ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ / Xinhua/IANS
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਟੈਰਿਫ ਉਨ੍ਹਾਂ ਦੀ ਆਰਥਿਕ ਨੀਤੀ ਦਾ ਇੱਕ ਮੁੱਖ ਹਿੱਸਾ ਬਣੇ ਰਹਿਣਗੇ। ਇਹ ਰੁਖ ਕਈ ਦੇਸ਼ਾਂ ਨਾਲ ਵਪਾਰਕ ਸਬੰਧਾਂ ਨੂੰ ਗੁੰਝਲਦਾਰ ਬਣਾ ਸਕਦਾ ਹੈ ਕਿਉਂਕਿ ਵਾਸ਼ਿੰਗਟਨ ਕੰਪਨੀਆਂ 'ਤੇ ਮੈਨੂਫੈਕਚਰਿੰਗ (ਉਤਪਾਦਨ) ਨੂੰ ਅਮਰੀਕਾ ਵਿੱਚ ਲਿਆਉਣ ਲਈ ਦਬਾਅ ਪਾ ਰਿਹਾ ਹੈ।
ਦੇਸ਼ ਲਈ ਆਪਣੇ ਸਾਲਾਨਾ ਸੰਬੋਧਨ ਦੌਰਾਨ ਟਰੰਪ ਨੇ ਵਾਰ–ਵਾਰ ਟੈਰਿਫ਼ਾਂ ਨੂੰ ਨਿਵੇਸ਼, ਫੈਕਟਰੀਆਂ ਦੀ ਉਸਾਰੀ ਅਤੇ ਰੋਜ਼ਗਾਰ ਵਾਧੇ ਦਾ ਕਾਰਨ ਦੱਸਿਆ। ਉਨ੍ਹਾਂ ਨੇ ਆਯਾਤ ਡਿਊਟੀ ਨੂੰ ਇੱਕ ਅਸਥਾਈ ਗੱਲਬਾਤ ਦੀ ਰਣਨੀਤੀ ਦੀ ਬਜਾਏ ਵਿਸ਼ਵ ਵਪਾਰ ਨੂੰ ਨਵਾਂ ਰੂਪ ਦੇਣ ਲਈ ਇੱਕ ਸਥਾਈ ਸਾਧਨ ਵਜੋਂ ਪੇਸ਼ ਕੀਤਾ। ਟਰੰਪ ਨੇ ਕਿਹਾ, “ਇਸ ਕਾਮਯਾਬੀ ਦਾ ਵੱਡਾ ਹਿੱਸਾ ਟੈਰਿਫ਼ਾਂ ਕਰਕੇ ਸੰਭਵ ਹੋਇਆ ਹੈ।” ਉਨ੍ਹਾਂ ਨੇ ਟੈਰਿਫ਼ਾਂ ਨੂੰ ਆਪਣਾ “ਸਭ ਤੋਂ ਪਸੰਦੀਦਾ ਸ਼ਬਦ” ਕਰਾਰ ਦਿੰਦਿਆਂ ਦਲੀਲ ਦਿੱਤੀ ਕਿ ਕੰਪਨੀਆਂ ਰਿਕਾਰਡ ਗਿਣਤੀ ਵਿੱਚ ਅਮਰੀਕਾ ਵਾਪਸ ਆ ਰਹੀਆਂ ਹਨ, ਕਿਉਂਕਿ ਦੇਸ਼ ਦੇ ਅੰਦਰ ਬਣੀਆਂ ਚੀਜ਼ਾਂ 'ਤੇ ਕੋਈ ਆਯਾਤ ਡਿਊਟੀ ਨਹੀਂ ਲੱਗਦੀ।
ਟਰੰਪ ਨੇ ਕਿਹਾ ਕਿ ਟੈਰਿਫ਼ਾਂ ਦੀ ਬਦੌਲਤ ਹੀ ਅਮਰੀਕਾ ਵਿੱਚ ਰਿਕਾਰਡ ਤੋੜ 18 ਟ੍ਰਿਲੀਅਨ ਡਾਲਰ ਦਾ ਨਿਵੇਸ਼ ਆਇਆ ਹੈ। ਉਨ੍ਹਾਂ ਨੇ ਇਸ ਨਿਵੇਸ਼ ਨੂੰ ਸਿੱਧੇ ਤੌਰ 'ਤੇ ਵਪਾਰਕ ਰੁਕਾਵਟਾਂ ਨਾਲ ਜੋੜਿਆ ਜੋ ਘਰੇਲੂ ਉਤਪਾਦਨ ਨੂੰ ਉਤਸ਼ਾਹਿਤ ਕਰਦੀਆਂ ਹਨ ਅਤੇ ਆਯਾਤ 'ਤੇ ਜੁਰਮਾਨਾ (ਟੈਕਸ) ਲਗਾਉਂਦੀਆਂ ਹਨ।
ਟਰੰਪ ਨੇ ਕਿਹਾ, “ਜੇ ਉਹ ਅਮਰੀਕਾ ਵਿੱਚ ਨਿਰਮਾਣ ਕਰਦੇ ਹਨ, ਤਾਂ ਕੋਈ ਟੈਰਿਫ਼ ਨਹੀਂ।” ਉਨ੍ਹਾਂ ਦਾ ਤਰਕ ਸੀ ਕਿ ਕਈ ਦਹਾਕਿਆਂ ਤੋਂ ਚੱਲ ਰਹੀਆਂ ਵਪਾਰਕ ਨੀਤੀਆਂ, ਜਿਨ੍ਹਾਂ ਨਾਲ ਅਮਰੀਕੀ ਉਦਯੋਗ ਦੀ ਕੀਮਤ ’ਤੇ ਵਿਦੇਸ਼ੀ ਨਿਰਯਾਤਕਾਂ ਨੂੰ ਲਾਭ ਮਿਲਦਾ ਸੀ, ਹੁਣ ਖਤਮ ਹੋ ਚੁੱਕੀਆਂ ਹਨ। ਇਨ੍ਹਾਂ ਬਿਆਨਾਂ ਨਾਲ ਇਹ ਉਮੀਦ ਹੋਰ ਮਜ਼ਬੂਤ ਹੋ ਗਈ ਹੈ ਕਿ ਆਯਾਤ ਦੀ ਜਾਂਚ ਹੋਰ ਤੇਜ਼ ਹੋ ਜਾਵੇਗੀ, ਜਿਸ ਵਿੱਚ ਭਾਰਤ ਵਰਗੇ ਵੱਡੇ ਵਪਾਰਕ ਸਾਥੀ ਵੀ ਸ਼ਾਮਲ ਹਨ। ਅਮਰੀਕਾ ਨੂੰ ਭਾਰਤ ਤੋਂ ਨਿਰਯਾਤ ਹੋਣ ਵਾਲੀਆਂ ਵਸਤੂਆਂ ਵਿੱਚ ਦਵਾਈਆਂ, ਸਟੀਲ, ਐਲੂਮੀਨੀਅਮ, ਆਟੋ ਪਾਰਟਸ, ਰਸਾਇਣ, ਟੈਕਸਟਾਈਲ ਅਤੇ ਸੂਚਨਾ ਤਕਨਾਲੋਜੀ ਹਾਰਡਵੇਅਰ ਸ਼ਾਮਲ ਹਨ।
ਭਾਰਤੀ ਕੰਪਨੀਆਂ ਲਈ ਇਹ ਸੁਨੇਹਾ ਸਾਫ਼ ਹੈ, ਜਾਂ ਤਾਂ ਵਧੇ ਹੋਏ ਵਪਾਰਕ ਖਰਚੇ ਸਹਿਣ ਜਾਂ ਅਮਰੀਕਾ ਦੇ ਅੰਦਰ ਹੀ ਉਤਪਾਦਨ ਅਤੇ ਅਸੈਂਬਲੀ ਕਾਰਜਾਂ ਨੂੰ ਵਧਾਇਆ ਜਾਵੇ।
ਟਰੰਪ ਨੇ ਟੈਰਿਫ਼ਾਂ ਨੂੰ ਸਿਰਫ਼ ਉਦਯੋਗਕ ਨੀਤੀ ਦਾ ਹਥਿਆਰ ਹੀ ਨਹੀਂ, ਸਗੋਂ ਆਮਦਨ ਦਾ ਸਰੋਤ ਵੀ ਦੱਸਿਆ। ਉਨ੍ਹਾਂ ਕਿਹਾ ਕਿ ਟੈਰਿਫਾਂ ਤੋਂ ਹੋਣ ਵਾਲੀ ਕਮਾਈ ਨੇ ਟੈਕਸ ਕਟੌਤੀਆਂ ਅਤੇ ਹੋਰ ਖਰਚਿਆਂ ਲਈ ਫੰਡ ਜੁਟਾਉਣ ਵਿੱਚ ਮਦਦ ਕੀਤੀ ਹੈ, ਜਿਸ ਵਿੱਚ ਅਮਰੀਕੀ ਫੌਜੀ ਕਰਮਚਾਰੀਆਂ ਲਈ ਹਾਲ ਹੀ ਵਿੱਚ ਘੋਸ਼ਿਤ ਕੀਤਾ ਗਿਆ "ਵਾਰੀਅਰ ਡਿਵੀਡੈਂਡ" ਭੁਗਤਾਨ ਵੀ ਸ਼ਾਮਲ ਹੈ। ਉਨ੍ਹਾਂ ਕਿਹਾ, “ਅਸੀਂ ਟੈਰਿਫ਼ਾਂ ਕਰਕੇ ਉਮੀਦ ਨਾਲੋ ਕਈ ਗੁਣਾ ਵੱਧ ਪੈਸਾ ਕਮਾਇਆ।” ਇਸ ਨਾਲ ਪ੍ਰਸ਼ਾਸਨ ਦੇ ਉਸ ਵਿਚਾਰ ਨੂੰ ਹੌਂਸਲਾ ਮਿਲਿਆ ਕਿ ਵਪਾਰਕ ਡਿਊਟੀ ਦੇਸ਼ ਦੀਆਂ ਵਿੱਤੀ ਤਰਜੀਹਾਂ ਦਾ ਸਮਰਥਨ ਕਰ ਸਕਦੀ ਹੈ।
ਪਿਛਲੇ ਕੁਝ ਸਾਲਾਂ ਵਿੱਚ ਭਾਰਤ ਅਤੇ ਅਮਰੀਕਾ ਨੇ ਰੱਖਿਆ, ਤਕਨਾਲੋਜੀ ਅਤੇ ਅਹਿਮ ਸਪਲਾਈ ਚੇਨਾਂ ਵਿੱਚ ਸਹਿਯੋਗ ਵਧਾਇਆ ਹੈ, ਪਰ ਵਪਾਰ ਦੋਵਾਂ ਦੇ ਰਿਸ਼ਤਿਆਂ ਦਾ ਸਭ ਤੋਂ ਸੰਵੇਦਨਸ਼ੀਲ ਪੱਖ ਬਣਿਆ ਰਹਿਆ ਹੈ। ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਸਾਥੀ ਹੈ ਅਤੇ ਅਮਰੀਕੀ ਅਧਿਕਾਰੀਆਂ ਨੇ ਭਾਰਤ ਨੂੰ ਸਪਲਾਈ ਚੇਨਾਂ ਵਿੱਚ ਵਿਭਿੰਨਤਾ ਲਿਆਉਣ ਅਤੇ ਆਰਥਿਕ ਕੇਂਦਰੀਕਰਨ ਦੇ ਜੋਖਮਾਂ ਨੂੰ ਘਟਾਉਣ ਵਿੱਚ ਇੱਕ ਪ੍ਰਮੁੱਖ ਭਾਈਵਾਲ ਵਜੋਂ ਦੱਸਿਆ ਹੈ। ਉਥੇ ਹੀ ਟਰੰਪ ਦੀਆਂ ਟਿੱਪਣੀਆਂ ਸੁਝਾਅ ਦਿੰਦੀਆਂ ਹਨ ਕਿ ਟੈਰਿਫ ਦੇ ਪੱਧਰ ਭਵਿੱਖ ਦੀ ਕਿਸੇ ਵੀ ਗੱਲਬਾਤ ਵਿੱਚ ਇੱਕ ਕੇਂਦਰੀ ਮੁੱਦਾ ਬਣੇ ਰਹਿਣਗੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login