ਵਾਸ਼ਿੰਗਟਨ ਡੀ.ਸੀ. ਵਿੱਚ ਅਮਰੀਕਾ 250 ਜਸ਼ਨ ਅਤੇ ਆਤਿਸ਼ਬਾਜ਼ੀ ਦਾ ਪ੍ਰਦਰਸ਼ਨ। / X@WhiteHouse
ਅਮਰੀਕਾ ਦੀ 250ਵੀਂ ਆਜ਼ਾਦੀ ਵਰ੍ਹੇਗੰਢ ਮੌਕੇ ਵਾਸ਼ਿੰਗਟਨ ਡੀ.ਸੀ. ਵਿੱਚ ਕੀਤੀ ਗਈ ਰਿਕਾਰਡ ਆਤਿਸ਼ਬਾਜ਼ੀ ਤੋਂ ਬਾਅਦ ਰਾਜਧਾਨੀ ਨੇ ਇਸ ਸਾਲ ਦੀ ਸਭ ਤੋਂ ਖ਼ਰਾਬ ਹਵਾ ਗੁਣਵੱਤਾ ਦਾ ਸਾਹਮਣਾ ਕੀਤਾ। 4 ਜੁਲਾਈ ਦੀ ਰਾਤ ਹੋਏ ਵਿਸ਼ਾਲ ਆਤਿਸ਼ਬਾਜ਼ੀ ਪ੍ਰਦਰਸ਼ਨ ਦੌਰਾਨ ਜ਼ਹਿਰੀਲੇ ਧੂੰਏਂ ਕਾਰਨ ਹਵਾ ਪ੍ਰਦੂਸ਼ਣ ਖ਼ਤਰਨਾਕ ਪੱਧਰ ਤੱਕ ਪਹੁੰਚ ਗਿਆ।
ਟਰੰਪ ਪ੍ਰਸ਼ਾਸਨ ਦੀ ਫ਼ਰੀਡਮ 250 ਸੰਸਥਾ ਵੱਲੋਂ ਨਿਯੁਕਤ ਕੰਪਨੀ ਪਾਇਰੋਟੈਕਨਿਕੋ ਨੇ ਕਰੀਬ 8 ਲੱਖ 50 ਹਜ਼ਾਰ ਆਤਿਸ਼ਬਾਜ਼ੀਆਂ ਚਲਾ ਕੇ ਵਿਸ਼ਵ ਰਿਕਾਰਡ ਬਣਾਉਣ ਦਾ ਟੀਚਾ ਰੱਖਿਆ ਸੀ। ਮਾਹਿਰਾਂ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਸਿਰਫ਼ 40 ਮਿੰਟਾਂ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਆਤਿਸ਼ਬਾਜ਼ੀ ਚਲਾਉਣ ਨਾਲ ਹਵਾ ਪ੍ਰਦੂਸ਼ਣ ਗੰਭੀਰ ਰੂਪ ਧਾਰ ਸਕਦਾ ਹੈ।
ਵਾਸ਼ਿੰਗਟਨ ਦੇ ਪ੍ਰਦੂਸ਼ਣ ਮਾਪਣ ਵਾਲੇ ਕੇਂਦਰਾਂ ਨੇ ਰਾਤ ਕਰੀਬ 8 ਵਜੇ ਤੋਂ ਹਵਾ ਵਿੱਚ ਪ੍ਰਦੂਸ਼ਣ ਵਧਣ ਦੇ ਸੰਕੇਤ ਦਰਜ ਕਰਨੇ ਸ਼ੁਰੂ ਕਰ ਦਿੱਤੇ ਸਨ। ਅੱਧੀ ਰਾਤ ਦੇ ਨੇੜੇ ਨੈਸ਼ਨਲ ਮਾਲ ਵਿੱਚ ਹੋਏ ਮੁੱਖ ਆਤਿਸ਼ਬਾਜ਼ੀ ਪ੍ਰਦਰਸ਼ਨ ਦੌਰਾਨ ਬਰੀਕ ਕਣਾਂ (ਪੀ.ਐਮ. 2.5) ਦਾ ਪੱਧਰ ਇੱਕ ਨਿਗਰਾਨੀ ਕੇਂਦਰ 'ਤੇ 200 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਵੀ ਉੱਪਰ ਪਹੁੰਚ ਗਿਆ, ਜੋ ਸਿਹਤ ਲਈ ਬਹੁਤ ਖ਼ਤਰਨਾਕ ਮੰਨਿਆ ਜਾਂਦਾ ਹੈ।
ਧੂੰਏਂ ਕਾਰਨ ਸ਼ਹਿਰ ਦੇ ਦੱਖਣੀ ਹਿੱਸੇ ਵਿੱਚ ਮੌਜੂਦ ਲੋਕਾਂ ਲਈ ਆਤਿਸ਼ਬਾਜ਼ੀ ਦੇਖਣਾ ਵੀ ਮੁਸ਼ਕਲ ਹੋ ਗਿਆ। ਹਵਾ ਦੀ ਗੁਣਵੱਤਾ ਇੰਨੀ ਖ਼ਰਾਬ ਹੋ ਗਈ ਕਿ ਵਾਸ਼ਿੰਗਟਨ, ਵਰਜੀਨੀਆ ਅਤੇ ਮੈਰੀਲੈਂਡ ਦੇ ਕਈ ਇਲਾਕਿਆਂ ਵਿੱਚ 'ਕੋਡ ਪਰਪਲ' ਚੇਤਾਵਨੀ ਜਾਰੀ ਕੀਤੀ ਗਈ, ਜਿਸਦਾ ਅਰਥ ਹੈ ਕਿ ਹਵਾ ਹਰ ਉਮਰ ਦੇ ਲੋਕਾਂ ਲਈ ਗੈਰ-ਸਿਹਤਮੰਦ ਹੈ। ਹਾਲਾਂਕਿ ਐਤਵਾਰ ਸਵੇਰੇ ਹੋਈ ਭਾਰੀ ਬਾਰਿਸ਼ ਨਾਲ ਧੂੰਆ ਕਾਫ਼ੀ ਹੱਦ ਤੱਕ ਸਾਫ਼ ਹੋ ਗਿਆ ਅਤੇ ਦੁਪਹਿਰ ਤੱਕ ਹਵਾ ਦੀ ਗੁਣਵੱਤਾ ਮੁੜ ਆਮ ਪੱਧਰ 'ਤੇ ਆ ਗਈ।
ਯੂਨੀਵਰਸਿਟੀ ਆਫ਼ ਮੈਰੀਲੈਂਡ ਦੇ ਵਾਯੂਮੰਡਲ ਵਿਗਿਆਨੀ ਰਸਲ ਡਿਕਰਸਨ ਨੇ ਕਿਹਾ ਕਿ ਗਰਜ-ਚਮਕ ਨਾਲ ਹੋਈ ਬਾਰਿਸ਼ ਕਾਰਨ ਹਾਲਾਤ ਹੋਰ ਵਿਗੜਨ ਤੋਂ ਬਚ ਗਏ। ਉਨ੍ਹਾਂ ਕਿਹਾ ਕਿ ਹਵਾ ਦੀ ਗੁਣਵੱਤਾ ਬਹੁਤ ਮਾੜੀ ਸੀ ਅਤੇ ਉਸ ਸਮੇਂ ਬਾਹਰ ਰਹਿਣਾ ਹਰ ਕਿਸੇ ਲਈ ਅਸੁਰੱਖਿਅਤ ਸੀ।
ਉੱਧਰ, ਵਾਤਾਵਰਨ ਸੁਰੱਖਿਆ ਏਜੰਸੀ (ਈ.ਪੀ.ਏ.) ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਲੋਕਾਂ ਨੇ ਅਮਰੀਕਾ ਦੇ 250 ਸਾਲ ਪੂਰੇ ਹੋਣ ਦੇ ਮੌਕੇ 'ਤੇ ਹੋਏ ਇਸ ਸ਼ਾਨਦਾਰ ਆਤਿਸ਼ਬਾਜ਼ੀ ਪ੍ਰਦਰਸ਼ਨ ਦਾ ਆਨੰਦ ਮਾਣਿਆ ਹੋਵੇਗਾ। ਦੂਜੇ ਪਾਸੇ, ਗਿਨੀਜ਼ ਵਰਲਡ ਰਿਕਾਰਡਜ਼ ਨੇ ਪੁਸ਼ਟੀ ਕੀਤੀ ਹੈ ਕਿ ਰਿਕਾਰਡ ਲਈ ਅਰਜ਼ੀ ਮਿਲ ਚੁੱਕੀ ਹੈ, ਪਰ ਸਬੂਤਾਂ ਦੀ ਪੂਰੀ ਜਾਂਚ ਤੋਂ ਬਾਅਦ ਹੀ ਇਹ ਤੈਅ ਕੀਤਾ ਜਾਵੇਗਾ ਕਿ ਨਵਾਂ ਵਿਸ਼ਵ ਰਿਕਾਰਡ ਬਣਿਆ ਹੈ ਜਾਂ ਨਹੀਂ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login