ਬੰਦੀ ਛੋੜ ਦਿਵਸ ਮੌਕੇ ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਕੌਮ ਦੇ ਨਾਮ ਸੰਦੇਸ਼ 
        
        
          
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਵਾਪਰ ਰਹੇ ਵਰਤਾਰੇ ਵੀ ਪੰਥ ਲਈ ਚਿੰਤਾ ਪੈਦਾ ਕਰਨ ਵਾਲੇ ਹਨ। 80ਫੀਸਦੀ ਕੁਰਬਾਨੀ ਨਾਲ ਆਜ਼ਾਦ ਹੋਏ ਭਾਰਤ ਵਿਚ ਸਿੱਖ ਹੱਕਾਂ ਅਤੇ ਮੁੱਦਿਆਂ ਬਾਰੇ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਅੱਤਵਾਦੀ ਐਲਾਨ ਕੇ ਜੇਲ੍ਹਾਂ ਵਿਚ ਰੱਖਿਆ ਹੋਇਆ ਹੈ ਅਤੇ ਵੱਖ-ਵੱਖ ਦੇਸ਼ਾਂ ਅੰਦਰ ਸਿੱਖਾਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਉਨ੍ਹਾਂ ਭਾਈ ਹਰਦੀਪ ਸਿੰਘ ਨਿੱਝਰ, ਭਾਈ ਅਵਤਾਰ ਸਿੰਘ ਖੰਡਾ, ਭਾਈ ਪਰਮਜੀਤ ਸਿੰਘ ਪੰਜਵੜ ਅਤੇ ਭਾਈ ਰਿਪੁਦਮਨ ਸਿੰਘ ਮਲਕ ਦੇ ਹੋਏ ਕਤਲਾਂ ਦੀ ਗੱਲ ਕੀਤੀ। 
        
        
        
         
                            
                                ਬੰਦੀ ਛੋੜ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਤੋਂ ਸੰਦੇਸ਼ ਪੜ੍ਹਦੇ ਹੋਏ ਗਿਆਨੀ ਰਘਬੀਰ ਸਿੰਘ  / ਸਕੱਤਰੇਤ ਅਕਾਲ ਤਖ਼ਤ ਸਾਹਿਬ
            
                      
               
             
            ਸ੍ਰੀ ਹਰਿਮੰਦਰ ਸਾਹਿਬ ਵਿਖੇ ਚੱਲਦੀ ਆ ਰਹੀ ਪੁਰਾਤਨ ਰਵਾਇਤ ਅਨੁਸਾਰ ਬੰਦੀਛੋੜ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਨਤਮਸਤਕ ਹੋ ਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ। ਬੰਦੀਛੋੜ ਦਿਹਾੜੇ ਸਬੰਧੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਏ ਗੁਰਮਤਿ ਸਮਾਗਮਾਂ ਦੌਰਾਨ ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰ ਜਥਿਆਂ, ਪ੍ਰਚਾਰਕਾਂ ਅਤੇ ਕਵੀਆਂ ਨੇ ਗੁਰਬਾਣੀ ਕੀਰਤਨ ਅਤੇ ਇਤਿਹਾਸ ਦੁਆਰਾ ਸੰਗਤ ਨਾਲ ਸਾਂਝ ਪਾਈ। 
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਤੋਂ ਸਿੱਖ ਪੰਥ ਦੇ ਨਾਂਅ ਸੰਦੇਸ਼ ਦਿੰਦਿਆਂ ਸਿੱਖ ਇਤਿਹਾਸ ਦੀ ਰੌਸ਼ਨੀ ਵਿਚ ਜੀਵਨ ਤਰਜੀਹਾਂ ਨਿਰਧਾਰਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਪੰਜਾਬ ਅਤੇ ਸਿੱਖ ਪੰਥ ਦੀ ਵਿਰਾਸਤ ਹੈ, ਕਿਉਂਕਿ ਇਥੇ ਗੁਰੂ ਸਾਹਿਬਾਨ ਨੇ ਲੋਕਾਈ ਨੂੰ ਅੰਧਕਾਰ ਅਤੇ ਵਹਿਮਾਂ-ਭਰਮਾਂ ’ਚੋਂ ਕੱਢ ਕੇ ਦੈਵੀ ਗਿਆਨ ਅਧੀਨ ਜੀਵਨ ਜੀਣ ਦਾ ਇਕ ਮਾਣਮੱਤਾ ਮਾਰਗ ਦਿਖਾਇਆ ਹੈ। ਉਨ੍ਹਾਂ ਸਿੱਖ ਪੰਥ ਅਤੇ ਗੁਰੂ ਪੰਥ ਦੇ ਮਹੱਤਵ ਨੂੰ ਜ਼ੋਰ ਨਾਲ ਉਭਾਰਦਿਆਂ ਕਿਹਾ ਕਿ ਇਹ ਸਾਡੀ ਮਾਣਮੱਤੀ ਵਿਰਾਸਤ ਹੈ ਅਤੇ ਇਹ ਦੋਵੇਂ ਖਾਲਸਾ ਪੰਥ ਦੀਆਂ ਜੀਵੰਤ ਸੰਸਥਾਵਾਂ ਹਨ। ਉਨ੍ਹਾਂ ਵਰਤਮਾਨ ਸਮੇਂ ਇਥੋਂ ਦੇ ਸਮਾਜਿਕ, ਰਾਜਨੀਤਕ, ਸੱਭਿਆਚਾਰਕ ਆਰਥਿਕ ਤਾਣੇ ਬਾਣੇ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਆਤਮ ਚਿੰਤਨ ਦੀ ਲੋੜ ਨੂੰ ਅਹਿਮ ਕਰਾਰ ਦਿੱਤਾ। ਉਨ੍ਹਾਂ ਨਸ਼ਿਆਂ ਦੀ ਅਲਾਮਤ ਦੇ ਨਾਲ-ਨਾਲ ਪੰਜਾਬ ਦੇ ਕੁਦਰਤੀ ਸਰੋਤਾਂ ਅਤੇ ਬੁਨਿਆਦੀ ਅਧਿਕਾਰਾਂ ਸਮੇਤ ਪੰਥਕ ਰਾਜਨੀਤੀ ਦੀ ਗੱਲ ਕਰਦਿਆਂ ਇਨ੍ਹਾਂ ਮੁੱਦਿਆਂ ਨੂੰ ਏਜੰਡਾ ਮੁਖੀ ਬਣਾਉਣ ਲਈ ਆਖਿਆ ਅਤੇ ਪੰਥਕ ਹਿੱਤਾਂ ਤੇ ਪ੍ਰੰਪਰਾਵਾਂ ਦੀ ਪਹਿਰੇਦਾਰੀ ਕਰਨ ਦੀ ਵੀ ਲੋੜ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਆਖਿਆ ਕਿ ਮੌਜੂਦਾ ਸਮੇਂ ਪੰਜਾਬ ਅੰਦਰ ਰੁਜਗਾਰ ਦੇ ਮੌਕੇ ਘੱਟ ਜਾਣ ਅਤੇ ਜੀਣ ਥੀਣ ਦੀਆਂ ਸੰਭਾਵਨਾਵਾਂ ਦੀ ਅਨਿਸਚਿੱਤਾ ਕਾਰਨ ਸਿੱਖ ਨੌਜੁਆਨਾਂ ਦੇ ਵਿਦੇਸ਼ਾਂ ਵਿਚ ਪ੍ਰਵਾਸ ਕਰ ਜਾਣ ਦੀ ਗਿਣਤੀ ਚਿੰਤਾਜਨਕ ਹੈ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਇਸ ਦੇ ਉਲਟ ਹੋਰ ਰਾਜਾਂ ਤੋਂ ਪੰਜਾਬ ਵਿਚ ਹੋ ਰਹੇ ਪ੍ਰਵਾਸ ’ਤੇ ਵੀ ਗਹਿਰੀ ਚਿੰਤਾ ਪ੍ਰਗਟ ਕੀਤੀ ਤੇ ਪੰਥਕ ਜਥੇਬੰਦੀ ਨੂੰ ਏਕਤਾ ਦੀ ਲੜੀ ਵਿਚ ਪਰਾਉਣ ਵਾਸਤੇ ਭਿੰਨ-ਭੇਦ ਮਿਟਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ’ਚ ਇਕੱਠੇ ਹੋਣ ਲਈ ਆਖਿਆ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਵਾਪਰ ਰਹੇ ਵਰਤਾਰੇ ਵੀ ਪੰਥ ਲਈ ਚਿੰਤਾ ਪੈਦਾ ਕਰਨ ਵਾਲੇ ਹਨ। 80ਫੀਸਦੀ ਕੁਰਬਾਨੀ ਨਾਲ ਆਜ਼ਾਦ ਹੋਏ ਭਾਰਤ ਵਿਚ ਸਿੱਖ ਹੱਕਾਂ ਅਤੇ ਮੁੱਦਿਆਂ ਬਾਰੇ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਅੱਤਵਾਦੀ ਐਲਾਨ ਕੇ ਜੇਲ੍ਹਾਂ ਵਿਚ ਰੱਖਿਆ ਹੋਇਆ ਹੈ ਅਤੇ ਵੱਖ-ਵੱਖ ਦੇਸ਼ਾਂ ਅੰਦਰ ਸਿੱਖਾਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਉਨ੍ਹਾਂ ਭਾਈ ਹਰਦੀਪ ਸਿੰਘ ਨਿੱਝਰ, ਭਾਈ ਅਵਤਾਰ ਸਿੰਘ ਖੰਡਾ, ਭਾਈ ਪਰਮਜੀਤ ਸਿੰਘ ਪੰਜਵੜ ਅਤੇ ਭਾਈ ਰਿਪੁਦਮਨ ਸਿੰਘ ਮਲਕ ਦੇ ਹੋਏ ਕਤਲਾਂ ਦੀ ਗੱਲ ਕੀਤੀ। 
ਸਿੱਖ ਸੰਸਥਾਵਾਂ ਵਿਚ ਵੱਧ ਰਹੀ ਸਰਕਾਰੀ ਦਖ਼ਲਅੰਦਾਜ਼ੀ, ਪੰਜਾਬ ਤੋਂ ਬਾਹਰ ਦੇ ਇਤਿਹਾਸਕ ਗੁਰ-ਅਸਥਾਨਾਂ ਦੀ ਹੋਂਦ ਨੂੰ ਖ਼ਤਮ ਕਰਨ ਦਾ ਮੁੱਦਾ, ਨਵੰਬਰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਦੀ ਤਤਕਾਲੀ ਪ੍ਰਧਾਨ ਮੰਤਰੀ ਵੱਲੋਂ ਪੁਸ਼ਤਪਨਾਹੀ ਅਤੇ 40 ਸਾਲ ਦਾ ਅਰਸਾ ਬੀਤ ਜਾਣ ਬਾਅਦ ਵੀ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਦਾ ਇਨਸਾਫ਼ ਨਾ ਦੇਣ ’ਤੇ ਵੀ ਸਿੰਘ ਸਾਹਿਬ ਨੇ ਤਿੱਖੇ ਸਵਾਲ ਉਠਾਏ। ਸੋਸ਼ਲ ਮੀਡੀਆ ‘’ਤੇ ਸਿੱਖਾਂ ਵਿਰੁੱਧ ਨਫ਼ਰਤੀ ਮਾਹੌਲ ਸਿਰਜਣ ਦੀ ਨਾਪਾਕ ਸਾਜ਼ਿਸ਼ਾਂ ਅਤੇ ਹੋਰ ਸਿੱਖ ਵਿਰੋਧੀ ਵਰਤਾਰੇ ਨੂੰ ਠੱਲ੍ਹਣ ਲਈ ਉਨ੍ਹਾਂ ਕੌਮ ਨੂੰ ਅਪੀਲ ਕੀਤੀ ਕਿ ਉਹ ਵਿਵੇਕ ਬੁਧੀ ਨਾਲ ਸੁਚੇਤ ਹੋ ਕੇ ਪੰਥ ਵਿਰੋਧੀ ਮੁਹਿੰਮ ਦਾ ਡੱਟ ਕੇ ਮੁਕਾਬਲਾ ਕਰਨ ਲਈ ਸੋਸ਼ਲ ਮੀਡੀਆ ਦਾ ਪ੍ਰਯੋਗ ਕਰੇ ਅਤੇ ਸਿੱਖ ਪੰਥ ਦੀਆਂ ਸਰਬ ਕਲਿਆਣਕਾਰੀ, ਬੇਮਿਸਾਲ ਅਤੇ ਲਾਸਾਨੀ ਸੇਵਾਵਾਂ ਨੂੰ ਦੁਨੀਆਂ ਸਾਹਮਣੇ ਰੱਖਿਆ ਜਾਵੇ। ਉਨ੍ਹਾਂ ਸਿੱਖ ਪੰਥ ਨੂੰ ਗੁਰੂ ਦਰਸਾਏ ਉਪਦੇਸ਼ਾਂ ’ਤੇ ਚੱਲਣ ਅਤੇ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਦੀ ਵੀ ਅਪੀਲ ਕੀਤੀ।
ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀ ਵਧਾਈ ਦਿੰਦਿਆਂ ਇਸ ਦਿਹਾੜੇ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਸਿੱਖ ਪ੍ਰੰਪਰਾਵਾਂ ਅਤੇ ਰਵਾਇਤਾਂ ਦੀ ਰੋਸ਼ਨੀ ਵਿਚ ਪੰਥ ਦੀ ਚੜ੍ਹਦੀ ਕਲਾ ਲਈ ਯੋਗਦਾਨ ਪਾਉਣ ਦੀ ਪ੍ਰੇਰਨਾ ਕੀਤੀ। ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿਹੰਗ ਸਿੰਘ ਜਥੇਬੰਦੀਆਂ ਅਤੇ ਸੰਪਰਦਾਵਾਂ ਦੇ ਮੁੱਖੀਆਂ ਅਤੇ ਨੁਮਾਇੰਦਿਆਂ ਨੂੰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਸਨਮਾਨਿਤ ਕੀਤਾ।
ਬੰਦੀਛੋੜ ਦਿਵਸ ਸਮਾਗਮਾਂ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਤਰਨ ਦਲ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਬਾਬਾ ਸੁਖਦੇਵ ਸਿੰਘ, ਦਲ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਤਰਨਾ ਦਲ ਦੇ ਮੁਖੀ ਬਾਬਾ ਜੋਗਾ ਸਿੰਘ, ਬਾਬਾ ਮੇਜਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ, ਗਿਆਨੀ ਮਲਕੀਤ ਸਿੰਘ ਆਦਿ ਹਾਜ਼ਰ ਸਨ।
                    
                    
                    
                    
                      
                    
                              
             
             
                          
            
        
       
      
      
      
      
           
    
    
        ADVERTISEMENT
        
 
            
            
            
             
  
            
            
          
        
           E Paper 
          
                
         
        
        
  
              
        
          
          
        
           Video 
          
                
         
        
        
  
        
        
              
    
   
Comments
Start the conversation
Become a member of New India Abroad to start commenting.
Sign Up Now
Already have an account? Login