ADVERTISEMENT

ADVERTISEMENT

ਅਮਰੀਕਾ: ਭਿਆਨਕ ਹਾਦਸੇ ’ਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ

ਮ੍ਰਿਤਕ ਨੌਜਵਾਨਾਂ ਦੀ ਪਛਾਣ ਸੁਖਜਿੰਦਰ ਸਿੰਘ ਅਤੇ ਸਿਮਰਨਜੀਤ ਸਿੰਘ ਵਾਸੀ ਪਿੰਡ ਟੇਰਕੀਆਣਾ ਵਜੋਂ ਹੋਈ ਹੈ। ਦੋਵੇਂ ਦੋ ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਅਮਰੀਕਾ ਗਏ ਸਨ।

ਸੁਖਜਿੰਦਰ ਸਿੰਘ ਅਤੇ ਸਿਮਰਨਜੀਤ ਸਿੰਘ / ਸੋਸ਼ਲ ਮੀਡੀਆ

ਨੌਜਵਾਨ ਵਿਦੇਸ਼ਾਂ 'ਚ ਆਪਣੀ ਜਿੰਦਗੀ ਦੇ ਅਧੂਰੇ ਸੁਪਨੇ ਪੂਰੇ ਕਰਨ ਲਈ ਜਾਂਦੇ ਹਨ। ਪਰ ਕਈ ਵਾਰ ਅਜਿਹੀਆਂ ਮੰਦਭਾਗੀ ਖ਼ਬਰਾਂ ਵਿਦੇਸ਼ਾਂ ਤੋਂ ਆਉਂਦੀਆਂ ਹਨ ਕਿ ਮਾਪਿਆਂ ਦੀ ਪੂਰੀ ਦੁਨੀਆ ਹੀ ਖਤਮ ਹੋ ਜਾਂਦੀ ਹੈ।
ਅਜਿਹੀ ਹੀ ਖ਼ਬਰ ਅਮਰੀਕਾ ਤੋਂ ਸਾਹਮਣੇ ਆਈ ਹੈ ਜਿਥੇ ਰੋਜ਼ੀ ਰੋਟੀ ਕਮਾਉਣ ਗਏ ਪੰਜਾਬ ਦੇ ਦੋ ਗੱਭਰੂਆਂ ਦੀ ਦਰਦਨਾਕ ਮੌਤ ਹੋ ਗਈ ਹੈ। ਦੋਵੇਂ ਨੌਜਵਾਨ ਲਗਭਗ ਦੋ ਸਾਲ ਪਹਿਲਾਂ ਅਮਰੀਕਾ ਗਏ ਸਨ।

ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਹਲਕੇ ਦੇ ਇੱਕੋ ਪਿੰਡ ਦੇ ਦੋ ਨੌਜਵਾਨਾਂ ਦੀ ਅਮਰੀਕਾ ਵਿੱਚ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋਣ ਦੀ  ਖ਼ਬਰ ਹੈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਸੁਖਜਿੰਦਰ ਸਿੰਘ ਅਤੇ ਸਿਮਰਨਜੀਤ ਸਿੰਘ ਵਾਸੀ ਪਿੰਡ ਟੇਰਕੀਆਣਾ ਵਜੋਂ ਹੋਈ ਹੈ। ਦੋਵੇਂ ਦੋ ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਅਮਰੀਕਾ ਗਏ ਸਨ।

ਸੋਸ਼ਲ ਮੀਡੀਆ / ਹਾਦਸੇ ਵਿੱਚ ਨੁਕਸਾਨੇ ਟਰੱਕ ਦਾ ਦ੍ਰਿਸ਼

ਅਮਰੀਕਾ ਵਿੱਚ ਇਹ ਦੋਵੇਂ ਨੌਜਵਾਨ ਇਕੱਠੇ ਟਰੇਲਰ ਚਲਾਉਂਦੇ ਸਨ। ਦੁਰਘਟਨਾ ਦੇ ਸਮੇਂ ਦੋਵੇਂ ਕੈਲੀਫੋਰਨੀਆ ਤੋਂ ਨਿਊ ਮੈਕਸੀਕੋ ਜਾ ਰਹੇ ਸਨ। ਜਦੋਂ ਇਹ ਹਾਈਵੇਅ ਨੰਬਰ 144 'ਤੇ ਪੁੱਜੇ ਤਾਂ ਉਨ੍ਹਾਂ ਨੂੰ ਗਲਤ ਸਾਈਡ ਤੋਂ ਆ ਰਹੇ ਟਰਾਲੇ ਨੇ ਟੱਕਰ ਮਾਰ ਦਿੱਤੀ।
ਹਾਦਸਾ ਇੰਨਾ ਭਿਆਨਕ ਸੀ ਕਿ ਕਰੀਬ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਹੀ ਦੋਵਾਂ ਨੂੰ ਬਾਹਰ ਕੱਢਿਆ ਜਾ ਸਕਿਆ ਅਤੇ ਦੋਵਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮੌਤ ਦੀ ਖ਼ਬਰ ਤੋਂ ਬਾਅਦ ਪਿੰਡ ਟੇਰਕੀਆਣਾ ਅਤੇ ਪੂਰੇ ਇਲਾਕੇ 'ਚ ਭਾਰੀ ਸੋਗ ਦੀ ਲਹਿਰ ਹੈ। ਮਾਪਿਆਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰਾਂ ਦੀਆਂ ਮ੍ਰਿਤਕ ਦੇਹਾਂ ਨੂੰ ਪੰਜਾਬ ਲਿਆਂਦਾ ਜਾਵੇ ਤਾਂ ਜੋ ਉਹ ਆਪਣੇ ਹੱਥਾਂ ਨਾਲ ਅੰਤਿਮ ਸੰਸਕਾਰ ਕਰ ਸਕਣ।

ਸੁਖਜਿੰਦਰ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ ਅਤੇ ਉਸ ਦੇ ਪਿਤਾ ਕਿਸਾਨ ਹਨ। ਸਿਮਰਨਜੀਤ ਦੇ ਪਿਤਾ ਵੀ ਕਿਸਾਨ ਹਨ ਅਤੇ ਉਹ ਇਕਲੌਤਾ ਲੜਕਾ ਸੀ। ਪਰਿਵਾਰਾਂ ਨੂੰ ਫੋਨ ਰਾਹੀਂ ਜਾਣਕਾਰੀ ਪ੍ਰਾਪਤ ਹੋਈ ਹੈ। ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੋਵੇਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਭਾਰਤ ਵਾਪਸ ਲਿਆਉਣ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਉਨ੍ਹਾਂ ਦਾ ਸਸਕਾਰ ਪਿੰਡ ਵਿਖੇ ਕੀਤਾ ਜਾ ਸਕੇ।

Comments

Related