ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਰਬਪਤੀ ਕਾਰੋਬਾਰੀ ਐਲਨ ਮਸਕ ਵਿਚਾਲੇ 'ਵਨ ਬਿੱਗ ਬਿਊਟੀਫੁੱਲ ਬਿੱਲ' ਨੂੰ ਲੈ ਕੇ ਤਿੱਖੀ ਬਹਿਸ ਜਾਰੀ ਹੈ।
ਰਿਪਬਲਿਕਨ ਪਾਰਟੀ ਨੇ ਬੁੱਧਵਾਰ ਨੂੰ ਅਮਰੀਕੀ ਸੈਨੇਟ ਵਿੱਚ ਟੈਕਸ ਅਤੇ ਖਰਚ ਨਾਲ ਜੁੜੇ ਇਸ ਅਹਿਮ ਬਿੱਲ ਨੂੰ ਪਾਸ ਕਰ ਦਿੱਤਾ। ਇਸ ਬਿੱਲ 'ਤੇ ਕਈ ਘੰਟਿਆਂ ਤੱਕ ਬਹਿਸ ਚੱਲੀ ਅਤੇ ਅਖੀਰ ਵਿੱਚ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਦੇ ਟਾਈ ਬ੍ਰੇਕਿੰਗ ਵੋਟ ਨਾਲ ਬਿੱਲ ਨੂੰ ਮਨਜ਼ੂਰੀ ਮਿਲੀ। ਹੁਣ ਇਹ ਬਿੱਲ ਹਾਊਸ ਆਫ਼ ਰਿਪ੍ਰਜ਼ੈਂਟੇਟਿਵ ਵਿੱਚ ਜਾਵੇਗਾ ਅਤੇ ਉੱਥੇ ਇਸਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸੈਨੇਟ ਵਿੱਚ ਪਾਸ ਹੋਣ ਤੋਂ ਪਹਿਲਾਂ ਹੀ ਇਹ ਬਿਲ ਟਰੰਪ ਅਤੇ ਐਲਨ ਮਸਕ ਵਿਚਕਾਰ ਤਕਰਾਰ ਦੀ ਸਭ ਤੋਂ ਵੱਡੀ ਵਜ੍ਹਾ ਬਣ ਗਿਆ। ਬੀਤੇ ਦਿਨ ਰਾਸ਼ਟਰਪਤੀ ਨੇ ਬਿੱਲ ਦਾ ਵਿਰੋਧ ਕਰ ਰਹੇ ਐਲਨ ਮਸਕ ‘ਤੇ ਤਿੱਖਾ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਮਸਕ ਨੂੰ ਮਨੁੱਖਤਾ ਦੇ ਇਤਿਹਾਸ ਵਿੱਚ ਸ਼ਾਇਦ ਕਿਸੇ ਵੀ ਹੋਰ ਵਿਅਕਤੀ ਨਾਲੋਂ ਕਿਤੇ ਵੱਧ ਸਰਕਾਰੀ ਸਬਸਿਡੀ ਮਿਲੀ ਹੈ, ਪਰ ਬਿਨਾਂ ਸਬਸਿਡੀ ਦੇ ਉਨ੍ਹਾਂ ਨੂੰ ਆਪਣੀ ਦੁਕਾਨ ਬੰਦ ਕਰਕੇ ਵਾਪਸ ਸਾਊਥ ਅਫਰੀਕਾ ਪਰਤਣਾ ਪਵੇਗਾ।
ਟਰੰਪ ਨੇ ਅੱਗੇ ਕਿਹਾ ਕਿ ਇਸ ਤੋਂ ਬਾਅਦ ਨਾ ਤਾਂ ਕੋਈ ਰਾਕੇਟ ਜਾਂ ਸੈਟੇਲਾਈਟ ਲਾਂਚ ਹੋਵੇਗਾ, ਅਤੇ ਨਾ ਹੀ ਇਲੈਕਟ੍ਰਿਕ ਕਾਰਾਂ ਦਾ ਉਤਪਾਦਨ ਹੋਵੇਗਾ ਅਤੇ ਅਸੀਂ ਬਹੁਤ ਸਾਰਾ ਪੈਸਾ ਬਚਾ ਲਵਾਂਗੇ। ਉਨ੍ਹਾਂ ਨੇ ਕਿਹਾ ਕਿ DOGE (Department of Government Expenditures) ਨੂੰ ਮਸਕ ਨੂੰ ਮਿਲ ਰਹੀਆਂ ਸਰਕਾਰੀ ਸਬਸਿਡੀਆਂ ਅਤੇ ਕੰਟਰੈਕਟਾਂ 'ਤੇ ਗੌਰ ਕਰਨਾ ਚਾਹੀਦਾ ਹੈ।
ਰਾਸ਼ਟਰਪਤੀ ਟਰੰਪ, ਜੋ ਕਿ ਇੱਕ ਸਮੇਂ ਐਲਨ ਮਸਕ ਦੇ ਸਭ ਤੋਂ ਚੰਗੇ ਦੋਸਤ ਹੋਇਆ ਕਰਦੇ ਸਨ, ਹੁਣ ਉਨ੍ਹਾਂ ਨੂੰ ਅਫਰੀਕਾ ਵਾਪਸ ਜਾਣ ਦੀ ਧਮਕੀ ਕਿਉਂ ਦੇ ਰਹੇ ਹਨ? ਆਖ਼ਰ ਮਸਕ ਦਾ ਇਹ ਅਫਰੀਕਾ ਕਨੈਕਸ਼ਨ ਕੀ ਹੈ?
ਦੱਸ ਦਈਏ ਕਿ ਐਲਨ ਮਸਕ ਦਾ ਜਨਮ ਦੱਖਣੀ ਅਫਰੀਕਾ ਦੇ ਪ੍ਰੀਟੋਰੀਆ ਸ਼ਹਿਰ ਵਿੱਚ ਹੋਇਆ ਸੀ ਅਤੇ ਇਸੇ ਆਧਾਰ 'ਤੇ ਟਰੰਪ ਨੇ ਉਨ੍ਹਾਂ ਨੂੰ ਆਪਣੀ ਜਨਮਭੂਮੀ ਵਾਪਸ ਜਾਣ ਦੀ ਚੇਤਾਵਨੀ ਦਿੱਤੀ ਹੈ। ਮਸਕ ਦੇ ਪਿਤਾ ਐਰੋਲ ਮਸਕ ਇੱਕ ਇੰਜੀਨੀਅਰ ਅਤੇ ਪ੍ਰਾਪਰਟੀ ਡੀਲਰ ਸਨ, ਜਦਕਿ ਉਨ੍ਹਾਂ ਦੀ ਮਾਂ ਮੇਅ ਮਸਕ ਦਾ ਜਨਮ ਤਾਂ ਕੈਨੇਡਾ ਵਿੱਚ ਹੋਇਆ ਸੀ, ਪਰ ਉਨ੍ਹਾਂ ਦੀ ਪੜ੍ਹਾਈ-ਲਿਖਾਈ ਦੱਖਣੀ ਅਫਰੀਕਾ ਵਿੱਚ ਹੋਈ। ਇਹ ਸਾਰਾ ਬਿਆਨ ਟਰੰਪ ਵੱਲੋਂ ਮਸਕ 'ਤੇ ਸਿਆਸੀ ਅਤੇ ਨਿੱਜੀ ਤਣਾਅ ਦਿਖਾਉਣ ਦਾ ਹਿੱਸਾ ਹੈ, ਜਿਸ ਵਿੱਚ ਉਹ ਉਨ੍ਹਾਂ ਦੀ ਮੂਲ ਪਛਾਣ ਨੂੰ ਲੈ ਕੇ ਵੀ ਹਮਲਾ ਕਰ ਰਹੇ ਹਨ।
ਅਫ਼ਰੀਕਾ ਵਿੱਚ ਅਪਾਰਹੇਡ ਦੇ ਦੌਰ ਵਿੱਚ ਜਨਮੇ ਐਲਨ ਮਸਕ ਇੱਕ ਅਮੀਰ ਪਰਿਵਾਰ ਤੋਂ ਸਨ। ਉਨ੍ਹਾਂ ਦਾ ਬਚਪਨ ਅਜਿਹੇ ਦੱਖਣੀ ਅਫ਼ਰੀਕਾ ਵਿੱਚ ਬੀਤਿਆ ਜਿੱਥੇ ਨਸਲਵਾਦੀ ਵਿਵਸਥਾ ਕਾਇਮ ਸੀ, ਜਿਸ ਵਿੱਚ ਗੋਰੇ ਲੋਕਾਂ ਨੂੰ ਵਿਸ਼ੇਸ਼ ਅਧਿਕਾਰ ਹਾਸਲ ਸਨ ਅਤੇ ਉਨ੍ਹਾਂ ਦਾ ਖੁਦ ਦਾ ਪਰਿਵਾਰ ਅਪਾਰਹੇਡ ਵਿਵਸਥਾ ਦਾ ਕੱਟੜ ਸਮਰਥਕ ਸੀ। ਮਸਕ ਨੇ ਪ੍ਰਿਟੋਰੀਆ ਵਿੱਚ ਆਪਣੀ ਸ਼ੁਰੂਆਤੀ ਪੜ੍ਹਾਈ ਪੂਰੀ ਕੀਤੀ। ਪਰ ਮਸਕ ਨੇ ਇੱਕ ਵਾਰ ਕਿਹਾ ਸੀ ਕਿ ਸਕੂਲ ਦੇ ਸਮੇਂ ਵਿੱਚ ਉਨ੍ਹਾਂ ਨੂੰ ਧੱਕੇਸ਼ਾਹੀ (ਬੁਲਿੰਗ) ਦਾ ਸਾਹਮਣਾ ਕਰਨਾ ਪਿਆ ਸੀ।
ਸਾਲ 1990 ਦੇ ਆਲੇ-ਦੁਆਲੇ 17 ਸਾਲ ਦੀ ਉਮਰ ਵਿੱਚ ਮਸਕ ਨੇ ਆਪਣੀ ਨਾਨਕੇ, ਯਾਨੀ ਕੈਨੇਡਾ ਜਾਣ ਦਾ ਫੈਸਲਾ ਕੀਤਾ। ਉਨ੍ਹਾਂ ਦੀ ਮਾਂ ਇੱਕ ਕੈਨੇਡੀਅਨ ਨਾਗਰਿਕ ਸਨ, ਇਸ ਲਈ ਇਹ ਉਨ੍ਹਾਂ ਲਈ ਕਾਫ਼ੀ ਆਸਾਨ ਵੀ ਰਿਹਾ। ਇਸ ਤੋਂ ਲਗਭਗ ਦੋ ਸਾਲ ਬਾਅਦ ਉਹ ਅਮਰੀਕਾ ਆ ਗਏ ਅਤੇ ਇੱਥੇ ਉਨ੍ਹਾਂ ਨੇ ਪੈਨਸਿਲਵੇਨੀਆ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ। ਸਾਲ 2002 ਵਿੱਚ ਉਨ੍ਹਾਂ ਨੂੰ ਅਮਰੀਕਾ ਦੀ ਨਾਗਰਿਕਤਾ ਮਿਲ ਗਈ। ਮੌਜੂਦਾ ਸਮੇਂ ਵਿੱਚ ਉਨ੍ਹਾਂ ਕੋਲ ਅਮਰੀਕਾ, ਕੈਨੇਡਾ ਅਤੇ ਦੱਖਣੀ ਅਫ਼ਰੀਕਾ ਤਿੰਨਾਂ ਦੇਸ਼ਾਂ ਦੀ ਨਾਗਰਿਕਤਾ ਹੈ।
ਦੱਖਣੀ ਅਫਰੀਕਾ ਵਿੱਚ ਜਨਮ ਹੋਣ ਦੇ ਬਾਵਜੂਦ, ਐਲਨ ਮਸਕ ਉੱਥੋਂ ਦੀਆਂ ਨੀਤੀਆਂ ਦੇ ਆਲੋਚਕ ਰਹੇ ਹਨ। ਉਹ ਦੱਖਣੀ ਅਫ਼ਰੀਕਾ ਵਿੱਚ ਗੋਰੇ ਨਾਗਰਿਕਾਂ ਦੇ ਜ਼ੁਲਮ ਦਾ ਦੋਸ਼ ਲਗਾ ਚੁੱਕੇ ਹਨ, ਇੱਥੋਂ ਤੱਕ ਕਿ ਉਨ੍ਹਾਂ ਨੇ ਗੋਰੇ ਕਿਸਾਨਾਂ ਦੇ ਕਤਲੇਆਮ ਦਾ ਦਾਅਵਾ ਵੀ ਕੀਤਾ ਸੀ। ਉਨ੍ਹਾਂ ਨੇ ਆਪਣੀ ਕੰਪਨੀ ਸਟਾਰਲਿੰਕ ਨੂੰ ਅਫਰੀਕਾ ਵਿੱਚ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਕੁਝ ਕਾਰਨਾ ਕਰਕੇ ਉਨ੍ਹਾਂ ਨੂੰ ਲਾਇਸੈਂਸ ਨਹੀਂ ਮਿਲਿਆ। ਇਸ ਤੋਂ ਬਾਅਦ, ਮਸਕ ਨੇ ਦੱਖਣੀ ਅਫਰੀਕਾ ਦੀ ਇਕਵਿਟੀ ਪਾਲਿਸੀ ਨੂੰ ਨਸਲਵਾਦੀ ਕਰਾਰ ਦਿੱਤਾ ਸੀ।
ਮਸਕ ਨੂੰ ਡਿਪੋਰਟ ਕਰਨਗੇ ਟਰੰਪ?
ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਟੈਸਲਾ ਅਤੇ ਸਪੇਸਐਕਸ ਦੇ ਸੀਈਓ ਐਲਨ ਮਸਕ ਨੂੰ ਅਮਰੀਕਾ ਤੋਂ ਡਿਪੋਰਟ ਕਰਨ ਦੀ ਸੰਭਾਵਨਾ 'ਤੇ ਵਿਚਾਰ ਕਰ ਰਹੇ ਹਨ। ਜਦੋਂ ਪੱਤਰਕਾਰਾਂ ਨੇ ਮਸਕ ਨੂੰ ਦੇਸ਼ ਤੋਂ ਕੱਢਣ ਬਾਰੇ ਪੁੱਛਿਆ, ਤਾਂ ਟਰੰਪ ਨੇ ਜਵਾਬ ਦਿੱਤਾ: “ਮੈਂ ਨਹੀਂ ਜਾਣਦਾ, ਸਾਨੂੰ ਇਸ ਬਾਰੇ ਸੋਚਣਾ ਪਵੇਗਾ।”
ਅਰਬਪਤੀ ਮਸਕ ਲਈ ਟਰੰਪ ਦੀ ਇਹ ਧਮਕੀ ਹੈਰਾਨੀਜਨਕ ਹੋ ਸਕਦੀ ਹੈ, ਪਰ ਉਨ੍ਹਾਂ ਨੂੰ ਅਮਰੀਕਾ ਤੋਂ ਡਿਪੋਰਟ ਕਰਨਾ ਇੰਨ੍ਹਾ ਆਸਾਨ ਨਹੀਂ ਹੋਵੇਗਾ। ਮਸਕ ਅਮਰੀਕਾ ਦੇ ਨਾਗਰਿਕ ਹਨ ਅਤੇ ਸੰਵਿਧਾਨਕ ਤੌਰ 'ਤੇ ਕਿਸੇ ਨੈਚੁਰਲਾਈਜ਼ਡ ਅਮਰੀਕੀ ਨਾਗਰਿਕ ਨੂੰ ਬਿਨਾਂ ਵੱਡੇ ਕਾਨੂੰਨੀ ਕਾਰਨ ਦੇ ਡਿਪੋਰਟ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ।
ਜੇਕਰ ਟਰੰਪ ਇਸ ਮਾਮਲੇ ਵਿੱਚ ਕੋਈ ਕਦਮ ਚੁੱਕਦੇ ਵੀ ਹਨ, ਤਾਂ ਇਸਨੂੰ ਪੂਰੀ ਤਰ੍ਹਾਂ ਇੱਕ ਰਾਜਨੀਤਿਕ ਫੈਸਲਾ ਮੰਨਿਆ ਜਾਵੇਗਾ। ਹਾਲਾਂਕਿ ਕਾਨੂੰਨੀ ਪੱਖੋਂ ਇਹ ਕਰਨਾ ਬਹੁਤ ਔਖਾ ਹੈ, ਕਿਉਂਕਿ ਅਮਰੀਕੀ ਸਰਕਾਰ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਐਲੋਨ ਮਸਕ ਨੇ ਗੈਰਕਾਨੂੰਨੀ ਦਸਤਾਵੇਜ਼ਾਂ ਜਾਂ ਝੂਠੀ ਜਾਣਕਾਰੀ ਦੇ ਆਧਾਰ ‘ਤੇ ਨਾਗਰਿਕਤਾ ਪ੍ਰਾਪਤ ਕੀਤੀ ਸੀ। ਮਸਕ ਨੇ ਇਸ ਤੋਂ ਪਹਿਲਾਂ ਵੀ ਇੱਕ ਕੰਪਨੀ ਨਾਲ ਹੋਏ ਵਿਵਾਦ ਦੇ ਦੌਰਾਨ ਸਾਫ਼ ਕਿਹਾ ਸੀ ਕਿ ਉਨ੍ਹਾਂ ਕੋਲ ਸਾਰੇ ਕਾਨੂੰਨੀ ਦਸਤਾਵੇਜ਼ ਮੌਜੂਦ ਹਨ।
ਟਰੰਪ ਦੀ ਮੌਜੂਦਾ ਧਮਕੀ ਦੇ ਬਾਵਜੂਦ ਮਸਕ ਦਾ ਰਵੱਈਆ ਸ਼ਾਂਤ ਬਣਿਆ ਹੋਇਆ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਉਹ ਇਸ ਵਿਵਾਦ ਨੂੰ ਹੋਰ ਵਧਾਉਣ ਵਿੱਚ ਰੁਚੀ ਨਹੀਂ ਰੱਖਦੇ। ਹਾਲਾਂਕਿ, ਉਨ੍ਹਾਂ ਦਾ ਟਰੰਪ ਵਿਰੋਧੀ ਰਵੱਈਆ ਅਜੇ ਵੀ ਕਾਇਮ ਹੈ, ਜਿਸ ਵਿੱਚ ਨਾ ਸਿਰਫ਼ ਇਸ ਬਿਲ ਦਾ ਵਿਰੋਧ ਸ਼ਾਮਲ ਹੈ, ਸਗੋਂ ਰਾਸ਼ਟਰਪਤੀ ਦੇ ਖ਼ਿਲਾਫ਼ ਵਿਰੋਧ ਅਤੇ ਇੱਕ ਨਵੀਂ ਪਾਰਟੀ ਬਣਾਉਣ ਦੀ ਚੇਤਾਵਨੀ ਵੀ ਸ਼ਾਮਲ ਹੈ।
Comments
Start the conversation
Become a member of New India Abroad to start commenting.
Sign Up Now
Already have an account? Login