ਸ਼੍ਰੋਮਣੀ ਅਕਾਲੀ ਦਲ ਨੇ 3 ਜਨਵਰੀ ਨੂੰ ਐਲਾਨ ਕੀਤਾ ਕਿ ਉਹ 1 ਫਰਵਰੀ ਤੋਂ ‘ਪੰਜਾਬ ਬਚਾਓ ਯਾਤਰਾ’ ਕੱਢ ਕੇ ਆਪ ਸਰਕਾਰ ਦੇ ਹਰ ਮੁਹਾਜ਼ ਤੋਂ ਫੇਲ੍ਹ ਹੋਣ ਨੂੰ ਬੇਨਕਾਬ ਕਰੇਗੀ। ਇਹ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਹੋਈ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ।
ਕੋਰ ਕਮੇਟੀ ਨੇ ਫੈਸਲਾ ਕੀਤਾ ਕਿ 1 ਫਰਵਰੀ ਤੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਕੇ ਆਪ ਸਰਕਾਰ ਵੱਲੋਂ ਕਿਸਾਨਾਂ, ਸਮਾਜ ਦੇ ਕਮਜ਼ੋਰ ਵਰਗਾਂ, ਉਦਯੋਗ ਤੇ ਵਪਾਰ, ਨੌਜਵਾਨਾਂ ਅਤੇ ਸਰਕਾਰੀ ਮੁਲਾਜ਼ਮਾਂ ਸਮੇਤ ਸਮਾਜ ਦੇ ਹਰ ਵਰਗ ਨਾਲ ਕੀਤੇ ਧੋਖੇ ਨੂੰ ਬੇਨਕਾਬ ਕੀਤਾ ਜਾਵੇਗਾ। ਇਸ ਯਾਤਰਾ ਦੀ ਅਗਵਾਈ ਸੁਖਬੀਰ ਸਿੰਘ ਬਾਦਲ ਕਰਨਗੇ ਅਤੇ ਉਹ ਹਰ ਹਲਕੇ ਵਿੱਚ ਦੋ ਦਿਨ ਗੁਜ਼ਾਰਨ ਸਮੇਤ ਸਾਰੇ 117 ਹਲਕਿਆਂ ਨੂੰ ਕਵਰ ਕਰਨਗੇ।
ਇਹ ਵੀ ਫੈਸਲਾ ਲਿਆ ਗਿਆ ਕਿ ਪੰਜਾਬ ਤੇ ਇਸਦੇ ਲੋਕਾਂ ਦੀਆਂ ਸਾਰੀਆਂ ਮੁਸ਼ਕਿਲਾਂ ਨੂੰ ਉਭਾਰਨ ਲਈ ਸਾਰੇ ਪ੍ਰਮੁੱਖ ਕਸਬਿਆਂ ਤੇ ਸ਼ਹਿਰਾਂ ਵਿਚ ਸੈਮੀਨਾਰ ਕਰਵਾਏ ਜਾਣਗੇ। ਮੀਟਿੰਗ ਵਿਚ ਇਹ ਵੀ ਫੈਸਲਾ ਲਿਆ ਗਿਆ ਕਿ ਜਿਸ ਤਰੀਕੇ ਸੰਘੀ ਢਾਂਚਾ ਕਮਜ਼ੋਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਉਸੇ ਤਰੀਕੇ ਖੇਤਰੀ ਪਾਰਟੀਆਂ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਪਾਰਟੀ ਨੇ ਇਹ ਵੀ ਕਿਹਾ ਕਿ ਪੰਜਾਬ ਨੂੰ ਇਸਦੀ ਰਾਜਧਾਨੀ ਅਤੇ ਦਰਿਆਈ ਪਾਣੀਆਂ ਤੋਂ ਵਿਰਵਾ ਕਰਨ ਸਮੇਤ ਇਸਦੇ ਸਾਰੇ ਮੁੱਦਿਆਂ ’ਤੇ ਸੈਮੀਨਾਰਾਂ ਵਿੱਚ ਚਰਚਾ ਕੀਤੀ ਜਾਵੇਗੀ। ਇਹ ਸੈਮੀਨਾਰ ਕਰਵਾਉਣ ਲਈ ਅਕਾਲੀ ਆਗੂ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ ਦਲਜੀਤ ਸਿੰਘ ਚੀਮਾ ਤੇ ਹਰਚਰਨ ਸਿੰਘ ਗਰੇਵਾਲ ਅਧਾਰਤ ਕਮੇਟੀ ਬਣਾਈ ਹੈ।
ਕੋਰ ਕਮੇਟੀ ਦੀ ਇਕੱਤਰਤਾ ਮਗਰੋਂ ਪਾਰਟੀ ਦੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਨੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਬਾਰੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸ਼੍ਰੋਮਣੀ ਕਮੇਟੀ ਸਾਰੇ ਮਾਮਲੇ ਦੀ ਘੋਖ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਹਿਲਾਂ ਹੀ ਬੁੱਧੀਜੀਵੀਆਂ ਤੇ ਕਨੂੰਨੀ ਮਾਹਿਰਾਂ ਨਾਲ ਰਾਇ ਮਸ਼ਵਰਾ ਕੀਤਾ ਹੈ ਤੇ ਉਹ ਮਾਮਲੇ ਵਿਚ ਢੁਕਵੀਂ ਕਾਰਵਾਈ ਕਰਨਗੇ।
ਪੰਜਾਬ ਬਚਾਓ ਯਾਤਰਾ ਨੂੰ ਲੈ ਕੇ ਭਗਵੰਤ ਮਾਨ ਤੇ ਮਜੀਠੀਆ ਦੀ ਸ਼ਬਦੀ ਹਮਲੇ
ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਦਾ ਐਲਾਨ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇੱਕ ਦੂਜੇ ਉੱਤੇ ਸ਼ਬਦੀ ਹਮਲੇ ਕੀਤੇ ਹਨ। ਭਗਵੰਤ ਮਾਨ ਨੇ ਅਕਾਲੀ ਦਲ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਇਸ ਯਾਤਰਾ ਦਾ ਅਸਲ ਨਾਮ ‘ਅਕਾਲੀ ਦਲ ਤੋਂ ਪੰਜਾਬ ਬਚਾ ਲਓ ਯਾਤਰਾ’ ਹੋਣਾ ਚਾਹੀਦਾ ਹੈ। ਇਸ ਦਾ ਜਵਾਬ ਦਿੰਦਿਆਂ ਬਿਕਰਮ ਮਜੀਠੀਆ ਨੇ ਐਕਸ ਪੋਸਟ ਕਰਕੇ ਕਿਹਾ, “ਭਗਵੰਤ ਸਿਆ ਸ਼੍ਰੋਮਣੀ ਅਕਾਲੀ ਦਲ ਤਾਂ ਪੰਜਾਬ ਬਚਾਉ ਯਾਤਰਾ ਕੱਢ ਰਿਹਾ ! ਉਹ ਦਿਨ ਦੂਰ ਨਹੀਂ ਕਿ ਸਾਰੇ ਪੰਜਾਬੀ ਭਗਵੰਤ ਭਜਾਉ ਯਾਤਰਾ ਕੱਢਣਗੇ। ਪੰਜਾਬ ਦਾ ਇਤਿਹਾਸ ਬਹੁਤ ਕੁਰਬਾਨੀਆਂ ਭਰਿਆ ਹੈ, ਪੰਜਾਬੀ ਇੱਕ ਬਹਾਦਰ, ਮਾਰਸ਼ਲ ਕੌਮ ਹੈ! ਪੰਜਾਬ ਦਾ ਦੇਸ਼ ਲਈ ਮਰ ਮਿਟਣ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਹਨ ਕਿ ਪੰਜਾਬੀਆਂ ਤੋ ਵੱਧ ਮਿਹਨਤੀ ਕੋਈ ਨਹੀਂ ਪੰਜਾਬੀਆਂ ਤੋ ਵੱਧ ਦੇਸ਼ ਲਈ ਮਰ ਮਿਟਣ ਵਾਲਾ ਕੋਈ ਨਹੀਂ ਤੇ ਭਗਵੰਤ ਉਸ ਪੰਜਾਬ ਤੇ ਦਿੱਲੀ ਮਾਡਲ ਲਾਗੂ ਕਰ ਰਿਹਾ। ਉਸ ਪੰਜਾਬ ਨੂੰ ਸੀਐੱਮ ਨੇ ਦਿੱਲੀ ਦੇ ਸੁਪੁਰਿਦ ਕਰਤਾ ਸਿਰਫ ਆਪ ਦੀ ਸਿਆਸਤ ਵਾਸਤੇ। ਪੰਜਾਬੀ ਦੇਸ਼ ਨੂੰ ਰਸਤਾ ਦਿਖਾਉਦੇਂ ਨੇ ਤੇ ਭਗਵੰਤ ਮਾਨ ਨੇ ਪੰਜਾਬ ਨੂੰ ਦਿੱਲੀ ਕੋਲ ਸਰੈਂਡਰ ਕਰਤਾ ਤੇ ਦਿੱਲੀ ਹੱਥ ਰਿਮੋਟ ਕੰਟ੍ਰੋਲ ਦੇ ਦਿੱਤਾ!”
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਦੇ 15 ਸਾਲਾਂ ਦੇ ਕੁਸ਼ਾਸਨ ਦੌਰਾਨ ਪੰਜਾਬ ਨੂੰ ਬੇਰਹਿਮੀ ਨਾਲ ਲੁੱਟਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੁਣ ਹਾਸ਼ੀਏ ਉੱਤੇ ਹੈ ਅਤੇ ਸਿਰਫ਼ ਤਿੰਨ ਸੀਟਾਂ ’ਤੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਾਦਲ ਪਰਿਵਾਰ ਦੇ ਦੋਹਰੇ ਕਿਰਦਾਰ ਤੋਂ ਜਾਣੂ ਹੋ ਗਏ ਹਨ ਅਤੇ ਹੁਣ ਯਾਤਰਾ ਕਰਨ ਨਾਲ ਕੰਮ ਨਹੀਂ ਬਣੇਗਾ।
Comments
Start the conversation
Become a member of New India Abroad to start commenting.
Sign Up Now
Already have an account? Login