ADVERTISEMENT

ADVERTISEMENT

ਖਾਲਸਾ ਸਾਜਣਾ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਸੰਗਤ ਨਤਮਸਤਕ

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਜਾਏ ਗਏ ਧਾਰਮਿਕ ਦੀਵਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖ਼ਾਲਸਾ ਸਾਜਣਾ ਦਿਵਸ ਦੀ ਦਿੱਤੀ ਵਧਾਈ

ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ / SGPC

325ਵੇਂ ਖ਼ਾਲਸਾ ਸਾਜਣਾ ਦਿਵਸ ਮੌਕੇ ਵੈਸਾਖੀ ਵਾਲੇ ਦਿਨ 13 ਅਪ੍ਰੈਲ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਭਰਵੀਂ ਗਿਣਤੀ ’ਚ ਸੰਗਤਾਂ ਨਤਮਸਤਕ ਹੋਈਆਂ। ਸ਼ਰਧਾਲੂਆਂ ਨੇ ਇਸ ਪਾਵਨ ਅਸਥਾਨ ’ਤੇ ਹਾਜ਼ਰੀ ਭਰ ਕੇ ਜਿਥੇ ਗੁਰਬਾਣੀ ਕੀਰਤਨ ਸਰਵਨ ਕੀਤਾ, ਉਥੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਕੇ ਸ਼ਰਧਾ ਪ੍ਰਗਟਾਈ।

ਇਸੇ ਦੌਰਾਨ ਹਰ ਸਾਲ ਵਾਂਗ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਾਏ ਗਏ। ਬੀਤੇ ਕੱਲ੍ਹ ਤੋਂ ਸਜੇ ਧਾਰਮਿਕ ਦੀਵਾਨ ਵਿਚ ਸਿੱਖ ਧਰਮ ਦੇ ਪ੍ਰਚਾਰਕ, ਕਥਾਵਾਚਕ, ਰਾਗੀ, ਢਾਡੀ ਅਤੇ ਕਵੀਸ਼ਰ ਜਥਿਆਂ ਨੇ ਸੰਗਤ ਨੂੰ ਖਾਲਸਾ ਪੰਥ ਦੇ ਸਾਜਣਾ ਦਿਹਾੜੇ ਦਾ ਸ਼ਾਨਾਮਤਾ ਇਤਿਹਾਸ ਨਾਲ ਜੋੜਿਆ। 

ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਪ੍ਰਾਣੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਵਾਲੇ ਬਣੇ। ਅੰਮ੍ਰਿਤ ਅਭਿਲਾਖੀਆਂ ਨੂੰ ਕਕਾਰ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਭੇਟਾ ਰਹਿਤ ਦਿੱਤੇ ਗਏ। ਖ਼ਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁੰਦਰ ਦੀਪਮਾਲਾ ਵੀ ਕੀਤੀ ਗਈ ਹੈ।

 

 

 

 


 

SGPC / ਸ੍ਰੀ ਹਰਿਮੰਦਰ ਸਾਹਿਬ ਵਿਖੇ ਭਾਰੀ ਸੰਗਤ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖ਼ਾਲਸਾ ਸਾਜਣਾ ਦਿਵਸ ਦੀ ਦਿੱਤੀ ਵਧਾਈ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖ਼ਾਲਸਾ ਸਾਜਣਾ ਦਿਵਸ ਦੇ ਇਤਿਹਾਸਕ ਮੌਕੇ ’ਤੇ ਸੰਗਤ ਨੂੰ ਵਧਾਈ ਦਿੰਦਿਆਂ ਬਾਣੀ ਅਤੇ ਬਾਣੇ ਨਾਲ ਜੁੜਨ ਦੀ ਪ੍ਰੇਰਣਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਖ਼ਾਲਸੇ ਦੀ ਸਿਰਜਨਾ ਕਰਕੇ ਸਿੱਖ ਕੌਮ ਨੂੰ ਇਕ ਵਿਲੱਖਣ ਪਛਾਣ ਦੇਣ ਦੇ ਨਾਲ-ਨਾਲ ਸਵੈਮਾਣ ਨਾਲ ਜਿਊਣ ਦਾ ਰਾਹ ਦਿਖਾਇਆ। 

ਐਡਵੋਕੇਟ ਧਾਮੀ ਨੇ ਸਿੱਖ ਕੌਮ ਨੂੰ ਆਪਣੇ ਇਸ ਮੁਬਾਰਕ ਦਿਹਾੜੇ ’ਤੇ ਗੁਰੂ ਸਾਹਿਬ ਵੱਲੋਂ ਦਰਸਾਈ ਜੀਵਨ ਜਾਚ ਨਾਲ ਜੁੜ ਕੇ ਕੌਮੀ ਹਿੱਤਾਂ ਦੀ ਪਹਿਰੇਦਾਰੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੌਜੁਆਨਾਂ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਵਾਲੇ ਬਣਨ ਲਈ ਵੀ ਪ੍ਰੇਰਿਆ।
ਐਡਵੋਕੇਟ ਧਾਮੀ ਨੇ ਪੰਜ ਸਿੰਘ ਸਾਹਿਬਾਨ ਵੱਲੋਂ ਕੀਤੇ ਆਦੇਸ਼ ਮੁਤਾਬਿਕ ਸਿੱਖ ਕੌਮ ਨੂੰ ਇਸ ਵਾਰ 325ਵੇਂ ਖ਼ਾਲਸਾ ਸਾਜਣਾ ਦਿਵਸ ਮੌਕੇ 13 ਅਪ੍ਰੈਲ ਨੂੰ ਆਪਣੇ ਘਰਾਂ ’ਤੇ ਖ਼ਾਲਸਈ ਨਿਸ਼ਾਨ ਝੁਲਾਉਣ ਅਤੇ ਮੂਲਮੰਤਰ ਦਾ ਜਾਪ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰਨ ਲਈ ਵੀ ਕਿਹਾ। 

ਉਨ੍ਹਾਂ ਸੰਗਤ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਖ਼ਾਲਸਾ ਸਾਜਣਾ ਦਿਵਸ ਮੌਕੇ ਹੋਣ ਵਾਲੇ ਸਮਾਗਮਾਂ ਵਿਚ ਭਰਵੀਂ ਸ਼ਮੂਲੀਅਤ ਕਰਨ ਦੀ ਵੀ ਅਪੀਲ ਕੀਤੀ।

Comments

Related