ਪ੍ਰੈੱਸ ਸਕੱਤਰ ਕੈਰੋਲੀਨ ਲੀਵਿਟ / X/@WhiteHouse
ਵ੍ਹਾਈਟ ਹਾਊਸ ਨੇ “ਸੈਂਕਚੂਰੀ” ਨੀਤੀਆਂ ਦੀ ਆਲੋਚਨਾ ਹੋਰ ਤੇਜ਼ ਕਰ ਦਿੱਤੀ ਹੈ। ਪ੍ਰੈੱਸ ਸਕੱਤਰ ਕੈਰੋਲੀਨ ਲੇਵਿਟ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਸੰਘੀ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਲਈ ਰਾਜ ਅਤੇ ਸਥਾਨਕ ਅਧਿਕਾਰੀਆਂ ਤੋਂ ਮਜ਼ਬੂਤ ਸਹਿਯੋਗ ਦੀ ਮੰਗ ਕਰ ਰਹੇ ਹਨ।
ਵ੍ਹਾਈਟ ਹਾਊਸ ਦੀ ਇੱਕ ਨਿਯਮਤ ਬ੍ਰੀਫਿੰਗ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ, ਲੇਵਿਟ ਨੇ ਕਿਹਾ ਕਿ ਪ੍ਰਸ਼ਾਸਨ ਰਾਜ ਅਤੇ ਸਥਾਨਕ ਸਰਕਾਰਾਂ ਦੁਆਰਾ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ICE) ਦੇ ਵਿਰੋਧ ਨੂੰ ਜਨਤਕ ਸੁਰੱਖਿਆ ਲਈ ਸਿੱਧਾ ਖ਼ਤਰਾ ਮੰਨਦਾ ਹੈ। ਉਨ੍ਹਾਂ ਨੇ ਮਿਨੀਸੋਟਾ ਦੇ ਡੈਮੋਕਰੇਟਿਕ ਆਗੂਆਂ 'ਤੇ "ਸੰਘੀ ਇਮੀਗ੍ਰੇਸ਼ਨ ਕਾਨੂੰਨ ਦੀ ਸਰਗਰਮੀ ਨਾਲ ਉਲੰਘਣਾ ਕਰਨ" ਅਤੇ ਸੰਘੀ ਅਧਿਕਾਰੀਆਂ ਨੂੰ ਉਨ੍ਹਾਂ ਦੀ ਡਿਊਟੀ ਨਿਭਾਉਣ ਤੋਂ ਰੋਕਣ ਦੇ ਦੋਸ਼ ਲਾਏ।
ਲੇਵਿਟ ਨੇ ਦੱਸਿਆ ਕਿ ਰਾਸ਼ਟਰਪਤੀ ਟਰੰਪ ਨੇ ਦਿਨ ਦੇ ਸ਼ੁਰੂ ਵਿੱਚ ਮਿਨੀਸੋਟਾ ਦੇ ਗਵਰਨਰ ਟਿਮ ਵਾਲਜ਼ ਨਾਲ ਗੱਲ ਕੀਤੀ ਸੀ ਅਤੇ ICE ਅਤੇ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਚਕਾਰ ਸਹਿਯੋਗ ਦੇ "ਤਿੰਨ ਬਹੁਤ ਹੀ ਸਰਲ ਅਤੇ ਆਮ ਸਮਝ ਵਾਲੇ ਨੁਕਤੇ" ਰੱਖੇ ਸਨ। ਇਨ੍ਹਾਂ ਵਿੱਚ ਸਥਾਨਕ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਗਏ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਸੌਂਪਣਾ, ਅਪਰਾਧਿਕ ਰਿਕਾਰਡ ਵਾਲੇ ਲੋਕਾਂ ਨੂੰ ਸੰਘੀ ਹਿਰਾਸਤ ਵਿੱਚ ਤਬਦੀਲ ਕਰਨਾ ਅਤੇ ਸੰਘੀ ਅਧਿਕਾਰੀਆਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਕੰਮ ਕਰਨ ਦੀ ਇਜਾਜ਼ਤ ਦੇਣਾ ਸ਼ਾਮਲ ਸੀ।
ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਅਜਿਹਾ ਸਹਿਯੋਗ ਜ਼ਿਆਦਾਤਰ ਰਾਜਾਂ ਵਿੱਚ ਇੱਕ ਆਮ ਪ੍ਰਕਿਰਿਆ ਹੈ ਅਤੇ ਚੇਤਾਵਨੀ ਦਿੱਤੀ ਕਿ ਇਸ ਦੀ ਪਾਲਣਾ ਨਾ ਕਰਨ ਨਾਲ ਮਿਨੀਸੋਟਾ ਵਿੱਚ "ਕਈ ਕੀਮਤੀ ਜਾਨਾਂ ਗਈਆਂ ਹਨ।" ਲੇਵਿਟ ਦੇ ਅਨੁਸਾਰ, ਰਾਸ਼ਟਰਪਤੀ ਕਾਂਗਰਸ ਨੂੰ "ਸੈਂਕਚੂਰੀ ਸ਼ਹਿਰਾਂ ਨੂੰ ਹਮੇਸ਼ਾ ਲਈ ਖਤਮ ਕਰਨ ਲਈ ਤੁਰੰਤ ਕਾਨੂੰਨ ਪਾਸ ਕਰਨ" ਦੀ ਅਪੀਲ ਕਰ ਰਹੇ ਹਨ।
ਪ੍ਰੈਸ ਸਕੱਤਰ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕੀਆਂ ਨੂੰ ਸੰਵਿਧਾਨ ਅਧੀਨ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ, ਪਰ ਉਨ੍ਹਾਂ ਕੋਲ “ਕਾਨੂੰਨੀ ਇਮੀਗ੍ਰੇਸ਼ਨ ਕਾਰਵਾਈਆਂ ਵਿੱਚ ਰੁਕਾਵਟ ਪੈਦਾ ਕਰਨ ਜਾਂ ਉਨ੍ਹਾਂ ਨੂੰ ਅਟਕਾਉਣ ਦਾ ਕੋਈ ਸੰਵਿਧਾਨਕ ਅਧਿਕਾਰ ਨਹੀਂ।“ ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਅਪਰਾਧ ਹਨ ਅਤੇ ਸੰਘੀ ਅਧਿਕਾਰੀਆਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਂਦੀਆਂ ਹਨ।
ਲੇਵਿਟ ਨੇ ਪ੍ਰਸ਼ਾਸਨ ਦੀ ਵਿਆਪਕ ਇਮੀਗ੍ਰੇਸ਼ਨ ਰਣਨੀਤੀ ਦਾ ਵੀ ਬਚਾਅ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਟਰੰਪ "ਸਭ ਤੋਂ ਮਾੜੇ ਅਪਰਾਧਿਕ ਗੈਰ-ਕਾਨੂੰਨੀ ਵਿਦੇਸ਼ੀਆਂ" ਨੂੰ ਦੇਸ਼ ਨਿਕਾਲਾ ਦੇਣ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ICE ਨੇ ਹਾਲ ਹੀ ਦੇ ਦਿਨਾਂ ਵਿੱਚ ਕਈ ਹਿੰਸਕ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚ ਹਮਲਾ, ਘਰੇਲੂ ਹਿੰਸਾ, ਧੋਖਾਧੜੀ ਅਤੇ ਨਸ਼ੇ ਵਿੱਚ ਗੱਡੀ ਚਲਾਉਣ ਦੇ ਦੋਸ਼ੀ ਸ਼ਾਮਲ ਹਨ।
ਅਮਰੀਕਾ ਵਿੱਚ ਇਮੀਗ੍ਰੇਸ਼ਨ ਲਾਗੂ ਕਰਨ ਦਾ ਮਸਲਾ ਹਜੇ ਵੀ ਰਾਜਨੀਤਿਕ ਤੌਰ ‘ਤੇ ਬਹੁਤ ਸੰਵੇਦਨਸ਼ੀਲ ਬਣਿਆ ਹੋਇਆ ਹੈ, ਖ਼ਾਸ ਕਰਕੇ ਉਸ ਵੇਲੇ ਜਦੋਂ ਡੈਮੋਕ੍ਰੈਟਿਕ ਕਾਬੂ ਹੇਠ ਰਾਜ ਅਤੇ ਸ਼ਹਿਰ ਸੰਘੀ ਅਧਿਕਾਰ ਨੂੰ ਚੁਣੌਤੀ ਦਿੰਦੇ ਰਹਿੰਦੇ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login