ADVERTISEMENT

ADVERTISEMENT

ਦਿੱਲੀ ਗੁਰਦੁਆਰਾ ਕਮੇਟੀ ਦੇ ਵਿਰੋਧੀ ਆਗੂਆਂ ਨੇ ਕਾਲਕਾ ਤੋਂ ਪੁੱਛੇ ਸਵਾਲ 

ਬਿਨਾ ਤਥਾਂ ਦੇ ਭਟਕਾਉਣ ’ਤੇ ਦਿੱਤੀ ਚੇਤਾਵਨੀ

ਨਵੀਂ ਦਿੱਲੀ (2 ਜੂਨ, 2025) - ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਉੱਤੇ 400 ਕਰੋੜ ਰੁਪਏ ਦੇ ਕਰਜ਼ੇ ਕਾਰਨ ਕੌਮ ਦੀ ਸੰਪਤੀਆਂ ਦੀ ਨੀਲਾਮੀ ਪ੍ਰਕਿਰਿਆ ਦੀ ਸ਼ੁਰੂਆਤ ਦੇ ਸੰਦਰਭ ਵਿੱਚ ਦਿੱਲੀ ਕਮੇਟੀ ਵਲੋਂ ਅੱਜ ਕਰਵਾਈ ਗਈ ਪ੍ਰੈਸ ਕਾਨਫਰੰਸ ’ਤੇ ਸਾਬਕਾ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀ.ਕੇ. ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਦੋਹਾਂ ਆਗੂਆਂ ਨੇ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਉੱਤੇ ਬਿਨਾ ਕਿਸੇ ਤੱਥ ਦੇ ਕੌਮ ਨੂੰ ਭਟਕਾਉਣ ਦੇ ਆਰੋਪ ਲਾਏ ਹਨ।

ਉਕਤ ਆਗੂਆਂ ਨੇ ਕਾਲਕਾ ਨੂੰ ਚੇਤਾਵਨੀ ਦਿੱਤੀ ਕਿ ਉਹ ਵਿਰੋਧੀ ਆਗੂਆਂ ਬਾਰੇ ਸੋਚ-ਸਮਝ ਕੇ ਬੋਲੇ ਅਤੇ ਇਹ ਸਵਾਲ ਪੁੱਛਿਆ ਕਿ ਜੇਕਰ ਕਮੇਟੀ ਕੌਮ ਦੀਆਂ ਸੰਪਤੀਆਂ ਦੀ ਕੀਮਤ ਲਗਵਾਉਣ ਲਈ ਤਿਆਰ ਨਹੀਂ ਸੀ ਤਾਂ ਫਿਰ ਕਮੇਟੀ ਦੇ ਵਕੀਲਾਂ ਨੇ ਦਿੱਲੀ ਹਾਈਕੋਰਟ ਵਿੱਚ ਕਮੇਟੀ ਪ੍ਰਧਾਨ ਅਤੇ ਸਕੱਤਰ ਦੀ ਹਾਜਰੀ ਵਿੱਚ ਮੁਲਾਂਕਣ ਕਰਤਾ ਦੀ ਨਿਯੁਕਤੀ ਦੌਰਾਨ ਉਸਨੂੰ ਸਹਿਯੋਗ ਦੇਣ ਦਾ ਭਰੋਸਾ ਕਿਉਂ ਦਿੱਤਾ ਸੀ?

ਕਾਲਕਾ ਇਹ ਵੀ ਦੱਸਣ ਕਿ ਜਦੋਂ ਕੌਮ ਦੀ ਸੰਪਤੀ ਦੀ ਕੀਮਤ ਨਿਰਧਾਰਤ ਨਹੀਂ ਕਰਵਾਉਣੀ ਸੀ ਤਾਂ ਦਿੱਲੀ ਕਮੇਟੀ ਦੇ ਸੰਪਤੀ ਵਿਭਾਗ ਨੇ ਕੌਮ ਦੀ ਸੰਪਤੀ ਦੀ ਲਿਸਟ ਹਾਈਕੋਰਟ ਨੂੰ ਕਿਉਂ ਸੌਂਪੀ ਸੀ?

ਜੀ.ਕੇ. ਨੇ ਦਾਅਵਾ ਕੀਤਾ ਕਿ ਕਰੋਲ ਬਾਗ ਦੀ ਕਥਿਤ ਸੰਪਤੀ ਵੇਚਣ ਦੇ ਆਰੋਪ ਲਗਾਉਣ ਵਾਲੇ ਪ੍ਰਧਾਨ ਅਤੇ ਸਕੱਤਰ ਇਹ ਕਿਉਂ ਭੁੱਲ ਜਾਂਦੇ ਹਨ ਕਿ ਇਸੇ ਝੂਠ ਬੋਲਣ ਦੇ ਮਾਮਲੇ ਵਿੱਚ ਉਹ ਪਹਿਲਾਂ ਹੀ ਜਮਾਨਤ ’ਤੇ ਹਨ ਅਤੇ ਅਦਾਲਤ ਵੱਲੋਂ ਝੂਠ ਬੋਲਣ ਦੀ ਸਜ਼ਾ ਮਿਲਣੀ ਵੀ ਤੈਅ ਹੈ।

Comments

Related