ਸ਼੍ਰੋਮਣੀ ਕਮੇਟੀ ਦੇ ਲਗਾਤਾਰ ਚੌਥੀ ਵਾਰ ਪ੍ਰਧਾਨ ਚੁਣੇ ਗਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਦਾ ਰਹਿਣੀ ਅਤੇ ਠਰੰਮੇ ਵਾਲੀ ਸ਼ਖ਼ਸੀਅਤ ਹਨ। ਉਹ ਪਿਛਲੇ ਲੰਮੇ ਸਮੇਂ ਤੋਂ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਨਾਲ ਜੁੜੇ ਹੋਏ ਹਨ। 1956 ਵਿਚ ਜਨਮੇ ਐਡਵੋਕੇਟ ਹਰਜਿੰਦਰ ਸਿੰਘ ਬੀਏ, ਐਲਐਲਬੀ ਪਾਸ ਹਨ ਅਤੇ ਚਾਰ ਦਹਾਕਿਆਂ ਤੋਂ ਵਕਾਲਤ ਕਰ ਰਹੇ ਹਨ। ਉਹ 1996 ਵਿਚ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ ਅਤੇ ਉਦੋਂ ਤੋਂ ਹੁਣ ਤੱਕ ਲਗਾਤਾਰ ਮੈਂਬਰ ਬਣਦੇ ਰਹੇ। ਉਹ ਧਰਮ ਪ੍ਰਚਾਰ ਦੇ ਮੈਂਬਰ ਵੀ ਰਹੇ ਅਤੇ ਅੰਤ੍ਰਿੰਗ ਮੈਂਬਰ ਵੀ ਬਣੇ। ਐਡਵੋਕੇਟ ਧਾਮੀ 2019 ਵਿਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਚੁਣੇ ਗਏ, ਜਿਸ ਮਗਰੋਂ 2020 ਵਿਚ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਦੇ ਪ੍ਰਬੰਧਕੀ ਅਹੁਦੇ ’ਤੇ ਸੇਵਾ ਨਿਭਾਈ।
ਐਡਵੋਕੇਟ ਧਾਮੀ ਨਵੰਬਰ 2021 ਵਿਚ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਅਤੇ ਹੁਣ ਇਸ ਅਹੁਦੇ ਉੱਤੇ ਲਗਾਤਾਰ ਚੌਥੀ ਵਾਰ ਚੁਣੇ ਗਏ ਹਨ। ਉਹ ਸਿੱਖ ਸਰੋਕਾਰਾਂ ਦੀ ਡੂੰਘੀ ਪਕੜ ਰੱਖਦੇ ਹਨ ਅਤੇ ਇਕ ਇਮਾਨਦਾਰ ਆਗੂ ਵਜੋਂ ਜਾਣੇ ਜਾਂਦੇ ਹਨ। ਉਹ ਸਿੱਖ ਸੰਘਰਸ਼ ਦੇ ਯੋਧਿਆਂ ਦੇ ਕੇਸਾਂ ਦੀ ਪੈਰਵਾਈ ਵੀ ਕਰਦੇ ਰਹੇ ਹਨ। ਐਡਵੋਕੇਟ ਧਾਮੀ ਦੇ ਕਾਰਜਕਾਲ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਸ਼ਾਸਕੀ ਸੇਵਾਵਾਂ ਵਿਚ ਸਿੱਖ ਨੌਜੁਆਨਾਂ ਦੀ ਸ਼ਮੂਲੀਅਤ ਲਈ ਕੋਚਿੰਗ ਸੈਂਟਰ ਸਥਾਪਤ ਕਰਨਾ, ਗੁਰਦੁਆਰਾ ਸਾਹਿਬਾਨ ਅੰਦਰ ਸਿਰੋਪਾਓ ਦੀ ਵਰਤੋਂ ਨੂੰ ਸੀਮਤ ਕਰਨਾ ਅਤੇ ਆਈਆਂ ਸ਼ਤਾਬਦੀਆਂ ਨੂੰ ਖਾਲਸਾਈ ਜਾਹੋ-ਜਲਾਲ ਨਾਲ ਮਨਾਉਣਾ ਅਹਿਮ ਕਾਰਜ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਅਗਵਾਈ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਜ਼ੋਰਦਾਰ ਅਵਾਜ਼ ਉਠਾਈ ਗਈ।
ਸ. ਕੁਲਵੰਤ ਸਿੰਘ ਮੰਨਣ ਬਣੇ ਸ਼੍ਰੋਮਣੀ ਕਮੇਟੀ ਦੇ ਆਨਰੇਰੀ ਮੁੱਖ ਸਕੱਤਰ
ਜਨਰਲ ਇਜਲਾਸ ਦੌਰਾਨ ਜਲੰਧਰ ਨਾਲ ਸਬੰਧਤ ਸ. ਕੁਲਵੰਤ ਸਿੰਘ ਮੰਨਣ ਨੂੰ ਸ਼੍ਰੋਮਣੀ ਕਮੇਟੀ ਦੇ ਆਨਰੇਰੀ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ। ਉਹ 2004 ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਹਨ ਅਤੇ ਅੰਤ੍ਰਿੰਗ ਕਮੇਟੀ ਦੇ ਮੈਂਬਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। 1960 ਵਿਚ ਸ. ਮਹਿੰਦਰ ਸਿੰਘ ਅਤੇ ਮਾਤਾ ਮਹਿੰਦਰ ਕੌਰ ਦੇ ਗ੍ਰਹਿ ਵਿਖੇ ਜਨਮੇ ਸ. ਕੁਲਵੰਤ ਸਿੰਘ ਮੰਨਣ ਧਰਮ ਪ੍ਰਚਾਰ ਲਈ ਹਮੇਸ਼ਾ ਕਾਰਜਸ਼ੀਲ ਰਹੇ ਅਤੇ ਜਲੰਧਰ ਦੀਆਂ ਸਭਾ-ਸੁਸਾਇਟੀਆਂ ਨਾਲ ਮਿਲ ਕੇ ਹਰ ਸਾਲ ਗੁਰਮਤਿ ਸਮਾਗਮ ਕਰਵਾਉਂਦੇ ਆ ਰਹੇ ਹਨ। ਆਨਰੇਰੀ ਮੁੱਖ ਸਕੱਤਰ ਚੁਣੇ ਜਾਣ ਬਾਅਦ ਉਨ੍ਹਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸਮੁੱਚੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਬੇਹੱਦ ਜ਼ੁੰਮੇਵਾਰੀ ਵਾਲੇ ਅਹੁਦੇ ’ਤੇ ਸਿੱਖ ਸੰਸਥਾ ਦੀਆਂ ਰਵਾਇਤਾਂ ਦੀ ਰੌਸ਼ਨੀ ਵਿਚ ਸੇਵਾ ਨਿਭਾਉਣ ਦੀ ਕੋਸ਼ਿਸ਼ ਕਰਨਗੇ।
Comments
Start the conversation
Become a member of New India Abroad to start commenting.
Sign Up Now
Already have an account? Login