ADVERTISEMENT

ADVERTISEMENT

ਰੋ ਖੰਨਾ ਨੇ 2028 ਦੀ ਰਾਸ਼ਟਰਪਤੀ ਚੋਣ ਲੜਨ ਦੀ ਸੰਭਾਵਨਾ 'ਤੇ ਦਿੱਤੀ ਪ੍ਰਤੀਕਿਰਿਆ

ਵਰਤਮਾਨ ਵਿੱਚ, ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਜ਼ਮ ਅਤੇ ਸਾਬਕਾ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੂੰ 2028 ਦੀ ਰਾਸ਼ਟਰਪਤੀ ਦੌੜ ਲਈ ਸਭ ਤੋਂ ਮਜ਼ਬੂਤ ਡੈਮੋਕਰੇਟਿਕ ਦਾਅਵੇਦਾਰ ਮੰਨਿਆ ਜਾ ਰਿਹਾ ਹੈ

ਅਮਰੀਕੀ ਪ੍ਰਤੀਨਿਧੀ ਰੋ ਖੰਨਾ / Ro Khanna website

ਅਮਰੀਕੀ ਪ੍ਰਤੀਨਿਧੀ ਰੋ ਖੰਨਾ ਨੇ 8 ਅਪ੍ਰੈਲ ਨੂੰ ਨਿਊਯਾਰਕ ਵਿੱਚ 'ਨੈਸ਼ਨਲ ਐਕਸ਼ਨ ਨੈੱਟਵਰਕ' ਦੇ ਸਾਲਾਨਾ ਸੰਮੇਲਨ ਦੌਰਾਨ ਨਾਗਰਿਕ ਅਧਿਕਾਰ ਨੇਤਾ ਅਲ ਸ਼ਾਰਪਟਨ ਨਾਲ ਗੱਲਬਾਤ ਕਰਦਿਆਂ 2028 ਦੀ ਰਾਸ਼ਟਰਪਤੀ ਚੋਣ ਲੜਨ ਦੀ ਸੰਭਾਵਨਾ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ।

ਜਦੋਂ ਸ਼ਾਰਪਟਨ ਨੇ ਖੰਨਾ ਨੂੰ ਪੁੱਛਿਆ ਕਿ ਕੀ ਉਹ ਰਾਸ਼ਟਰਪਤੀ ਚੋਣ ਲੜਨ ਬਾਰੇ ਵਿਚਾਰ ਕਰ ਰਹੇ ਹਨ, ਤਾਂ ਖੰਨਾ ਨੇ ਹਾਸੇ-ਮਜ਼ਾਕ ਵਿੱਚ ਜਵਾਬ ਦਿੱਤਾ, "ਕੀ ਤੁਸੀਂ ਮੇਰੇ ਰਨਿੰਗ ਮੇਟ (ਉਪ-ਰਾਸ਼ਟਰਪਤੀ ਉਮੀਦਵਾਰ) ਬਣੋਗੇ?" ਹਲਕੇ-ਫੁਲਕੇ ਮਜ਼ਾਕ ਨਾਲ ਸ਼ੁਰੂ ਹੋਇਆ ਇਹ ਜਵਾਬ ਜਲਦੀ ਹੀ ਗੰਭੀਰ ਰੂਪ ਧਾਰਨ ਕਰ ਗਿਆ। ਖੰਨਾ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਇਹ ਯਕੀਨੀ ਬਣਾਉਣਾ ਹੈ ਕਿ ਅਮਰੀਕੀ ਪ੍ਰਤੀਨਿਧੀ ਸਭਾ ਦੇ ਮੌਜੂਦਾ ਘੱਟ ਗਿਣਤੀ ਨੇਤਾ-ਹਾਕੀਮ ਜੈਫਰੀਜ਼, ਸਦਨ ਦੇ ਸਪੀਕਰ ਵਜੋਂ ਸਹੁੰ ਚੁੱਕਣ। ਇਸ ਦੇ ਨਾਲ ਹੀ ਉਨ੍ਹਾਂ ਨੇ ਦੋ ਕਾਰਨਾਂ ਕਰਕੇ ਰਾਸ਼ਟਰਪਤੀ ਚੋਣ ਲੜਨ ਦੀ ਸੰਭਾਵਨਾ ਨੂੰ ਸਵੀਕਾਰ ਕੀਤਾ।

1. ਆਰਥਿਕ ਦ੍ਰਿਸ਼ਟੀਕੋਣ

ਆਪਣੀ ਦਾਅਵੇਦਾਰੀ ਦੀ ਸੰਭਾਵਨਾ ਬਾਰੇ ਦੱਸਦਿਆਂ ਉਨ੍ਹਾਂ ਕਿਹਾ, “ਮੈਂ ਆਰਥਿਕ ਭਵਿੱਖ ਦੀ ਨੁਮਾਇੰਦਗੀ ਕਰਦਾ ਹਾਂ, ਅਤੇ ਮੇਰੇ ਕੋਲ ਇੱਕ ਸਪੱਸ਼ਟ ਰੋਡਮੈਪ ਹੈ ਕਿ ਅਸੀਂ ਕਿਵੇਂ ਯਕੀਨੀ ਬਣਾਵਾਂਗੇ ਕਿ ਇਸ ਦੇਸ਼ ਦੇ ਹਰ ਹਿੱਸੇ ਦੀ ਭਵਿੱਖ ਵਿੱਚ ਆਰਥਿਕ ਹਿੱਸੇਦਾਰੀ ਹੋਵੇ।”

ਉਨ੍ਹਾਂ ਆਪਣੀ ਯੋਜਨਾ ਦਾ ਵੇਰਵਾ ਦਿੰਦੇ ਹੋਏ ਅੱਗੇ ਕਿਹਾ, “ਚਾਹੇ ਉਹ ਕਾਮਿਆਂ ਦੀ ਬਰਾਬਰ ਦੀ ਹਿੱਸੇਦਾਰੀ ਹੋਵੇ, ਚਾਹੇ 'ਬਲੈਕ ਸਾਊਥ' (ਦੱਖਣੀ ਅਮਰੀਕਾ ਦੇ ਅਫਰੀਕੀ-ਅਮਰੀਕੀ ਇਲਾਕੇ) ਨੂੰ AI ਕ੍ਰਾਂਤੀ ਦਾ ਹਿੱਸਾ ਬਣਾਉਣਾ ਹੋਵੇ, ਜਾਂ ਇਹ ਯਕੀਨੀ ਬਣਾਉਣਾ ਹੋਵੇ ਕਿ ਪਰਿਵਾਰਾਂ ਕੋਲ ਸਿਹਤ ਸੰਭਾਲ ਅਤੇ ਬੱਚਿਆਂ ਦੀ ਦੇਖਭਾਲ ਦੇ ਨਾਲ ਅਸਲ ਆਰਥਿਕ ਸੁਤੰਤਰਤਾ ਹੋਵੇ। ਮੇਰੇ ਕੋਲ ਇੱਕ ਵਿਆਪਕ ਆਰਥਿਕ ਦ੍ਰਿਸ਼ਟੀਕੋਣ ਹੈ ਅਤੇ ਮੇਰਾ ਮੰਨਣਾ ਹੈ ਕਿ ਲੋਕਾਂ ਨੂੰ ਇੱਕ ਆਰਥਿਕ ਵਿਜ਼ਨ ਦੀ ਲੋੜ ਹੈ।”

2. ਬਸਤੀਵਾਦੀ ਮਾਡਲ ਦਾ ਵਿਰੋਧ

ਦੂਜੇ ਕਾਰਨ ਵਜੋਂ ਖੰਨਾ ਨੇ ਆਪਣੀਆਂ ਜੜ੍ਹਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ, “ਮੈਂ ਆਪਣੇ ਦਾਦਾ ਜੀ ਕਾਰਨ ਮੁੱਢਲੇ ਤੌਰ 'ਤੇ ਇਹ ਮੰਨਦਾ ਹਾਂ ਕਿ ਸਾਨੂੰ ਦੁਨੀਆ ਦੇ ਬਸਤੀਵਾਦੀ ਮਾਡਲ ਤੋਂ ਅੱਗੇ ਵਧਣ ਦੀ ਲੋੜ ਹੈ।” ਖੰਨਾ ਨੇ ਪਹਿਲਾਂ ਵੀ ਟਰੰਪ 'ਤੇ ਬਸਤੀਵਾਦ ਦੇ ਦੋਸ਼ ਲਗਾਏ ਹਨ ਅਤੇ ਸੋਸ਼ਲ ਮੀਡੀਆ 'ਤੇ ਕਿਹਾ ਸੀ, “ਅਮਰੀਕਾ ਆਪਣੀ ਸਭ ਤੋਂ ਵਧੀਆ ਸਥਿਤੀ ਵਿੱਚ ਮੁਕਤੀ ਦੀਆਂ ਜੰਗਾਂ ਲੜਦਾ ਹੈ, ਨਾ ਕਿ ਕਬਜ਼ੇ ਦੀਆਂ। ਅਸੀਂ ਬਸਤੀਵਾਦ ਵਿੱਚ ਸ਼ਾਮਲ ਕੋਈ ਰੋਮਨ ਜਾਂ ਬ੍ਰਿਟਿਸ਼ ਸਾਮਰਾਜ ਨਹੀਂ ਹਾਂ। ਅਸੀਂ ਨਾਜ਼ੀਵਾਦ ਅਤੇ ਤਾਨਾਸ਼ਾਹੀ ਕਮਿਊਨਿਜ਼ਮ ਨੂੰ ਹਰਾਇਆ ਹੈ। ਟਰੰਪ ਸਾਡੀਆਂ ਕਦਰਾਂ-ਕੀਮਤਾਂ ਨਾਲ ਧੋਖਾ ਕਰ ਰਹੇ ਹਨ।”

ਰੋ ਖੰਨਾ, ਜੋ 2017 ਤੋਂ ਸਿਲੀਕਾਨ ਵੈਲੀ (ਕੈਲੀਫੋਰਨੀਆ ਦੇ 17ਵੇਂ ਜ਼ਿਲ੍ਹੇ) ਦੀ ਨੁਮਾਇੰਦਗੀ ਕਰਨ ਵਾਲੇ ਇੱਕ ਡੈਮੋਕਰੇਟਿਕ ਕਾਂਗਰਸਮੈਨ ਹਨ, ਇੱਕ ਪ੍ਰਮੁੱਖ ਪ੍ਰਗਤੀਸ਼ੀਲ ਆਵਾਜ਼ ਹਨ। ਉਹ ਆਰਥਿਕ ਦੇਸ਼ਭਗਤੀ, ਅਮਰੀਕੀ ਮੈਨੂਫੈਕਚਰਿੰਗ ਨੂੰ ਬਹਾਲ ਕਰਨ, ਬੇਅੰਤ ਜੰਗਾਂ ਨੂੰ ਖਤਮ ਕਰਨ ਅਤੇ 'ਮੈਡੀਕੇਅਰ ਫਾਰ ਆਲ' (ਸਭ ਲਈ ਸਿਹਤ ਸੰਭਾਲ) ਵਰਗੀਆਂ ਨੀਤੀਆਂ ਦੀ ਵਕਾਲਤ ਕਰਨ ਲਈ ਜਾਣੇ ਜਾਂਦੇ ਹਨ।

ਵਰਤਮਾਨ ਵਿੱਚ, ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਜ਼ਮ ਅਤੇ ਸਾਬਕਾ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੂੰ 2028 ਦੀ ਰਾਸ਼ਟਰਪਤੀ ਦੌੜ ਲਈ ਸਭ ਤੋਂ ਮਜ਼ਬੂਤ ਡੈਮੋਕਰੇਟਿਕ ਦਾਅਵੇਦਾਰ ਮੰਨਿਆ ਜਾ ਰਿਹਾ ਹੈ, ਹਾਲਾਂਕਿ ਕਿਸੇ ਨੇ ਵੀ ਅਧਿਕਾਰਤ ਤੌਰ 'ਤੇ ਐਲਾਨ ਨਹੀਂ ਕੀਤਾ ਹੈ। ਰੋ ਖੰਨਾ ਤੋਂ ਇਲਾਵਾ ਮਿਸ਼ੀਗਨ ਦੀ ਗਵਰਨਰ ਗ੍ਰੇਚੇਨ ਵਿਟਮਰ ਅਤੇ ਪੈਨਸਿਲਵੇਨੀਆ ਦੇ ਗਵਰਨਰ ਜੋਸ਼ ਸ਼ਾਪੀਰੋ ਨੇ ਵੀ ਇਸ ਚੋਣ ਲਈ ਸੰਭਾਵਨਾਵਾਂ ਖੁੱਲ੍ਹੀਆਂ ਰੱਖੀਆਂ ਹਨ।

Comments

Related

To continue...

Already have an account? Log in

Create your free account or log in