ADVERTISEMENT

ADVERTISEMENT

350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦਿੱਲੀ ਤੋਂ ਆਰੰਭ ਹੋਈ ਸਾਈਕਲ ਯਾਤਰਾ ਅੰਮ੍ਰਿਤਸਰ ਪੁੱਜ ਕੇ ਹੋਈ ਸੰਪੰਨ

ਪ੍ਰਮੁੱਖ ਸ਼ਖ਼ਸੀਅਤਾਂ ਨੇ ਗੋਲਡਨ ਗੇਟ ਵਿਖੇ ਸਾਈਕਲ ਯਾਤਰਾ ਦਾ ਕੀਤਾ ਭਰਵਾਂ ਸਵਾਗਤ

ਦਿੱਲੀ ਤੋਂ ਆਰੰਭ ਹੋਈ ਸਾਈਕਲ ਯਾਤਰਾ ਅੰਮ੍ਰਿਤਸਰ ਪੁੱਜੀ / Staff Reporter

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਦਿੱਲੀ ਤੋਂ ਆਰੰਭ ਹੋਈ ਸਾਈਕਲ ਯਾਤਰਾ ਅੱਜ ਨੌਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਪਹੁੰਚ ਕੇ ਸੰਪੰਨ ਹੋਈ।

ਯਾਤਰਾ ਦੇ ਅੰਮ੍ਰਿਤਸਰ ਪੁੱਜਣ ’ਤੇ ਗੋਲਡਨ ਗੇਟ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਬਾਬਾ ਕਸ਼ਮੀਰ ਸਿੰਘ ਕਾਰਸੇਵਾ ਭੂਰੀ ਵਾਲਿਆਂ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। 

ਦਿੱਲੀ ਤੋਂ ਆਰੰਭ ਹੋਈ ਸਾਈਕਲ ਯਾਤਰਾ ਅੰਮ੍ਰਿਤਸਰ ਪੁੱਜੀ / Staff Reporter

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਨੇ ਸਵਾਗਤ ਲਈ ਸ਼੍ਰੋਮਣੀ ਕਮੇਟੀ ਅਤੇ ਸਿੱਖ ਸੰਸਥਾਵਾਂ ਦਾ ਧੰਨਵਾਦ ਕੀਤਾ ਅਤੇ ਰਸਤੇ ਵਿਚ ਸੰਗਤਾਂ ਵੱਲੋਂ ਦਿੱਤੇ ਭਰਵੇਂ ਸਹਿਯੋਗ ਦੀ ਵੀ ਸਲਾਹਨਾ ਕੀਤੀ। ਇਸ ਮੌਕੇ ਸ. ਮਨਜੀਤ ਸਿੰਘ ਜੀਕੇ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਇਹ ਯਾਤਰਾ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਣ ਲਈ ਸ਼ੁਰੂ ਕੀਤੀ ਗਈ ਸੀ।

ਉਨ੍ਹਾਂ ਦੱਸਿਆ ਕਿ ਧਰਮ ਪਰਿਵਰਤਨ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਉਨ੍ਹਾਂ ਇਹ ਜਾਗਰੂਕਤਾ ਯਾਤਰਾ ਸ਼ੁਰੂ ਕੀਤੀ। ਜੀਕੇ ਨੇ ਕਿਹਾ ਕਿ ਉਦੋਂ ਧਰਮ ਤਲਵਾਰ ਦੇ ਜ਼ੋਰ ਤੇ ਬਦਲਾਇਆ ਜਾਂਦਾ ਸੀ, ਅੱਜ ਲਾਲਚ ਅਧੀਨ ਹੋ ਰਿਹਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹਰ ਕਿਸਮ ਦੇ ਜ਼ਬਰਦਸਤੀ ਧਰਮ ਪਰਿਵਰਤਨ ਦੇ ਖ਼ਿਲਾਫ਼ ਸੀ। ਇਹ ਸੁਨੇਹਾ ਅਸੀਂ ਦੂਰ–ਦੂਰ ਤੱਕ ਪਹੁੰਚਾਇਆ ਹੈ।

ਉਨ੍ਹਾਂ ਨੇ ਨਸ਼ਾ ਮੁਕਤੀ ਅਤੇ ਸਿਹਤ ਪ੍ਰਤੀ ਜਾਗਰੂਕਤਾ ਦਾ ਸੁਨੇਹਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਜੇ ਮੇਰੀ ਉਮਰ ਵਿੱਚ ਮੈਂ ਪੰਜ ਦਿਨਾਂ ਵਿੱਚ 500 ਕਿਲੋਮੀਟਰ ਸਾਈਕਲ ਚਲਾ ਸਕਦਾ ਹਾਂ, ਤਾਂ ਯੂਥ ਵੀ ਰੋਜ਼ 10–15 ਕਿਲੋਮੀਟਰ ਸਿਹਤ ਲਈ ਕੱਢ ਸਕਦਾ ਹੈ। 

ਦਿੱਲੀ ਤੋਂ ਆਰੰਭ ਹੋਈ ਸਾਈਕਲ ਯਾਤਰਾ ਅੰਮ੍ਰਿਤਸਰ ਪੁੱਜੀ / Staff Reporter

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ 350 ਸਾਲਾ ਸ਼ਹੀਦੀ ਸ਼ਤਾਬਦੀ ਮਨਾਉਂਦਿਆਂ ਸ਼੍ਰੋਮਣੀ ਕਮੇਟੀ ਦਾ ਮਨੋਰਥ ਸੀ ਕਿ ਦੇਸ਼ ਦੁਨੀਆਂ ਅੰਦਰ ਇਹ ਸੰਦੇਸ਼ ਪਹੁੰਚਾਇਆ ਜਾਵੇ ਕਿ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਨਾ ਦਿੰਦੇ ਤਾਂ ਦੇਸ਼ ਦੀ ਰਾਜਨੀਤੀ, ਸੱਭਿਆਚਾਰ ਅਤੇ ਧਾਰਮਿਕ ਅਜ਼ਾਦੀ ਕਿਵੇਂ ਦੀ ਹੁੰਦੀ? 

ਉਨ੍ਹਾਂ ਕਿਹਾ ਕਿ ਦੇਸ਼ ਭਰ ਅੰਦਰ ਕਰਵਾਏ ਗਏ ਗੁਰਮਤਿ ਸਮਾਗਮ ਅਤੇ ਸਜਾਏ ਜਾ ਰਹੇ ਨਗਰ ਕੀਰਤਨ ਅਤੇ ਯਾਤਰਾਵਾਂ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਦੇ ਸੰਕਲਪ ਅਤੇ ਉਪਦੇਸ਼ਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਉਣ ਲਈ ਪ੍ਰੇਰਣਾ ਸਰੋਤ ਬਣੀਆਂ ਹਨ। 

ਇਸੇ ਲੜੀ ਤਹਿਤ ਹੀ ਸ. ਮਨਜੀਤ ਸਿੰਘ ਜੀਕੇ ਦੀ ਅਗਵਾਈ ਵਿਚ ਗੁਰੂ ਸਾਹਿਬ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਤੋਂ ਉਨ੍ਹਾਂ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਤੱਕ ਸਜਾਈ ਇਹ ਸਾਈਕਲ ਯਾਤਰਾ ਜਿਥੇ ਸ਼ਤਾਬਦੀ ਪ੍ਰਤੀ ਚੇਤਨਤਾ ਪੈਦਾ ਕਰ ਰਹੀ ਹੈ, ਉਥੇ ਹੀ ਇਸ ਨੇ ਗੁਰੂ ਉਪਦੇਸ਼ਾਂ ਅਨੁਸਾਰ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਵੀ ਦਿੱਤਾ ਹੈ। ਉਨ੍ਹਾਂ ਜਿਥੇ ਦਿੱਲੀ ਦੇ ਸਿੱਖ ਆਗੂਆਂ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ, ਉਥੇ ਹੀ ਸੰਗਤਾਂ ਵੱਲੋਂ ਦਿੱਤੇ ਭਰਵੇਂ ਸਹਿਯੋਗ ਲਈ ਧੰਨਵਾਦ ਵੀ ਕੀਤਾ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video