ ਪਰਗਟ ਸਿੰਘ ਵੀ ਰਹੇ ਹਨ, ਜਿਨ੍ਹਾਂ ਨੇ ਭਾਰਤੀ ਹਾਕੀ ਨੂੰ ਕਈ ਯਾਦਗਾਰ ਪਲ ਦਿੱਤੇ ਸਨ।
33 ਸਾਲਾ ਮਨਪ੍ਰੀਤ ਸਿੰਘ ਨੇ 2011 ਵਿੱਚ ਸਿਰਫ਼ 19 ਸਾਲ ਦੀ ਉਮਰ ਵਿੱਚ ਭਾਰਤੀ ਸੀਨੀਅਰ ਟੀਮ ਲਈ ਡੈਬਿਊ ਕੀਤਾ ਸੀ। ਪਿਛਲੇ 15 ਸਾਲਾਂ ਦੌਰਾਨ ਉਹ ਭਾਰਤੀ ਹਾਕੀ ਦੇ ਸਭ ਤੋਂ ਭਰੋਸੇਮੰਦ ਅਤੇ ਪ੍ਰਭਾਵਸ਼ਾਲੀ ਮਿਡਫੀਲਡਰਾਂ ਵਿੱਚੋਂ ਇੱਕ ਰਹੇ ਹਨ। ਉਨ੍ਹਾਂ ਦੀ ਅਗਵਾਈ ਹੇਠ ਭਾਰਤ ਨੇ ਟੋਕੀਓ ਓਲੰਪਿਕ 2020 ਵਿੱਚ ਕਾਂਸੀ ਦਾ ਤਗਮਾ ਜਿੱਤ ਕੇ 41 ਸਾਲਾਂ ਬਾਅਦ ਓਲੰਪਿਕ ਪੋਡਿਅਮ 'ਤੇ ਵਾਪਸੀ ਕੀਤੀ ਸੀ। ਇਸ ਤੋਂ ਇਲਾਵਾ ਉਹ 2024 ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਟੀਮ ਦਾ ਵੀ ਹਿੱਸਾ ਰਹੇ। ਮਨਪ੍ਰੀਤ ਨੇ 2014 ਅਤੇ 2022 ਏਸ਼ਿਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਦੇ ਨਾਲ-ਨਾਲ 2017 ਅਤੇ 2025 ਏਸ਼ੀਆ ਕੱਪ ਜਿੱਤਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ।
ਇਸ ਉਪਲਬਧੀ ਨਾਲ ਮਨਪ੍ਰੀਤ ਵਿਸ਼ਵ ਹਾਕੀ ਦੇ ਸਭ ਤੋਂ ਵਿਸ਼ੇਸ਼ ਖਿਡਾਰੀਆਂ ਦੀ ਸੂਚੀ ਵਿੱਚ ਵੀ ਸ਼ਾਮਲ ਹੋ ਗਏ ਹਨ। 413 ਅੰਤਰਰਾਸ਼ਟਰੀ ਮੈਚਾਂ ਨਾਲ ਉਹ ਪੁਰਸ਼ ਹਾਕੀ ਦੇ ਸਭ ਤੋਂ ਵੱਧ ਮੈਚ ਖੇਡਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਪੰਜਵੇਂ ਸਥਾਨ 'ਤੇ ਪਹੁੰਚ ਗਏ ਹਨ। ਉਨ੍ਹਾਂ ਤੋਂ ਅੱਗੇ ਸਿਰਫ਼ ਬੈਲਜੀਅਮ ਦੇ ਜੌਨ-ਜੌਨ ਡੋਹਮੈਨ, ਨੀਦਰਲੈਂਡ ਦੇ ਟਿਊਨ ਡੀ ਨੂਇਜਰ, ਆਸਟ੍ਰੇਲੀਆ ਦੇ ਐਡੀ ਓਕੈਂਡਨ ਅਤੇ ਗ੍ਰੇਟ ਬ੍ਰਿਟੇਨ ਦੇ ਬੈਰੀ ਮਿਡਲਟਨ ਹਨ। ਖ਼ਾਸ ਗੱਲ ਇਹ ਹੈ ਕਿ 400 ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਖਿਡਾਰੀਆਂ ਵਿੱਚ ਮਨਪ੍ਰੀਤ ਇਸ ਵੇਲੇ ਦੁਨੀਆ ਦੇ ਇਕਲੌਤੇ ਸਰਗਰਮ ਖਿਡਾਰੀ ਹਨ।
ਮਨਪ੍ਰੀਤ ਨੂੰ 2018 ਵਿੱਚ ਅਰਜੁਨ ਪੁਰਸਕਾਰ ਅਤੇ 2021 ਵਿੱਚ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਆਪਣੀ ਇਸ ਉਪਲਬਧੀ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਮਨਪ੍ਰੀਤ ਸਿੰਘ ਨੇ ਕਿਹਾ ਕਿ ਭਾਰਤ ਲਈ ਇੰਨੇ ਮੈਚ ਖੇਡਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਇਹ ਉਪਲਬਧੀ ਆਪਣੇ ਸਾਥੀ ਖਿਡਾਰੀਆਂ, ਕੋਚਿੰਗ ਸਟਾਫ਼ ਅਤੇ ਆਪਣੇ ਪਰਿਵਾਰ ਨੂੰ ਸਮਰਪਿਤ ਕਰਦੇ ਹਨ, ਜਿਨ੍ਹਾਂ ਨੇ ਹਰ ਮੋੜ 'ਤੇ ਉਨ੍ਹਾਂ ਦਾ ਸਾਥ ਦਿੱਤਾ।
ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਤਿਰਕੀ ਨੇ ਕਿਹਾ ਕਿ ਮਨਪ੍ਰੀਤ ਦਾ ਇਹ ਰਿਕਾਰਡ ਉਨ੍ਹਾਂ ਦੀ ਮਿਹਨਤ, ਸਮਰਪਣ ਅਤੇ ਖੇਡ ਪ੍ਰਤੀ ਜਜ਼ਬੇ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਹ ਉਪਲਬਧੀ ਆਉਣ ਵਾਲੀਆਂ ਪੀੜ੍ਹੀਆਂ ਦੇ ਖਿਡਾਰੀਆਂ ਲਈ ਪ੍ਰੇਰਣਾ ਬਣੇਗੀ। ਹਾਕੀ ਇੰਡੀਆ ਦੇ ਸਕੱਤਰ ਜਨਰਲ ਭੋਲਾ ਨਾਥ ਸਿੰਘ ਨੇ ਵੀ ਮਨਪ੍ਰੀਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਸਫ਼ਰ ਨੌਜਵਾਨ ਖਿਡਾਰੀਆਂ ਲਈ ਇੱਕ ਮਿਸਾਲ ਹੈ ਅਤੇ ਇਹ ਪੂਰੇ ਭਾਰਤੀ ਹਾਕੀ ਪਰਿਵਾਰ ਲਈ ਮਾਣ ਵਾਲਾ ਪਲ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login