ADVERTISEMENT

ADVERTISEMENT

ਪੰਜਾਬ ਵਿੱਚ ਕਾਨੂੰਨ-ਵਿਵਸਥਾ ਡਾਵਾਂਡੋਲ: ਪ੍ਰਧਾਨ ਮੰਤਰੀ ਮੋਦੀ

'ਆਪ', ਕਾਂਗਰਸ ਅਤੇ ਅਕਾਲੀ ਦਲ 'ਤੇ ਸਾਧਿਆ ਨਿਸ਼ਾਨਾ

 ਜਲੰਧਰ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ / KewalSinghDhillon

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੰਜਾਬ ਵਿਧਾਨ ਸਭਾ ਚੋਣਾਂ ਦਾ ਬਿਗੁਲ ਵਜਾਉਂਦਿਆਂ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ 'ਤੇ ਕਾਨੂੰਨ-ਵਿਵਸਥਾ ਅਤੇ ਕਈ ਹੋਰ ਮੁੱਦਿਆਂ ਨੂੰ ਲੈ ਕੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਸੱਤਾਧਾਰੀ ਪਾਰਟੀ ਨੂੰ 'ਕੱਟੜ ਬੇਈਮਾਨ' ਕਰਾਰ ਦਿੰਦਿਆਂ ਕਿਹਾ ਕਿ ਇਸ ਦੀ ਨਾ ਤਾਂ ਨੀਅਤ ਸਾਫ਼ ਹੈ ਅਤੇ ਨਾ ਹੀ ਇਹ ਇਮਾਨਦਾਰ ਹੈ। ਉਨ੍ਹਾਂ ਪੰਜਾਬ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਨਿਸ਼ਾਨੇ 'ਤੇ ਲਿਆ, ਜਿਸ ਨਾਲ ਭਾਜਪਾ ਅਤੇ ਅਕਾਲੀ ਦਲ ਵਿਚਾਲੇ ਗੱਠਜੋੜ ਦੀਆਂ ਸੰਭਾਵਨਾਵਾਂ ਹੋਰ ਧੁੰਦਲੀਆਂ ਹੋ ਗਈਆਂ ਹਨ। ਰੈਲੀ ਵਿੱਚ ਹਰੀ ਪੱਗ ਬੰਨ੍ਹ ਕੇ ਪੁੱਜੇ ਪ੍ਰਧਾਨ ਮੰਤਰੀ ਨੇ ਹਰੀ ਪੱਗ ਨੂੰ ਹਰੀ ਕ੍ਰਾਂਤੀ ਨਾਲ ਜੋੜਦਿਆਂ ਕਿਹਾ ਕਿ ਕਿਸਾਨ ਸਾਡੇ ਸਿਰ ਦਾ ਤਾਜ ਹਨ। ਉਨ੍ਹਾਂ ਰੈਲੀ ਵਿੱਚ ਮੌਜੂਦ ਲੋਕਾਂ ਨਾਲ ਪੰਜਾਬੀ ਵਿੱਚ ਵੀ ਗੱਲਬਾਤ ਕੀਤੀ ਅਤੇ ਪੰਜਾਬ ਵਾਸੀਆਂ ਨੂੰ 'ਡਬਲ ਇੰਜਣ' ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ।

 

ਜਲੰਧਰ ਛਾਉਣੀ, ਐੱਸਏਐੱਸ ਨਗਰ (ਮੁਹਾਲੀ), ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਸਮੇਤ ਦੇਸ਼ ਭਰ ਵਿੱਚ ਮੁੜ ਵਿਕਸਤ ਕੀਤੇ ਗਏ 75 ਰੇਲਵੇ ਸਟੇਸ਼ਨਾਂ ਸਣੇ 5,470 ਕਰੋੜ ਰੁਪਏ ਦੇ ਰੇਲ ਅਤੇ ਸੜਕ ਬੁਨਿਆਦੀ ਢਾਂਚੇ ਨਾਲ ਸਬੰਧਤ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਇੱਥੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ, ਜਿੱਥੇ ਕੋਈ ਨਹੀਂ ਜਾਣਦਾ ਕਿ ਕਦੋਂ ਅਤੇ ਕਿੱਥੇ ਗੈਂਗਵਾਰ ਸ਼ੁਰੂ ਹੋ ਜਾਵੇ ਜਾਂ ਕਿੱਥੋਂ ਗੋਲੀਆਂ ਚੱਲ ਪੈਣ। ਉਨ੍ਹਾਂ ਕਿਹਾ, "ਸ਼ਰੇਆਮ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਅਤੇ ਥਾਣਿਆਂ 'ਤੇ ਹਮਲੇ ਹੁਣ ਆਮ ਗੱਲ ਬਣ ਚੁੱਕੇ ਹਨ।" ਸੂਬੇ ਦੀ 'ਆਪ' ਸਰਕਾਰ ਨੂੰ ਬਿਨਾਂ ਸਾਫ਼ ਨੀਅਤ ਅਤੇ ਇਮਾਨਦਾਰੀ ਵਾਲੀ 'ਕੱਟੜ ਬੇਈਮਾਨ' ਸਰਕਾਰ ਕਰਾਰ ਦਿੰਦਿਆਂ ਮੋਦੀ ਨੇ ਕਿਹਾ ਕਿ ਪੰਜਾਬ ਦੇ ਨਾਂ 'ਤੇ ਕਰਜ਼ੇ ਲਏ ਜਾ ਰਹੇ ਹਨ ਅਤੇ ਬਜਟ ਦਾ ਵੱਡਾ ਹਿੱਸਾ ਉਨ੍ਹਾਂ ਦੀ ਅਦਾਇਗੀ 'ਤੇ ਖਰਚ ਹੋ ਰਿਹਾ ਹੈ, ਜਦਕਿ ਸਰਕਾਰ ਚਲਾਉਣ ਵਾਲੇ ਉਸ ਪੈਸੇ 'ਤੇ ਮੌਜਾਂ ਮਾਣ ਰਹੇ ਹਨ। 

 

ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਇਸ ਨੂੰ ਜਨਤਾ ਦੀ ਕੋਈ ਪਰਵਾਹ ਨਹੀਂ ਹੈ, ਕਿਉਂਕਿ ਇਹ ਆਪਣੇ ਹੀ ਮਾਮਲਿਆਂ ਵਿੱਚ ਉਲਝਿਆ ਹੋਇਆ ਹੈ। ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ, "2014 ਤੋਂ ਪਹਿਲਾਂ ਰੇਲਵੇ ਦੀ ਕੀ ਹਾਲਤ ਸੀ? ਤਤਕਾਲੀ ਕਾਂਗਰਸ ਸਰਕਾਰ ਨਵੀਆਂ ਰੇਲ ਗੱਡੀਆਂ ਬਾਰੇ ਸਿਰਫ਼ ਝੂਠੇ ਐਲਾਨ ਕਰਦੀ ਸੀ ਅਤੇ ਫਿਰ ਚੁੱਪ ਕਰਕੇ ਬੈਠ ਜਾਂਦੀ ਸੀ।" ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਦੀ ਕੁਰਸੀ ਲਈ ਕਾਂਗਰਸ ਦੀ ਪੰਜਾਬ ਇਕਾਈ ਵਿੱਚ ਚੱਲ ਰਹੀ ਆਪਸੀ ਖਿੱਚੋਤਾਣ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀ। ਉਨ੍ਹਾਂ ਇੱਥੇ ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਲੰਧਰ ਹੁਣ ਵਿਕਾਸ ਦਾ ਗਵਾਹ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਨਹੀਂ ਹੈ, ਫਿਰ ਵੀ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਸੂਬੇ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ। 

 

ਪ੍ਰਧਾਨ ਮੰਤਰੀ ਨੇ ਸਰਦਾਰ ਤੇਜਾ ਸਿੰਘ ਸਮੁੰਦਰੀ ਨੂੰ ਵੀ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਦਾ 100ਵਾਂ ਸ਼ਹੀਦੀ ਦਿਹਾੜਾ ਹੈ ਅਤੇ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਦੇਸ਼ ਨੂੰ ਬਰਤਾਨਵੀ ਰਾਜ ਤੋਂ ਆਜ਼ਾਦ ਕਰਵਾਉਣ ਲਈ ਸਮਰਪਿਤ ਕਰ ਦਿੱਤਾ ਸੀ। 

 

ਇਸ ਮੌਕੇ ਉਨ੍ਹਾਂ ਅੰਮ੍ਰਿਤਸਰ (ਛੇਹਰਟਾ)-ਵਾਰਾਣਸੀ ਸੰਤ ਰਵਿਦਾਸ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜਿਸ ਨਾਲ ਦੋ ਪ੍ਰਮੁੱਖ ਧਾਰਮਿਕ ਅਤੇ ਸੱਭਿਆਚਾਰਕ ਕੇਂਦਰਾਂ ਵਿਚਾਲੇ ਸਿੱਧਾ ਰੇਲ ਸੰਪਰਕ ਸਥਾਪਤ ਹੋ ਗਿਆ ਹੈ। ਰੈਲੀ ਵਿੱਚ ਵਿਕਰਮਜੀਤ ਸਾਹਨੀ, ਹਰਭਜਨ ਸਿੰਘ ਅਤੇ ਅਸ਼ੋਕ ਮਿੱਤਲ ਹਾਜ਼ਰ ਰਹੇ, ਜਦਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰੈਲੀ ਵਿੱਚ ਨਹੀਂ ਪੁੱਜੇ।

Comments

Leave A Comment

Required fields are marked (*).

Related

Talk to us?