ਕੇਂਦਰੀ ਮੰਤਰੀ ਪਿਯੂਸ਼ ਗੋਇਲ / Piyush Goyal/@Youtube
ਭਾਰਤ ਅਮਰੀਕਾ ਵਪਾਰ ਸਮਝੌਤੇ ਬਾਰੇ ਪਿਯੂਸ਼ ਗੋਇਲ ਨੇ ਕਿਹਾ ਕਿ ਭਾਰਤ ਲੋਂਗ ਟਰਮ ਸੋਚ ਨਾਲ ਪ੍ਰੇਰਿਤ ਹੈ ਅਤੇ ਕਦੇ ਵੀ ਜਲਦੀ ਜਾਂ ਦਬਾਅ ਹੇਠ ਫੈਸਲੇ ਨਹੀਂ ਲੈਂਦਾ। ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਸੰਯੁਕਤ ਰਾਜ ਅਮਰੀਕਾ ਨਾਲ ਕੋਈ ਵਪਾਰਕ ਸਮਝੌਤਾ ਦਬਾਅ ਹੇਠ ਸਾਈਨ ਨਹੀਂ ਕਰੇਗਾ ਅਤੇ ਇਹ ਸਪਸ਼ਟ ਕੀਤਾ ਕਿ ਚੱਲ ਰਹੀਆਂ ਵਪਾਰਕ ਗੱਲਬਾਤਾਂ ਦੇ ਦਰਮਿਆਨ ਭਾਰਤ ਕਿਵੇਂ ਅੱਗੇ ਵਧੇਗਾ।
ਇੱਕ ਅਧਿਕਾਰਤ ਦੌਰੇ ਦੌਰਾਨ ਬਰਲਿਨ ਗਲੋਬਲ ਡਾਇਲਾਗ ਵਿੱਚ ਬੋਲਦਿਆਂ, ਪਿਯੂਸ਼ ਗੋਇਲ ਨੇ ਕਿਹਾ, "ਅਸੀਂ ਯਕੀਨਨ ਸੰਯੁਕਤ ਰਾਜ ਅਮਰੀਕਾ ਨਾਲ ਗੱਲ ਕਰ ਰਹੇ ਹਾਂ, ਪਰ ਅਸੀਂ ਕਾਹਲੀ ਵਿੱਚ ਸੌਦੇ ਨਹੀਂ ਕਰਦੇ ਅਤੇ ਅਸੀਂ 'ਬੰਦੂਕ ਦੀ ਨੋਕ 'ਤੇ ਸੌਦੇ ਨਹੀਂ ਕਰਦੇ।" ਗੋਇਲ ਨੇ ਕਿਹਾ, “ਭਾਰਤ ਲੰਬੇ ਸਮੇਂ ਲਈ ਸੋਚਦਾ ਹੈ, ਭਾਰਤ ਕਦੇ ਵੀ ਜਲਦੀ ਜਾਂ ਸਮੇਂ ਦੇ ਦਬਾਅ ਹੇਠ ਫੈਸਲੇ ਨਹੀਂ ਲੈਂਦਾ। ਜੇ ਸਾਡੇ ਉੱਤੇ ਟੈਰਿਫ਼ ਲੱਗਿਆ ਹੈ, ਤਾਂ ਅਸੀਂ ਦੇਖ ਰਹੇ ਹਾਂ ਕਿ ਅਸੀਂ ਇਸ ਨਾਲ ਕਿਵੇਂ ਨਿਪਟਣਾ ਹੈ। ਅਸੀਂ ਨਵੇਂ ਬਾਜ਼ਾਰਾਂ ਵੱਲ ਦੇਖ ਰਹੇ ਹਾਂ, ਅਸੀਂ ਭਾਰਤੀ ਅਰਥਵਿਵਸਥਾ ਦੇ ਅੰਦਰ ਮੰਗ ਨੂੰ ਮਜ਼ਬੂਤ ਕਰਨ ਵੱਲ ਦੇਖ ਰਹੇ ਹਾਂ।”
ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਭਾਰਤ ਅਤੇ ਅਮਰੀਕਾ ਇੱਕ ਲੰਬੇ ਸਮੇਂ ਤੋਂ ਰੁਕੀ ਵਪਾਰ ਸਹਿਮਤੀ ਨੂੰ ਮੁੜ ਜ਼ਿੰਦਾ ਕਰਨ ਲਈ ਗੱਲਬਾਤ ਕਰ ਰਹੇ ਹਨ, ਜਿਸ ਦਾ ਉਦੇਸ਼ ਅਮਰੀਕਾ ਦੇ ਉੱਚ ਟੈਰਿਫਾਂ ਨੂੰ ਘਟਾਉਣਾ ਹੈ। ਇਸ ਵੇਲੇ, ਅਮਰੀਕਾ ਵੱਲੋਂ ਭਾਰਤੀ ਉਤਪਾਦਾਂ ’ਤੇ 50% ਤੱਕ ਦੇ ਟੈਰਿਫ਼ ਲੱਗੇ ਹੋਏ ਹਨ, ਜਿਸ ਵਿੱਚ 25% ਵਾਧੂ ਟੈਰਿਫ ਰੂਸ ਤੋਂ ਤੇਲ ਦੀ ਖਰੀਦ ਜਾਰੀ ਰੱਖਣ ਕਾਰਨ ਜੋੜਿਆ ਗਿਆ ਹੈ। ਗੋਇਲ ਨੇ ਇਹ ਵੀ ਸਵਾਲ ਕੀਤਾ ਕਿ ਭਾਰਤ ਨੂੰ ਰੂਸ ਨਾਲ ਉਸਦੇ ਤੇਲ ਦੇ ਸੌਦਿਆਂ ਨੂੰ ਲੈ ਕੇ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਦੋਂ ਕਿ ਯੂਰਪੀ ਦੇਸ਼ਾਂ ਨੂੰ ਚੁੱਪ-ਚਾਪ ਛੋਟ ਮਿਲ ਰਹੀ ਹੈ।
ਇਸੇ ਸਮੇਂ ਅਮਰੀਕਾ, ਯੂਰਪੀ ਯੂਨੀਅਨ ਅਤੇ ਬ੍ਰਿਟੇਨ ਭਾਰਤ ਉੱਤੇ ਦਬਾਅ ਪਾ ਰਹੇ ਹਨ ਕਿ ਉਹ ਰੂਸੀ ਤੇਲ ਦੀਆਂ ਛੂਟ ਵਾਲੀਆਂ ਖਰੀਦਾਂ ਘਟਾਏ, ਕਿਉਂਕਿ ਉਹ ਕਹਿੰਦੇ ਹਨ ਕਿ ਇਹ ਵਪਾਰ ਮਾਸਕੋ ਦੇ ਯੂਕਰੇਨ ਵਿੱਚ ਚੱਲ ਰਹੇ ਯੁੱਧ ਨੂੰ ਫੰਡ ਦੇਣ ਵਿੱਚ ਮਦਦ ਕਰਦਾ ਹੈ।
ਪਿਯੂਸ਼ ਗੋਇਲ ਦੀ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਬਾਰਾ ਦਾਅਵਾ ਕੀਤਾ ਕਿ ਭਾਰਤ ਨੇ ਰੂਸੀ ਤੇਲ ਦੀਆਂ ਖਰੀਦਾਂ ਨੂੰ ਘਟਾਉਣ ਲਈ ਸਹਿਮਤੀ ਦਿੱਤੀ ਹੈ। ਟਰੰਪ ਨੇ ਭਾਰਤ ਬਾਰੇ ਕਿਹਾ ਸੀ, “ਉਹ ਹੁਣ ਰੂਸ ਤੋਂ ਜ਼ਿਆਦਾ ਤੇਲ ਨਹੀਂ ਖਰੀਦੇਗਾ। ਉਹ ਚਾਹੁੰਦਾ ਹੈ ਕਿ ਰੂਸ ਅਤੇ ਯੂਕਰੇਨ ਦੇ ਵਿਚਕਾਰ ਜੰਗ ਖਤਮ ਹੋਵੇ, ਬਿਲਕੁਲ ਮੇਰੀ ਤਰ੍ਹਾਂ। ਉਨ੍ਹਾਂ ਨੇ ਇਸਨੂੰ ਕਾਫ਼ੀ ਘਟਾ ਦਿੱਤਾ ਹੈ ਅਤੇ ਹੋਰ ਵੀ ਘਟਾ ਰਹੇ ਹਨ।” ਟਰੰਪ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਇਹ ਵੀ ਇਸ਼ਾਰਾ ਦਿੱਤਾ ਕਿ ਦੋਵੇਂ ਦੇਸ਼ “ਕੁਝ ਸਮਝੌਤਿਆਂ ’ਤੇ ਕੰਮ ਕਰ ਰਹੇ ਹਨ।”
ਹਾਲਾਂਕਿ, ਭਾਰਤ ਨੇ ਦੋਵਾਂ ਨੇਤਾਵਾਂ ਵਿਚਕਾਰ ਕਿਸੇ ਹਾਲੀਆ ਗੱਲਬਾਤ ਤੋਂ ਇਨਕਾਰ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਹਫਤਾਵਾਰੀ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ, “ਮੈਂ ਦੋਵੇਂ ਨੇਤਾਵਾਂ ਵਿਚਕਾਰ ਕਿਸੇ ਗੱਲਬਾਤ ਤੋਂ ਜਾਣੂ ਨਹੀਂ ਹਾਂ।”
ਗੋਇਲ ਨੇ 'ਪੱਛਮੀ ਦੋਹਰੇ ਮਾਪਦੰਡਾਂ' 'ਤੇ ਵੀ ਸਵਾਲ ਚੁੱਕਿਆ, ਜਿੱਥੇ ਯੂਰਪੀ ਸਹਿਯੋਗੀਆਂ ਨੂੰ ਆਮ ਤੌਰ 'ਤੇ ਅਮਰੀਕਾ ਅਤੇ ਯੂਰਪੀ ਸੰਘ (EU) ਦੀਆਂ ਪਾਬੰਦੀਆਂ ਦੇ ਤਹਿਤ ਲਚਕਤਾ ਦਿੱਤੀ ਜਾਂਦੀ ਹੈ, ਜਦੋਂ ਕਿ ਭਾਰਤ ਵਰਗੇ ਗੈਰ-ਪੱਛਮੀ ਭਾਈਵਾਲਾਂ ਨੂੰ ਆਪਣੀ ਰਣਨੀਤਕ ਖੁਦਮੁਖਤਿਆਰੀ (strategic autonomy) ਨੂੰ ਘਟਾਉਣ ਲਈ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਪਾਬੰਦੀਆਂ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ, ਨਵੀਂ ਦਿੱਲੀ ਨੇ ਲਗਾਤਾਰ ਰੂਸੀ ਤੇਲ ਖਰੀਦਣ ਦੇ ਆਪਣੇ ਫੈਸਲੇ ਦਾ ਇਹ ਦਲੀਲ ਦਿੰਦੇ ਹੋਏ ਬਚਾਅ ਕੀਤਾ ਹੈ ਕਿ ਉਹ ਅਜਿਹਾ ਪੂਰੀ ਤਰ੍ਹਾਂ ਆਰਥਿਕ ਆਧਾਰਾਂ 'ਤੇ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਕਰਦਾ ਹੈ।
ਕਈ ਵਾਰ ਤਣਾਅ ਦੇ ਬਾਵਜੂਦ, ਕਿਹਾ ਜਾਂਦਾ ਹੈ ਕਿ ਦੋਵੇਂ ਧਿਰਾਂ ਵਪਾਰਕ ਗੱਲਬਾਤ 'ਤੇ ਤਰੱਕੀ ਕਰ ਰਹੀਆਂ ਹਨ। ਇਸ ਦੌਰਾਨ ਟੀਚਾ 2030 ਤੱਕ ਦੁਵੱਲੇ ਵਪਾਰ ਨੂੰ $500 ਬਿਲੀਅਨ ਤੱਕ ਵਧਾਉਣਾ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ, ਸੰਯੁਕਤ ਰਾਜ ਦੇ ਨਾਮਜ਼ਦ ਰਾਜਦੂਤ ਸਰਜਿਓ ਗੋਰ ਨੇ ਨਵੀਂ ਦਿੱਲੀ ਵਿੱਚ ਵਪਾਰ ਸਕੱਤਰ ਰਾਜੇਸ਼ ਅਗਰਵਾਲ ਨਾਲ ਮੁਲਾਕਾਤ ਕੀਤੀ ਸੀ, ਜਿਸ ਵਿੱਚ ਆਰਥਿਕ ਸੰਬੰਧਾਂ ਅਤੇ ਅਮਰੀਕੀ ਨਿਵੇਸ਼ ਵਧਾਉਣ ’ਤੇ ਚਰਚਾ ਹੋਈ ਸੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login