ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ 350 ਖ਼ਾਲਸਾਈ ਪ੍ਰੰਪਰਾਵਾਂ ਅਨੁਸਾਰ ਮਨਾਈ ਜਾ ਰਹੀ ਹੈ। ਇਸ ਸਬੰਧ ਵਿਚ ਜਿਥੇ ਦੇਸ਼ ਭਰ ਅੰਦਰ ਵੱਡੇ ਸ਼ਹਿਰਾਂ ਵਿਚ ਗੁਰਮਤਿ ਸਮਾਗਮ ਕੀਤੇ ਜਾਣਗੇ, ਉਥੇ ਹੀ ਵਿਸ਼ੇਸ਼ ਤੌਰ ’ਤੇ ਸ਼ਹੀਦੀ ਨਗਰ ਕੀਰਤਨ ਵੀ ਸਜਾਏ ਜਾ ਰਹੇ ਹਨ। ਇਸ ਤਹਿਤ ਪਹਿਲਾ ਨਗਰ ਕੀਰਤਨ 21 ਅਗਸਤ ਨੂੰ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਆਰੰਭ ਹੋਵੇਗਾ।
ਸਬੰਧੀ ਸਮਾਗਮਾਂ ਦੀ ਤਫ਼ਸੀਲ ਜਾਰੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਗੁਰੂ ਸਾਹਿਬ ਦੀ ਚਰਨਛੋਹ ਪ੍ਰਾਪਤ ਪਾਵਨ ਅਸਥਾਨ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਵਿਸ਼ਾਲ ਕੌਮੀ ਨਗਰ ਕੀਰਤਨ 21 ਅਗਸਤ ਨੂੰ ਆਰੰਭ ਹੋਵੇਗਾ। ਮੀਡੀਆ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਸ਼ਹੀਦੀ ਨਗਰ ਕੀਰਤਨ “ਧਰਮ ਹੇਤ ਸਾਕਾ ਜਿਨਿ ਕੀਆ”ਦੇ ਸਿਰਲੇਖ ਹੇਠ ਭਾਰਤ ਦੇ 20 ਸੂਬਿਆਂ ਵਿਚ ਦੀ ਹੁੰਦਾ ਹੋਇਆ 23 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੰਨ ਹੋਵੇਗਾ।
ਨਗਰ ਕੀਰਤਨ ਦਾ ਰੂਟ
ਪਹਿਲੇ 10 ਦਿਨ ਦੇ ਵੇਰਵੇ ਸਾਂਝੇ ਕਰਦਿਆਂ ਐਡਵੋਕੇਟ ਧਾਮੀ ਨੇ ਦੱਸਿਆ ਕਿ ਇਹ ਨਗਰ ਕੀਰਤਨ 21 ਅਗਸਤ ਨੂੰ ਗੁਰਦੁਆਰਾ ਧੋਬੜੀ ਸਾਹਿਬ ਤੋਂ ਚੱਲ ਕੇ ਗੁਰਦੁਆਰਾ ਸਿੰਘ ਸਭਾ ਸਿਲੀਗੁੜੀ ਪਹੁੰਚੇਗਾ। 22 ਅਗਸਤ ਨੂੰ ਸਿਲੀਗੁੜੀ ਤੋਂ ਮਾਲਦਾ, 23 ਅਗਸਤ ਨੂੰ ਮਾਲਦਾ ਤੋਂ ਕਲਕੱਤਾ ਪੁੱਜੇਗਾ। ਕਲਕੱਤਾ ਵਿਖੇ ਦੋ ਦਿਨ ਵੱਖ-ਵੱਖ ਇਲਾਕਿਆਂ ਵਿਚ ਨਗਰ ਕੀਰਤਨ ਸਜਾਇਆ ਜਾਵੇਗਾ, ਜਿਥੋਂ 25 ਅਗਸਤ ਨੂੰ ਗੁਰਦੁਆਰਾ ਗੁਰੂ ਨਾਨਕ ਆਸਨਸੋਲ ਬੰਗਾਲ ਪਹੁੰਚੇਗਾ। 26 ਅਗਸਤ ਨੂੰ ਆਸਨਸੋਲ ਤੋਂ ਚੱਲ ਕੇ ਜਮਸ਼ੇਦਪੁਰ ਟਾਟਾ ਨਗਰ, 27 ਨੂੰ ਜਮਸ਼ੇਦਪੁਰ ਤੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਂਚੀ ਝਾਰਖੰਡ, 28 ਅਗਸਤ ਨੂੰ ਰਾਂਚੀ ਤੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ ਵਿਖੇ ਪੁੱਜੇਗਾ। 29 ਅਗਸਤ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਾਸਾਰਾਮ, 30 ਅਗਸਤ ਨੂੰ ਸਾਸਾਰਾਮ ਤੋਂ ਬਨਾਰਸ ਯੂਪੀ ਅਤੇ 31 ਅਗਸਤ ਬਨਾਰਸ ਤੋਂ ਅਗਲੇ ਪੜਾਅ ਲਈ ਰਵਾਨਾ ਹੋਵੇਗਾ। ਇਸੇ ਤਰ੍ਹਾਂ ਇਹ ਨਗਰ ਕੀਰਤਨ ਕਰੀਬ ਤਿੰਨ ਮਹੀਨੇ ਪੜਾਅ-ਦਰ-ਪੜਾਅ ਚੱਲਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇਗਾ।
ਦੂਜਾ ਨਗਰ ਕੀਰਤਨ ਗੁਰਦੁਆਰਾ ਸ੍ਰੀ ਮਟਨ ਸਾਹਿਬ ਜੰਮੂ ਕਸ਼ਮੀਰ ਤੋਂ 5 ਅਕਤੂਬਰ ਨੂੰ ਸਜਾਇਆ ਜਾਵੇਗਾ, ਜੋ ਵੱਖ-ਵੱਖ ਅਸਥਾਨਾਂ ਤੋਂ ਹੁੰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੂਰਨ ਹੋਵੇਗਾ। ਤੀਜਾ ਨਗਰ ਕੀਰਤਨ 25 ਨਵੰਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਤੋਂ ਆਰੰਭ ਹੋਵੇਗਾ, ਜੋ 29 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੰਨ ਹੋਵੇਗਾ।
ਹੋਰ ਸਮਾਗਮ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਤਾਗੱਦੀ ਦਿਵਸ ਮੌਕੇ 23 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਮਤਿ ਸਮਾਗਮ ਹੋਣਗੇ। ਇਸ ਤੋਂ ਇਲਾਵਾ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਸ਼ਤਾਬਦੀ ਨੂੰ ਸਬੰਧੀ 24 ਨਵੰਬਰ ਨੂੰ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਦਾ ਗੁਰਮਤਿ ਸਮਾਗਮ ਹੋਵੇਗਾ ਅਤੇ 25 ਨਵੰਬਰ ਨੂੰ ਸ਼ਹੀਦੀ ਸ਼ਤਾਬਦੀ ਦਾ ਮੁੱਖ ਸਮਾਗਮ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤਾ ਜਾਵੇਗਾ। 26 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ ਵਿਚ ਮਹਾਨ ਗੁਰਮਤਿ ਸਮਾਗਮ ਹੋਵੇਗਾ। 27 ਨਵੰਬਰ ਨੂੰ ਸ਼ਤਾਬਦੀ ਨੂੰ ਸਮਰਪਿਤ ਇਕ ਵੱਡਾ ਕਵੀ ਦਰਬਾਰ ਕਰਵਾਇਆ ਜਾਵੇਗਾ ਅਤੇ 28 ਨਵੰਬਰ ਨੂੰ ਵੀ ਗੁਰਮਤਿ ਸਮਾਗਮ ਜਾਰੀ ਰਹਿਣਗੇ। 29 ਨਵੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਸਸਕਾਰ ਦੇ ਰੂਪ ਵਿਚ ਵੱਡਾ ਗੁਰਮਤਿ ਸਮਾਗਮ ਹੋਵੇਗਾ। ਇਸ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵੀ ਵੱਡੇ ਗੁਰਮਤਿ ਸਮਾਗਮ ਸਜਾਏ ਜਾਣਗੇ, ਜਿਸ ਤਹਿਤ 14 ਸਤੰਬਰ ਨੂੰ ਕਲਕੱਤਾ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਕੀਤਾ ਜਾਵੇਗਾ। ਸਾਰੇ ਸ਼ਤਾਬਦੀ ਸਮਾਗਮਾਂ ਲਈ ਦੇਸ਼ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸੱਦਾ ਦਿੱਤਾ ਜਾਵੇਗਾ ਅਤੇ ਵੱਖ-ਵੱਖ ਧਰਮਾਂ ਦੇ ਆਗੂ ਵੀ ਬੁਲਾਏ ਜਾਣਗੇ।
Comments
Start the conversation
Become a member of New India Abroad to start commenting.
Sign Up Now
Already have an account? Login