ADVERTISEMENT

ADVERTISEMENT

ਰਾਜਾ ਕ੍ਰਿਸ਼ਨਾਮੂਰਤੀ ਵੱਲੋਂ ਟਰੰਪ ਦੀਆਂ 'ਐਮਰਜੈਂਸੀ' ਚੋਣ ਸ਼ਕਤੀਆਂ ਨੂੰ ਰੋਕਣ ਦੀ ਕੋਸ਼ਿਸ਼

ਕ੍ਰਿਸ਼ਨਾਮੂਰਤੀ ਨੇ ਦਲੀਲ ਦਿੱਤੀ ਹੈ ਕਿ ਰਾਸ਼ਟਰਪਤੀ ਸੰਵਿਧਾਨ ਨੂੰ ਨਜ਼ਰਅੰਦਾਜ਼ ਕਰਕੇ ਅਮਰੀਕੀ ਚੋਣਾਂ 'ਤੇ ਕੰਟਰੋਲ ਹਾਸਲ ਨਹੀਂ ਕਰ ਸਕਦੇ

 ਰਾਜਾ ਕ੍ਰਿਸ਼ਨਾਮੂਰਤੀ  ਰਾਜਾ ਕ੍ਰਿਸ਼ਨਾਮੂਰਤੀ / X/@CongressmanRaja

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੋਣਾਂ 'ਤੇ ਕੰਟਰੋਲ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਦੀਆਂ ਖ਼ਬਰਾਂ ਦੇ ਵਿਚਕਾਰ, ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਇਸ ਸਥਿਤੀ ਨਾਲ ਨਜਿੱਠਣ ਲਈ ਵਿਧਾਨਿਕ ਕਦਮ ਚੁੱਕਦਿਆਂ 'ਫ੍ਰੀ ਇਲੈਕਸ਼ਨ ਐਕਟ' ਪੇਸ਼ ਕਰਨ ਦਾ ਐਲਾਨ ਕੀਤਾ ਹੈ।

'ਵਾਸ਼ਿੰਗਟਨ ਪੋਸਟ' ਦੀ ਰਿਪੋਰਟ ਅਨੁਸਾਰ, ਟਰੰਪ ਦੇ ਸਹਿਯੋਗੀ ਇੱਕ 17 ਪੰਨਿਆਂ ਦਾ ਕਾਰਜਕਾਰੀ ਆਦੇਸ਼ ਤਿਆਰ ਕਰ ਰਹੇ ਹਨ। ਇਸ ਦੇ ਤਹਿਤ ਰਾਸ਼ਟਰਪਤੀ ਵਿਦੇਸ਼ੀ ਦਖਲਅੰਦਾਜ਼ੀ ਦਾ ਹਵਾਲਾ ਦੇ ਕੇ 'ਰਾਸ਼ਟਰੀ ਐਮਰਜੈਂਸੀ' ਦਾ ਐਲਾਨ ਕਰ ਸਕਦੇ ਹਨ।

ਦੋਸ਼ ਹੈ ਕਿ ਇਸ ਆਦੇਸ਼ ਰਾਹੀਂ ਟਰੰਪ ਨਵੰਬਰ ਦੀਆਂ ਮੱਧਕਾਲੀ ਚੋਣਾਂ ਵਿੱਚ ਮੇਲ-ਇਨ ਬੈਲਟ (ਡਾਕ ਰਾਹੀਂ ਵੋਟਾਂ) ਅਤੇ ਕੁਝ ਖਾਸ ਵੋਟਿੰਗ ਮਸ਼ੀਨਾਂ 'ਤੇ ਪਾਬੰਦੀ ਲਗਾਉਣ ਵਰਗੀਆਂ ਅਸਧਾਰਨ ਸ਼ਕਤੀਆਂ ਹਾਸਲ ਕਰ ਸਕਦੇ ਹਨ।

ਸੰਸਦ ਮੈਂਬਰ ਕ੍ਰਿਸ਼ਨਾਮੂਰਤੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਸਪੱਸ਼ਟ ਕੀਤਾ ਕਿ ਰਾਸ਼ਟਰਪਤੀ ਸੰਵਿਧਾਨ ਨੂੰ ਨਜ਼ਰਅੰਦਾਜ਼ ਕਰਕੇ ਅਮਰੀਕੀ ਚੋਣਾਂ 'ਤੇ ਕਬਜ਼ਾ ਕਰਨ ਲਈ 'ਐਮਰਜੈਂਸੀ' ਦਾ ਐਲਾਨ ਨਹੀਂ ਕਰ ਸਕਦੇ। ਕ੍ਰਿਸ਼ਨਾਮੂਰਤੀ ਨੇ ਕਿਹਾ, "ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਸ਼ਕਤੀਆਂ ਦੀ ਵੰਡ ਇਸੇ ਲਈ ਕੀਤੀ ਸੀ ਤਾਂ ਜੋ ਕੋਈ ਵੀ ਇਕੱਲਾ ਵਿਅਕਤੀ ਸਿਆਸੀ ਫਾਇਦੇ ਲਈ ਵੋਟਿੰਗ ਦੇ ਨਿਯਮਾਂ ਨਾਲ ਛੇੜਛਾੜ ਨਾ ਕਰ ਸਕੇ। ਸੁਤੰਤਰ ਅਤੇ ਨਿਰਪੱਖ ਚੋਣਾਂ ਸਾਡੇ ਲੋਕਤੰਤਰ ਦੀ ਬੁਨਿਆਦ ਹਨ।"

ਰਾਜਾ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਉਨ੍ਹਾਂ ਦਾ ਨਵਾਂ ਬਿੱਲ ਇਹ ਯਕੀਨੀ ਬਣਾਏਗਾ ਕਿ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਚੋਣ ਨਿਯਮਾਂ ਨੂੰ ਦੁਬਾਰਾ ਲਿਖਣ ਜਾਂ ਅਮਰੀਕੀ ਜਨਤਾ ਦੀ ਇੱਛਾ ਨੂੰ ਦਬਾਉਣ ਲਈ ਨਾ ਕੀਤੀ ਜਾ ਸਕੇ।

ਹਾਲਾਂਕਿ ਟਰੰਪ ਪ੍ਰਸ਼ਾਸਨ ਵੱਲੋਂ ਅਜੇ ਤੱਕ ਅਜਿਹੇ ਕਿਸੇ ਆਦੇਸ਼ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ, ਪਰ ਵਿਰੋਧੀ ਧਿਰ ਨੇ ਪਹਿਲਾਂ ਹੀ ਕਾਨੂੰਨੀ ਮੋਰਚਾਬੰਦੀ ਸ਼ੁਰੂ ਕਰ ਦਿੱਤੀ ਹੈ।

Comments

Leave A Comment

Required fields are marked (*).

Related

Talk to us?