ਨਿਊ ਜਰਸੀ ਦੇ ਸੇਕੌਕਸ 'ਚ ਰਹਿਣ ਵਾਲੇ ਇੱਕ 51 ਸਾਲਾ ਭਾਰਤੀ ਮੂਲ ਦੇ ਡਾਕਟਰ ਰਿਤੇਸ਼ ਕਾਲਰਾ 'ਤੇ ਬਿਨ੍ਹਾ ਜਾਇਜ਼ ਡਾਕਟਰੀ ਉਦੇਸ਼ ਦੇ ਓਪੀਓਇਡ ਵੰਡਣ, ਨੁਸਖਿਆਂ ਦੇ ਬਦਲੇ ਮਰੀਜ਼ਾਂ ਤੋਂ ਜਿਨਸੀ ਸਹਿਯੋਗ ਮੰਗਣ ਅਤੇ ਰਾਜ ਦੀ ਮੈਡੀਕੇਡ ਸਕੀਮ ਨਾਲ ਧੋਖਾਧੜੀ ਕਰਨ ਦੇ ਦੋਸ਼ ਲਗਾਏ ਗਏ ਹਨ। ਇਹ ਦੋਸ਼ 18 ਜੁਲਾਈ ਨੂੰ ਅਮਰੀਕਾ ਦੇ ਨਿਊ ਜਰਸੀ ਜ਼ਿਲ੍ਹੇ ਦੀ ਅਟਾਰਨੀ ਐਲੀਨਾ ਹਾਬਾ ਵੱਲੋਂ ਘੋਸ਼ਿਤ ਕੀਤੇ ਗਏ।
ਫੇਅਰ ਲੌਨ ਵਿੱਚ ਪ੍ਰੈਕਟਿਸ ਕਰਦੇ ਇੰਟਰਨਿਸਟ ਕਾਲਰਾ ਨੂੰ ਪੰਜ ਗੰਭੀਰ ਦੋਸ਼ਾਂ ਹੇਠ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਸ ਨੂੰ ਨਿਊਯਾਰਕ ਦੀ ਫੈਡਰਲ ਅਦਾਲਤ ਵਿੱਚ ਯੂ.ਐੱਸ. ਮੈਜਿਸਟ੍ਰੇਟ ਜੱਜ ਆਂਦਰੇ ਐੱਮ. ਐਸਪਿਨੋਸਾ ਸਾਹਮਣੇ ਪੇਸ਼ ਕੀਤਾ ਗਿਆ। ਉਸ ਨੂੰ $100,000 ਦੇ ਅਸੁਰੱਖਿਅਤ ਬਾਂਡ ਨਾਲ ਘਰ ਵਿੱਚ ਨਜ਼ਰਬੰਦ ਰੱਖਣ ਲਈ ਕਿਹਾ ਗਿਆ ਹੈ। ਡਾਕਟਰੀ ਅਭਿਆਸ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਕੇਸ ਦੇ ਫੈਸਲੇ ਤੱਕ ਉਹਨਾਂ ਦਾ ਕਲੀਨਿਕ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਅਟਾਰਨੀ ਹਾਬਾ ਨੇ ਕਿਹਾ: “ਡਾਕਟਰ ਦੀ ਇੱਕ ਗੰਭੀਰ ਜ਼ਿੰਮੇਵਾਰੀ ਹੁੰਦੀ ਹੈ ਪਰ ਦੋਸ਼ਾਂ ਅਨੁਸਾਰ ਡਾ. ਕਾਲਰਾ ਨੇ ਇਸ ਅਹੁਦੇ ਦੀ ਵਰਤੋਂ ਨਸ਼ੇ ਨੂੰ ਵਧਾਉਣ, ਜਿਨਸੀ ਤੌਰ 'ਤੇ ਕਮਜ਼ੋਰ ਮਰੀਜ਼ਾਂ ਦਾ ਸ਼ੋਸ਼ਣ ਕਰਨ ਅਤੇ ਨਿਊ ਜਰਸੀ ਦੇ ਸਿਹਤ ਸੰਭਾਲ ਪ੍ਰੋਗਰਾਮ ਨਾਲ ਧੋਖਾਧੜੀ ਕਰਨ ਲਈ ਕੀਤੀ।” ਹਾਬਾ ਨੇ ਕਿਹਾ ਕਿ ਇਸ ਤਰ੍ਹਾਂ ਉਸ ਨੇ ਨਾ ਸਿਰਫ ਕਾਨੂੰਨ ਦੀ ਉਲੰਘਣਾ ਕੀਤੀ ਬਲਕਿ ਜਾਨਾਂ ਵੀ ਖਤਰੇ ਵਿੱਚ ਪਾਈਆਂ।”
ਜਨਵਰੀ 2019 ਅਤੇ ਫਰਵਰੀ 2025 ਦੇ ਵਿਚਕਾਰ, ਕਾਲਰਾ 'ਤੇ ਬਿਨਾਂ ਕਿਸੇ ਜਾਇਜ਼ ਡਾਕਟਰੀ ਲੋੜ ਦੇ ਆਕਸੀਕੋਡੋਨ ਲਈ 31,000 ਤੋਂ ਵੱਧ ਨੁਸਖ਼ੇ ਲਿਖਣ ਦਾ ਦੋਸ਼ ਹੈ। ਇਸ ਕੇਸ ਵਿੱਚ, ਪ੍ਰੋਸੀਕਿਊਟਰਾਂ ਦਾ ਕਹਿਣਾ ਹੈ ਕਿ ਕਈ ਸਾਬਕਾ ਸਟਾਫ ਮੈਂਬਰਾਂ ਨੇ ਜਿਨਸੀ ਦੁਰਵਿਹਾਰ ਸਬੰਧੀ ਮਰੀਜ਼ਾਂ ਦੀਆਂ ਸ਼ਿਕਾਇਤਾਂ ਦੀ ਰਿਪੋਰਟ ਦਿੱਤੀ, ਜਿਸ ਵਿੱਚ ਓਰਲ ਸੈਕਸ ਦੀਆਂ ਮੰਗਾਂ ਅਤੇ ਕਲੀਨਿਕਲ ਮੁਲਾਕਾਤਾਂ ਦੌਰਾਨ ਬਲਾਤਕਾਰ ਦੇ ਦੋਸ਼ ਸ਼ਾਮਲ ਹਨ। ਇੱਕ ਮਰੀਜ਼ ਨੇ ਦੱਸਿਆ ਕਿ ਉਸ ਨਾਲ ਕਈ ਵਾਰ ਜਿਨਸੀ ਸ਼ੋਸ਼ਣ ਹੋਇਆ। ਇੱਕ ਹੋਰ ਮਰੀਜ਼ ਨੂੰ ਕਥਿਤ ਤੌਰ 'ਤੇ ਜੇਲ੍ਹ ਵਿੱਚ ਰਹਿੰਦਿਆਂ ਨੁਸਖ਼ੇ ਪ੍ਰਾਪਤ ਹੋਏ, ਭਾਵੇਂ ਉਸ ਸਮੇਂ ਦੌਰਾਨ ਕਾਲਰਾ ਨਾਲ ਉਸ ਦਾ ਕੋਈ ਸੰਪਰਕ ਨਹੀਂ ਸੀ। ਅਥਾਰਟੀਆਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਕਾਲਰਾ ਨੇ ਮੈਡੀਕੇਡ ਨੂੰ ਝੂਠੇ ਦਾਅਵੇ ਪੇਸ਼ ਕੀਤੇ, ਜਿਨ੍ਹਾਂ ਵਿੱਚ ਉਹ ਅਜਿਹੀਆਂ ਮੁਲਾਕਾਤਾਂ ਅਤੇ ਥੈਰੇਪੀ ਸ਼ੈਸ਼ਨਾਂ ਦੀ ਬਿਲਿੰਗ ਕਰਦਾ ਸੀ ਜੋ ਕਦੇ ਹੋਈਆਂ ਹੀ ਨਹੀਂ।
ਐਫਬੀਆਈ ਦੀ ਵਿਸ਼ੇਸ਼ ਏਜੰਟ ਸਟੈਫਨੀ ਰੌਡੀ ਨੇ ਕਿਹਾ, “ਜਦੋਂ ਅਸੀਂ ਡਾਕਟਰਾਂ ਕੋਲ ਇਲਾਜ ਲੈਣ ਜਾਂਦੇ ਹਾਂ, ਤਾਂ ਅਸੀਂ ਮੰਨਦੇ ਹਾਂ ਕਿ ਉਹ ਸਾਡੀ ਭਲਾਈ ਚਾਹੁੰਦੇ ਹੋਣਗੇ। ਇਹ ਜਾਂਚ ਦਿਖਾਉਂਦੀ ਹੈ ਕਿ ਡਾ. ਕਾਲਰਾ ਨੇ ਆਪਣੇ ਮਰੀਜ਼ਾਂ ਦੀ ਦੇਖਭਾਲ ਵਿੱਚ ਰੁਚੀ ਨਹੀਂ ਦਿਖਾਈ। ਉਸ ਨੇ ਮਰੀਜ਼ਾਂ ਦੀ ਵਰਤੋਂ ਸਿਰਫ਼ ਆਪਣੇ ਜਿਨਸੀ ਸੰਤੁਸ਼ਟੀ ਲਈ ਕੀਤੀ ਅਤੇ ਨਿਊ ਜਰਸੀ ਦੀ ਸਰਕਾਰ ਨੂੰ ਧੋਖਾ ਦਿੱਤਾ ਹੈ।”
ਗੈਰਕਾਨੂੰਨੀ ਓਪੀਓਇਡ ਵੰਡ ਦੇ ਹਰੇਕ ਦੋਸ਼ ਲਈ ਵੱਧ ਤੋਂ ਵੱਧ 20 ਸਾਲ ਦੀ ਕੈਦ ਅਤੇ $10 ਲੱਖ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ। ਹੈਲਥ ਕੇਅਰ ਧੋਖਾਧੜੀ ਦੇ ਹਰ ਇੱਕ ਦੋਸ਼ ਲਈ 10 ਸਾਲ ਤੱਕ ਦੀ ਕੈਦ ਅਤੇ $250,000 ਦਾ ਜੁਰਮਾਨਾ ਜਾਂ ਅਪਰਾਧ ਨਾਲ ਹੋਏ ਨਫੇ-ਨੁਕਸਾਨ ਤੋਂ ਦੋ ਗੁਣਾ ਜੁਰਮਾਨਾ ਹੋ ਸਕਦਾ ਹੈ।
Comments
Start the conversation
Become a member of New India Abroad to start commenting.
Sign Up Now
Already have an account? Login