ਪ੍ਰਸਿੱਧ ਲੋਕਧਾਰਾ ਅਤੇ ਭਾਸ਼ਾ ਵਿਗਿਆਨੀ ਡਾ. ਰਣਜੀਤ ਸਿੰਘ ਬਾਜਵਾ ਨਹੀਂ ਰਹੇ / Courtesy
ਪੰਜਾਬੀ ਲੋਕਧਾਰਾ, ਭਾਸ਼ਾ ਵਿਗਿਆਨ ਅਤੇ ਸਾਹਿਤ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਵਿਦਵਾਨ ਡਾ. ਰਣਜੀਤ ਸਿੰਘ ਬਾਜਵਾ ਦੇ ਅਕਾਲ ਚਲਾਣੇ ਨਾਲ ਅਕਾਦਮਿਕ ਅਤੇ ਸਾਹਿਤਕ ਜਗਤ ਸਣੇ ਉਹਨਾਂ ਦੇ ਸਨੇਹੀਆਂ ਵਿੱਚ ਡੂੰਘੇ ਦੁੱਖ ਦੀ ਲਹਿਰ ਹੈ। ਉਨ੍ਹਾਂ ਦਾ ਦੇਹਾਂਤ ਇੱਕ ਅਜਿਹੇ ਬੌਧਿਕ ਯੁੱਗ ਦੇ ਅੰਤ ਵਜੋਂ ਦੇਖਿਆ ਜਾ ਰਿਹਾ ਹੈ, ਜਿਸਨੇ ਪੰਜਾਬੀ ਲੋਕ-ਵਿਰਾਸਤ ਨੂੰ ਵਿਗਿਆਨਕ ਅਤੇ ਆਲੋਚਨਾਤਮਕ ਦ੍ਰਿਸ਼ਟੀਕੋਣ ਨਾਲ ਨਵੀਂ ਪਛਾਣ ਬਖ਼ਸ਼ੀ।
ਡਾ. ਰਣਜੀਤ ਸਿੰਘ ਬਾਜਵਾ ਨੇ ਸਿੱਖ ਨੈਸ਼ਨਲ ਕਾਲਜ, ਕਾਦੀਆਂ ਤੋਂ ਬੀ.ਏ. ਕਰਕੇ ਮਾਸਟਰ ਡਿਗਰੀ ਹਾਸਲ ਕਰਨ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਦਾਖਲਾ ਲਿਆ। ਉਨ੍ਹਾਂ ਨੇ ਪ੍ਰਸਿੱਧ ਅੰਤਰਰਾਸ਼ਟਰੀ ਖਿਆਤੀ ਪ੍ਰਾਪਤ ਵਿਦਵਾਨ ਡਾ. ਹਰਜੀਤ ਸਿੰਘ ਗਿੱਲ ਦੀ ਨਿਗਰਾਨੀ ਹੇਠ “Semiotics Around Birth Ceremonies of Punjab” ਵਿਸ਼ੇ ‘ਤੇ ਆਪਣਾ ਪੀਐਚ.ਡੀ. ਖੋਜ-ਕਾਰਜ ਸਫਲਤਾਪੂਰਵਕ ਪੂਰਾ ਕੀਤਾ।
ਉਨ੍ਹਾਂ ਨੇ ਆਪਣੇ ਅਧਿਆਪਨ ਜੀਵਨ ਦੀ ਸ਼ੁਰੂਆਤ ਮਹਿੰਦਰਾ ਕਾਲਜ, ਪਟਿਆਲਾ ਤੋਂ ਕੀਤੀ ਅਤੇ ਵਰ੍ਹਾ 1986 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਵਿੱਚ ਬਤੌਰ ਰੀਡਰ ਨਿਯੁਕਤ ਹੋਏ। ਆਪਣੀ ਵਿਦਵਤਾ ਅਤੇ ਖੋਜਕਾਰੀ ਯੋਗਤਾ ਦੇ ਆਧਾਰ ‘ਤੇ ਉਹ ਪ੍ਰੋਫੈਸਰ ਅਤੇ ਵਿਭਾਗ ਮੁਖੀ ਦੇ ਅਹੁਦਿਆਂ ‘ਤੇ ਵੀ ਸੇਵਾ ਨਿਭਾਉਂਦੇ ਰਹੇ। ਉਨ੍ਹਾਂ ਦੀ ਅਕਾਦਮਿਕ ਪਹੁੰਚ ਸਿਰਫ਼ ਦੇਸ਼ ਤੱਕ ਸੀਮਿਤ ਨਹੀਂ ਰਹੀ, ਸਗੋਂ ਉਹ ਏਸ਼ੀਆ, ਯੂਰਪ, ਉੱਤਰੀ ਅਮਰੀਕਾ ਅਤੇ ਅਫ਼ਰੀਕਾ ਦੀਆਂ ਪ੍ਰਮੁੱਖ ਵਿਦਿਅਕ ਸੰਸਥਾਵਾਂ ਵਿੱਚ ਲੋਕਧਾਰਾ ਅਤੇ ਭਾਸ਼ਾ ਵਿਗਿਆਨ ਨਾਲ ਸੰਬੰਧਿਤ ਖੋਜ-ਪੱਤਰ ਪੇਸ਼ ਕਰਦੇ ਰਹੇ। ਇਸ ਤਰ੍ਹਾਂ ਉਨ੍ਹਾਂ ਨੇ ਪੰਜਾਬੀ ਅਧਿਐਨ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਜ਼ਬੂਤੀ ਨਾਲ ਸਥਾਪਿਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ।
ਸੇਵਾ-ਮੁਕਤੀ ਤੋਂ ਬਾਅਦ ਵੀ ਉਹ ਸਿੱਖਿਆ ਅਤੇ ਪ੍ਰਸ਼ਾਸਨ ਨਾਲ ਜੁੜੇ ਰਹੇ ਅਤੇ ਸਾਲ 2007 ਤੋਂ ਤਿੰਨ ਸਾਲਾਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ-ਚੇਅਰਮੈਨ ਵਜੋਂ ਸੇਵਾ ਨਿਭਾਈ। ਉਨ੍ਹਾਂ ਦੀ ਰਹਿਨੁਮਾਈ ਹੇਠ ਅਨੇਕਾਂ ਵਿਦਿਆਰਥੀਆਂ ਨੇ ਐੱਮ.ਫਿਲ ਅਤੇ ਪੀਐਚ.ਡੀ. ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਅਤੇ ਅੱਜ ਵੱਖ-ਵੱਖ ਸੰਸਥਾਵਾਂ ਵਿੱਚ ਉੱਚ ਅਹੁਦਿਆਂ ‘ਤੇ ਸੇਵਾ ਕਰ ਰਹੇ ਹਨ।
ਡਾ. ਬਾਜਵਾ ਨੇ ਲੋਕਧਾਰਾ ਨੂੰ ਸਿਰਫ਼ ਇਕੱਠਾ ਕਰਨ ਤੱਕ ਸੀਮਿਤ ਨਹੀਂ ਰੱਖਿਆ, ਸਗੋਂ ਉਸਦੀ ਦਾਰਸ਼ਨਿਕ, ਸਮਾਜਿਕ ਅਤੇ ਚਿੰਨ੍ਹ-ਵਿਗਿਆਨਕ ਵਿਆਖਿਆ ਕਰਕੇ ਇਸ ਵਿਸ਼ੇ ਨੂੰ ਨਵੀਂ ਦਿਸ਼ਾ ਦਿੱਤੀ। ਉਨ੍ਹਾਂ ਦਾ ਖੋਜ-ਕਾਰਜ ਪੰਜਾਬੀ ਲੋਕ-ਸੰਸਕ੍ਰਿਤੀ ਨੂੰ ਸਮਝਣ ਲਈ ਅਹਿਮ ਮਾਪਦੰਡ ਵਜੋਂ ਮੰਨਿਆ ਜਾਂਦਾ ਹੈ। ਲੋਕਧਾਰਾ ਦੇ ਨਾਲ-ਨਾਲ ਉਨ੍ਹਾਂ ਨੇ ਫ਼ਿਲਮ ਅਧਿਐਨ ਦੇ ਖੇਤਰ ਵਿੱਚ ਵੀ ਦਾਖ਼ਲਾ ਕੀਤਾ ਅਤੇ 2022 ਵਿੱਚ ਪ੍ਰਕਾਸ਼ਿਤ ਆਪਣੀ ਕਿਤਾਬ “Semiotics of Films and Fantasies” ਰਾਹੀਂ ਆਧੁਨਿਕ ਮੀਡੀਆ ਅਧਿਐਨ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ।
ਡਾ. ਰਣਜੀਤ ਸਿੰਘ ਬਾਜਵਾ ਦੇ ਦੇਹਾਂਤ ‘ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਕਰਮਜੀਤ ਸਿੰਘ ਸਣੇ ਇੰਡੀਆ ਅਬਰੌਡ ਅਤੇ ਪੰਜਾਬ ਪੋਸਟ ਦੇ ਐਡੀਟਰ-ਇਨ-ਚੀਫ਼ ਡਾ. ਸੁਖਪਾਲ ਸਿੰਘ ਧਨੋਆ, ਡਾ. ਕੁਲਦੀਪ ਸਿੰਘ, ਡਾ. ਹਰਜਿੰਦਰ ਸਿੰਘ ਅਸਟ੍ਰੇਲੀਆ, ਡਾ. ਬਲਬੀਰ ਸਿੰਘ, ਡਾ. ਵਿਕਰਮ ਸਿੰਘ ਵਿਰਕ, ਡਾ. ਐਨ.ਪੀ. ਸਿੰਘ ਸਮੇਤ ਕਈ ਹੋਰ ਪ੍ਰਮੁੱਖ ਵਿਦਵਾਨਾਂ, ਅਧਿਆਪਕਾਂ ਅਤੇ ਸਮਾਜਿਕ ਹਸਤੀਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਡਾ. ਰਣਜੀਤ ਸਿੰਘ ਬਾਜਵਾ ਦਾ ਜੀਵਨ ਅਤੇ ਕਿਰਤ ਪੰਜਾਬੀ ਲੋਕਧਾਰਾ ਅਤੇ ਭਾਸ਼ਾ ਵਿਗਿਆਨ ਲਈ ਇੱਕ ਅਮਰ ਧਰੋਹਰ ਵਜੋਂ ਯਾਦ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਬੌਧਿਕ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਬਣੀ ਰਹੇਗੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login