ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ’ਚ ਅੱਜ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਦੋ ਗ੍ਰੰਥੀ ਸਿੰਘ ਸਾਹਿਬਾਨ ਦੀ ਨਿਯੁਕਤੀ ਨੂੰ ਪ੍ਰਵਾਨਗੀ ਦੇਣ ਦੇ ਨਾਲ-ਨਾਲ ਸੰਸਦ ਅੰਦਰ ਕਾਂਗਰਸ ਦੇ ਐਮਪੀ ਰਾਹੁਲ ਗਾਂਧੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨਾਲ ਅਭਯ ਮੁਦਰਾ ਨੂੰ ਜੋੜਨ ਦਾ ਸਖ਼ਤ ਨੋਟਿਸ ਲਿਆ ਗਿਆ। ਇਸ ਤੋਂ ਇਲਾਵਾ ਰਾਜਸਥਾਨ ਅੰਦਰ ਜੁਡੀਸ਼ੀਅਲ ਪ੍ਰੀਖਿਆ ’ਚ ਅੰਮ੍ਰਿਤਧਾਰੀ ਸਿੱਖ ਉਮੀਦਵਾਰਾਂ ਨੂੰ ਕਿਰਪਾਨ ਲਾਹੁਣ ਲਈ ਮਜ਼ਬੂਰ ਕਰਨ ਅਤੇ ਕੰਗਨਾ ਰਣੌਤ ਵੱਲੋਂ ਪੰਜਾਬੀਆਂ ਵਿਰੁੱਧ ਟਿੱਪਣੀਆਂ ਖਿਲਾਫ਼ ਵੀ ਮਤੇ ਪਾਸ ਕੀਤੇ ਗਏ ਹਨ।
ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿੰਘ ਸਾਹਿਬਾਨ ਦੀ ਲੋੜ ਨੂੰ ਵੇਖਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੰਜ ਪਿਆਰਿਆਂ ਵਿਚ ਸੇਵਾ ਨਿਭਾਅ ਰਹੇ ਭਾਈ ਕੇਵਲ ਸਿੰਘ ਅਤੇ ਬਟਾਲਾ ਵਾਸੀ ਕਥਾਵਾਚਕ ਭਾਈ ਪਰਵਿੰਦਰਪਾਲ ਸਿੰਘ ਨੂੰ ਗ੍ਰੰਥੀ ਵਜੋਂ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਅਤੇ ਸਿੰਘ ਸਾਹਿਬਾਨ ਵੱਲੋਂ ਵੱਖ-ਵੱਖ ਉਮੀਦਵਾਰਾਂ ਦਾ ਟੈਸਟ ਲਿਆ ਗਿਆ ਸੀ, ਜਿਨ੍ਹਾਂ ਵਿੱਚੋਂ ਕੀਤੀ ਗਈ ਸਿਫ਼ਾਰਸ਼ ਅਨੁਸਾਰ ਦੋ ਗ੍ਰੰਥੀ ਸਿੰਘਾਂ ਦੀ ਨਿਯੁਕਤੀ ਕੀਤੀ ਗਈ ਹੈ।
ਐਡਵੋਕੇਟ ਧਾਮੀ ਨੇ ਦੱਸਿਆ ਕਿ ਅੱਜ ਦੀ ਅੰਤ੍ਰਿੰਗ ਕਮੇਟੀ ਇਕੱਤਰਤਾ ਵਿਚ ਕਈ ਸਿੱਖ ਮਸਲਿਆਂ ਨੂੰ ਏਜੰਡੇ ’ਤੇ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ਅੰਦਰ ਬੀਤੇ ਦਿਨੀਂ ਜੁਡੀਸ਼ੀਅਲ ਪ੍ਰੀਖਿਆ ’ਚ ਅੰਮ੍ਰਿਤਧਾਰੀ ਸਿੱਖ ਉਮੀਦਵਾਰਾਂ ਨੂੰ ਤੰਗ ਪ੍ਰੇਸ਼ਾਨ ਅਤੇ ਕਰਾਰ ਉਤਾਰਨ ਲਈ ਮਜ਼ਬੂਰ ਕਰਨ ਦੇ ਮਾਮਲੇ ਵਿਚ ਸਰਕਾਰ ਪਾਸੋਂ ਦੋਸ਼ੀ ਅਧਿਕਾਰੀਆਂ ਵਿਰੁੱਧ ਕਾਰਵਾਈ ਮੰਗੀ ਗਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਦੋਸ਼ੀਆਂ ਦੇ ਖਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕਰਕੇ ਕਾਰਵਾਈ ਕਰੇ।
ਉਨ੍ਹਾਂ ਕਿਹਾ ਕਿ ਸਭ ਨੂੰ ਪਤਾ ਹੋਣ ਦੇ ਬਾਵਜੂਦ ਵੀ ਅੰਮ੍ਰਿਤਧਾਰੀ ਸਿੱਖ ਉਮੀਦਵਾਰਾਂ ਨੂੰ ਕਕਾਰ (ਕਿਰਪਾਨ) ਲਾਹੁਣ ਲਈ ਮਜ਼ਬੂਰ ਕਰਨਾ ਸਿੱਖਾਂ ਨਾਲ ਵਿਤਕਰਾ ਵਖਰੇਵਾਂ ਹੈ, ਜਦਕਿ ਪੰਜ ਕਕਾਰ ਸਿੱਖ ਰਹਿਣੀ ਦਾ ਅਹਿਮ ਹਿੱਸਾ ਹੈ। ਭਾਰਤੀ ਸੰਵਿਧਾਨ ਦੇ ਆਰਟੀਕਲ 25 ਤਹਿਤ ਸਿੱਖਾਂ ਨੂੰ ਕਿਰਪਾਨ ਪਾਉਣ ਦਾ ਅਧਿਕਾਰ ਹੈ, ਜਿਸ ਦੇ ਮੱਦੇਨਜ਼ਰ ਰਾਜਸਥਾਨ ਅੰਦਰ ਕੀਤੀਆਂ ਗਈਆਂ ਆਪਹੁਦਰੀਆਂ ਕਾਰਵਾਈਆਂ ਸੰਵਿਧਾਨ ਦੀ ਘੋਰ ਉਲੰਘਣਾ ਹੈ। ਉਨ੍ਹਾਂ ਦੱਸਿਆ ਕਿ ਅੰਤ੍ਰਿੰਗ ਕਮੇਟੀ ਨੇ ਇਸ ਮਾਮਲੇ ਵਿਚ ਕੇਂਦਰ ਸਰਕਾਰ ਨਾਲ ਲਿਖਾਪੜ੍ਹੀ ਕਰਨ ਤੋਂ ਇਲਾਵਾ ਕਾਨੂੰਨੀ ਮਾਹਿਰਾਂ ਦੀ ਰਾਏ ਅਨੁਸਾਰ ਪੈਰਵਾਈ ਕਰਨ ਦਾ ਫੈਸਲਾ ਕੀਤਾ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਭਾਜਪਾ ਦੀ ਮੰਡੀ ਤੋਂ ਸਾਂਸਦ ਕੰਗਨਾ ਰਣੌਤ ਵੱਲੋਂ ਪੰਜਾਬ ਅਤੇ ਪੰਜਾਬੀਆਂ ਵਿਰੁੱਧ ਨਫ਼ਰਤੀ ਟਿੱਪਣੀਆਂ ਦੀ ਵੀ ਅੰਤ੍ਰਿੰਗ ਕਮੇਟੀ ਵੱਲੋਂ ਨਿੰਦਾ ਮਤਾ ਪਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੰਗਨਾ ਵੱਲੋਂ ਪੰਜਾਬ ਵਿਰੋਧੀ ਨਫ਼ਰਤੀ ਪ੍ਰਗਟਾਵੇ ਉੱਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਾਰਵਾਈ ਨਾ ਕਰਨਾ ਸੂਬੇ ਦੀ ਤਰਜਮਾਨੀ ਤੋਂ ਮੂੰਹ ਮੋੜਨਾ ਹੈ। ਉਨ੍ਹਾਂ ਸਰਕਾਰ ਨੂੰ ਕਿਹਾ ਕਿ ਉਹ ਕੰਗਨਾ ਰਣੌਤ ਖਿਲਾਫ਼ ਪਰਚਾ ਦਰਜ ਕਰੇ, ਕਿਉਂਕਿ ਉਸ ਨੇ ਨਫ਼ਰਤੀ ਹਿੰਸਾ ਫੈਲਾ ਕੇ ਪੰਜਾਬੀਆਂ ਨੂੰ ਬਦਨਾਮ ਕੀਤਾ ਹੈ।
ਇਸ ਮੌਕੇ ਐਡਵੋਕੇਟ ਧਾਮੀ ਨੇ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਨਿਸ਼ਚੈ ਪ੍ਰਸਾਸ਼ਕੀ ਸੇਵਾਵਾਂ ਸਿਖਲਾਈ ਕੇਂਦਰ ਦੇ ਵਿਦਿਆਰਥੀ ਸ. ਗੁਰਜੋਤ ਸਿੰਘ ਵੱਲੋਂ ਯੂਪੀਐਸਸੀ ਦੀ ਸਿਵਲ ਸੇਵਾ ਦੀ ਪ੍ਰੀਲੀਮੀਨਰੀ ਪ੍ਰੀਖਿਆ 2024 ਪਾਸ ਕਰਨ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਸ ਨੂੰ ਵਧਾਈ ਦਿੱਤੀ। ਉਨ੍ਹਾਂ ਆਸ ਪ੍ਰਗਟਾਈ ਕਿ ਉਹ ਹੋਰ ਕਰੜੀ ਮਿਹਨਤ ਕਰਕੇ ਇਸ ਪ੍ਰੀਖਿਆ ਦੇ ਮੇਨ ਪੇਪਰ ਨੂੰ ਵੀ ਪਾਸ ਕਰਕੇ ਸਿੱਖ ਕੌਮ ਦਾ ਮਾਣ ਵਧਾਉਣਗੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵਚਨਬੱਧਤਾ ਪ੍ਰਗਟਾਈ ਕਿ ਸਿੱਖ ਸੰਸਥਾ ਇਸ ਖੇਤਰ ਵਿਚ ਹੋਰ ਪੁਖਤਗੀ ਨਾਲ ਕਾਰਜ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਵਾਰ ਨਿਸ਼ਚੈ ਅਕੈਡਮੀ ਦੇ ਨਵੇਂ ਬੈਚ ਲਈ ਚੰਡੀਗੜ੍ਹ ਵਿਖੇ 25 ਸਿੱਖ ਨੌਜੁਆਨਾਂ ਦੇ ਨਾਲ-ਨਾਲ ਬਹਾਦਰਗੜ੍ਹ ਪਟਿਆਲਾ ਵਿਖੇ ਨਿਸ਼ਚੈ ਜੁਡੀਸ਼ੀਅਲ ਅਕੈਡਮੀ ਲਈ ਵੀ 25 ਸਿੱਖ ਨੌਜੁਆਨਾਂ ਦੀ ਚੋਣ ਕਰ ਲਈ ਗਈ ਹੈ।
ਇਸ ਦੌਰਾਨ ਐਡਵੋਕੇਟ ਧਾਮੀ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਸ਼੍ਰੋਮਣੀ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਲਗਾਏ ਗਏ ਰੋਜ਼ਗਾਰ ਮੇਲੇ ਵਿਚ ਸੰਸਥਾ ਦੇ ਵਿਦਿਅਕ ਅਦਾਰਿਆਂ ਦੇ 250 ਤੋਂ ਜ਼ਿਆਦਾ ਨੌਜੁਆਨਾਂ ਨੂੰ ਵੱਖ-ਵੱਖ ਕੰਪਨੀਆਂ ਵਿਚ ਰੋਜ਼ਗਾਰ ਲਈ ਚੁਣਿਆ ਗਿਆ ਹੈ।
ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਬਰਨਾਲਾ ਨਾਲ ਸਬੰਧਤ ਜਾਇਦਾਦ ਦੇ ਮਾਮਲੇ ’ਤੇ ਪੰਜਾਬ ਸਰਕਾਰ ਨੂੰ ਤਾੜਨਾ ਕੀਤੀ ਕਿ ਸਰਕਾਰ ਗੁਰੂ ਘਰ ਦੇ ਮਾਮਲਿਆਂ ਵਿਚ ਦਖ਼ਲ ਦੇਣ ਤੋਂ ਬਾਜ ਆਵੇ। ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰੁ ਘਰਾਂ ਦੀ ਜਾਇਦਾਦਾਂ ਦੀ ਸਾਂਭ-ਸੰਭਾਲ ਸ਼੍ਰੋਮਣੀ ਕਮੇਟੀ ਦਾ ਫ਼ਰਜ਼ ਹੈ, ਜਿਸ ਵਿਚ ਸਰਕਾਰੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸ੍ਰੀ ਦਰਬਾਰ ਸਾਹਿਬ ਵਿਖੇ ਇਕ ਲੜਕੀ ਵੱਲੋਂ ਯੋਗਾ ਕਰਨ ਬਾਰੇ ਗੱਲ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਵੱਲੋਂ ਇਸ ਘਟਨਾ ਉਪਰ ਰਾਏ ਦਿੱਤੀਆਂ ਗਈਆਂ ਹਨ ਅਤੇ ਉਸ ਲੜਕੀ ਵੱਲੋਂ ਵੀ ਲਿਖਤੀ ਤੌਰ ’ਤੇ ਮੁਆਫ਼ੀ ਭੇਜੀ ਗਈ ਹੈ। ਪਰੰਤੂ ਹਰ ਧਾਰਮਿਕ ਅਸਥਾਨ ਦੀ ਇਕ ਮਰਯਾਦਾ ਹੁੰਦੀ ਹੈ ਅਤੇ ਜਾਣਬੁਝ ਕੇ ਕੀਤੀ ਗਈ ਕਾਰਵਾਈ ਬਖ਼ਸ਼ਣਯੋਗ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਬਾਰੇ ਨਿਯਮ ਨਿਰਧਾਰਤ ਕੀਤੇ ਜਾਣਗੇ, ਪਰੰਤੂ ਤੁਰੰਤ ਪ੍ਰਭਾਵ ਤੋਂ ਕਿਸੇ ਵੀ ਕਲਾਕਾਰ ਜਾਂ ਅਦਾਕਾਰ ਨੂੰ ਇਥੇ ਆਪਣੀ ਮਸ਼ਹੂਰੀ ਕਰਨ ਵਾਸਤੇ ਵੀਡੀਓਗ੍ਰਾਫੀ ਕਰਨ ਦੀ ਮਨਾਹੀ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਸੰਸਦ ’ਚ ਰਾਹੁਲ ਗਾਂਧੀ ਵੱਲੋਂ ਅਭਯ ਮੁਦਰਾ ਨੂੰ ਪਹਿਲੇ ਪਾਤਸ਼ਾਹ ਨਾਲ ਜੋੜਨ ਦਾ ਲਿਆ ਸਖ਼ਤ ਨੋਟਿਸ
ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਬੀਤੇ ਦਿਨੀਂ ਭਾਰਤ ਦੀ ਸੰਸਦ ਅੰਦਰ ਕਾਂਗਰਸ ਦੇ ਐਮਪੀ ਰਾਹੁਲ ਗਾਂਧੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਫ਼ਲਸਫ਼ੇ ਅਤੇ ਉਨ੍ਹਾਂ ਦੀ ਤਸਵੀਰ ਨੂੰ ਅਧਾਰ ਬਣਾ ਕੇ ਕੀਤੀਆਂ ਗਈਆਂ ਟਿੱਪਣੀਆਂ ਦਾ ਸਖ਼ਤ ਨੋਟਿਸ ਲੈਂਦਿਆਂ ਸਪੱਸ਼ਟ ਕੀਤਾ ਕਿ ਗੁਰੂ ਸਾਹਿਬਾਨ ਦੀ ਪਾਵਨ ਗੁਰਬਾਣੀ ਅਤੇ ਸਿੱਖਿਆਵਾਂ ਨੂੰ ਸਿਆਸੀ ਬਹਿਸ ਦਾ ਹਿੱਸਾ ਨਹੀਂ ਬਣਾਉਣਾ ਚਾਹੀਦਾ। ਇਸ ਸਬੰਧੀ ਪਾਸ ਕੀਤੇ ਗਏ ਮਤੇ ਵਿਚ ਕਿਹਾ ਕਿ ਅਕਸਰ ਹੀ ਸਿਆਸੀ ਲੋਕਾਂ ਵੱਲੋਂ ਅਜਿਹਾ ਕਰਨ ਨਾਲ ਗੁਰੂ ਸਾਹਿਬਾਨ ਦੇ ਮੌਲਿਕ ਸਿਧਾਂਤਾਂ ਅਤੇ ਪਾਵਨ ਗੁਰਬਾਣੀ ਦੇ ਅਰਥਾਂ ਵੀ ਵਿਆਖਿਆ ਗਲਤ ਕੀਤੀ ਜਾਂਦੀ ਹੈ, ਜਿਸ ਨਾਲ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਸੱਟ ਵੱਜਦੀ ਹੈ। ਰਾਹੁਲ ਗਾਂਧੀ ਵੱਲੋਂ ਸ੍ਰੀ ਗੁਰੁ ਨਾਨਕ ਦੇਵ ਜੀ ਦਾ ਜ਼ਿਕਰ ਕਰਦਿਆਂ ਇਹ ਕਹਿਣਾ ਕਿ ਗੁਰੂ ਸਾਹਿਬ ਦਾ ਸਰੂਪ (ਤਸਵੀਰ) ਅਭਯ ਮੁਦਰਾ ਨੂੰ ਦਰਸਾਉਂਦੀ ਹੈ, ਬਿਲਕੁਲ ਗਲਤ ਹੈ। ਮਤੇ ਵਿਚ ਸਪੱਸ਼ਟ ਕੀਤਾ ਗਿਆ ਕਿ ਗੁਰੂ ਸਾਹਿਬ ਨੇ ਅਜਿਹੀ ਕਿਸੇ ਵੀ ਮੁਦਰਾ ਜਾਂ ਆਸਣ ਨੂੰ ਮਾਨਤਾ ਨਹੀਂ ਦਿੱਤੀ, ਸਗੋਂ ਅਜਿਹੇ ਵਰਤਾਰੇ ਦਾ ਖੰਡਨ ਕਰਦਿਆਂ ਕੇਵਲ ਇਕ ਅਕਾਲ ਪੁਰਖ ਨਾਲ ਜੁੜਨ ਦਾ ਉਪਦੇਸ਼ ਦਿੱਤਾ ਹੈ। ਅੰਤ੍ਰਿੰਗ ਕਮੇਟੀ ਨੇ ਇਸ ਮਤੇ ਰਾਹੀਂ ਲੋਕ ਸਭਾ ਅਤੇ ਰਾਜ ਸਭਾ ਦੋਹਾਂ ਸਦਨਾਂ ਦੇ ਸਪੀਕਰਾਂ ਨੂੰ ਅਪੀਲ ਕੀਤੀ ਕਿ ਉਹ ਸੰਸਦ ਅੰਦਰ ਇਹ ਯਕੀਨੀ ਬਣਾਉਣ ਕਿ ਸੰਸਦ ਦੀ ਕਾਰਵਾਈ ਸਮੇਂ ਕਿਸੇ ਦੀਆਂ ਵੀ ਧਾਰਮਿਕ ਭਾਵਨਾਵਾਂ ਨੂੰ ਸੱਟ ਨਾ ਵੱਜੇ।
ਦਲ ਖ਼ਾਲਸਾ ਦੇ ਆਗੂ ਭਾਈ ਗਜਿੰਦਰ ਸਿੰਘ ਦੇ ਚਲਾਣੇ ’ਤੇ ਕੀਤਾ ਦੁੱਖ ਪ੍ਰਗਟ
ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਦਲ ਖਾਲਸਾ ਦੀ ਸਥਾਪਨਾ ਕਰਨ ਵਾਲੇ ਮੋਹਰੀ ਪੰਚਾਂ ਵਿੱਚੋਂ ਭਾਈ ਗਜਿੰਦਰ ਸਿੰਘ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਇਸ ਸਬੰਧੀ ਪਾਸ ਕੀਤੇ ਗਏ ਮਤੇ ਵਿਚ ਕਿਹਾ ਗਿਆ ਕਿ ਲੰਮਾਂ ਸਮਾਂ ਜਲਾਵਤਨ ਰਹਿਣ ਵਾਲੇ ਭਾਈ ਗਜਿੰਦਰ ਸਿੰਘ ਦੇ ਸੰਘਰਸ਼ਮਈ ਜੀਵਨ ਅਤੇ ਕੁਰਬਾਨੀ ਸ਼੍ਰੋਮਣੀ ਕਮੇਟੀ ਸਤਿਕਾਰ ਭੇਟ ਕਰਦੀ ਹੈ। ਭਾਈ ਗਜਿੰਦਰ ਸਿੰਘ ਵੱਲੋਂ ਦ੍ਰਿੜ੍ਹਤਾ ਨਾਲ ਸਿੱਖ ਸਿਧਾਂਤਾਂ ’ਤੇ ਪਹਿਰਾ ਦੇਣਾ ਅਤੇ ਕਠਿਨ ਹਾਲਾਤ ਵਿਚ ਜੀਵਨ ਪੰਧ ਤਹਿ ਕਰਨਾ ਉਨ੍ਹਾਂ ਦੀ ਪੰਥਕ ਪਛਾਣ ਦਾ ਲਿਖਾਇਕ ਹੈ ਅਤੇ ਕੌਮ ਵੱਲੋਂ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
Comments
Start the conversation
Become a member of New India Abroad to start commenting.
Sign Up Now
Already have an account? Login