ਨਿਊਜ਼ੀਲੈਂਡ ਦੇ ਦੱਖਣੀ ਟਾਪੂ ਦੇ ਸ਼ਹਿਰ ਪਾਈਨ ਹਿੱਲ ’ਚ ਇੱਕ ਸਿੱਖ ਨੌਜੁਆਨ ਦੀ ਸ਼ੱਕੀ ਹਾਲਾਤ ’ਚ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਹਿਚਾਣ 27 ਸਾਲ ਦੇ ਗੁਰਜੀਤ ਸਿੰਘ ਵਜੋਂ ਹੋਈ ਹੈ। ਉਸਦੀ ਮ੍ਰਿਤਕ ਦੇਹ ਖੂਨ ਨਾਲ ਲੱਥਪਥ ਹੋਈ ਮਿਲੀ ਅਤੇ ਲਾਸ਼ ਦੇ ਨਜ਼ਦੀਕ ਕੱਚ ਪਿਆ ਸੀ। ਰਿਪੋਰਟ ਮੁਤਾਬਿਕ ਕਾਤਲ ਨੇ ਉਸ ਦਾ ਗਲ ਵੱਢ ਦਿੱਤਾ ਸੀ। ਹਾਲਾਂਕਿ ਜਾਂਚ ਟੀਮ ਹੁਣ ਤੱਕ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲਾ ਸਕੀ ਹੈ ।
ਗੁਰਜੀਤ ਲੁਧਿਆਣਾ ਦੇ ਪਿੰਡ ਪਮਾਲ ਦਾ ਰਹਿਣ ਵਾਲਾ ਸੀ ਅਤੇ ਉਹ 2015 ਵਿੱਚ ਵਿਦਿਆਰਥੀ ਵੀਜ਼ਾ ’ਤੇ ਨਿਊਜ਼ੀਲੈਂਡ ਗਿਆ ਸੀ। ਉਹ ਤਿੰਨ ਭੈਣਾ ਦਾ ਇਕਲੌਤਾ ਭਰਾ ਸੀ। 6 ਮਹੀਨੇ ਪਹਿਲਾਂ ਉਹ ਪੰਜਾਬ ਆਇਆ ਸੀ, ਮ੍ਰਿਤਕ ਦੀ ਪਤਨੀ ਨੇ 2 ਹਫ਼ਤੇ ਬਾਅਦ ਹੀ ਨਿਊਜ਼ੀਲੈਂਡ ਜਾਣਾ ਸੀ। ਸਵੇਰ ਵੇਲੇ ਜਦੋਂ ਪਤਨੀ ਕਾਫੀ ਸਮੇਂ ਤੱਕ ਗੁਰਜੀਤ ਨੂੰ ਫ਼ੋਨ ਕਰਦੀ ਰਹੀ, ਪਰ ਗੱਲ ਨਹੀਂ ਹੋ ਸਕੀ ਤਾਂ ਉਸ ਨੇ ਨਿਊਜ਼ੀਲੈਂਡ ਗੁਰਜੀਤ ਦੇ ਦੋਸਤ ਨਰਿੰਦਰਵੀਰ ਨੂੰ ਫ਼ੋਨ ਕੀਤਾ ਅਤੇ ਖ਼ਬਰਸਾਰ ਲੈਣ ਲਈ ਕਿਹਾ।
ਨਰਿੰਦਰਵੀਰ ਉਸ ਦੇ ਨਾਲ-ਨਾਲ ਭਾਰਤ ਵਿੱਚ ਗੁਰਜੀਤ ਦੇ ਪਰਿਵਾਰ ਨਾਲ ਵੀ ਨਜ਼ਦੀਕੀ ਸੰਪਰਕ ਵਿੱਚ ਰਿਹਾ ਹੈ। ਉਹ ਜਦੋਂ ਗੁਰਜੀਤ ਦੇ ਘਰ ਪਹੁੰਚਿਆ ਤਾਂ ਖੂਨ ਨਾਲ ਭਰੀ ਲਾਸ਼ ਵੇਖ ਕੇ ਉਸ ਦੇ ਹੋਸ਼ ਉੱਡ ਗਏ। ਉਸਨੇ ਪੁਲਿਸ ਨੂੰ ਬੁਲਾਇਆ ਗਿਆ। ਮੌਕੇ ’ਤੇ ਜਾਂਚਕਰਤਾ ਟੀਮ ਵੀ ਪਹੁੰਚ ਗਈ।
ਬੁੱਧਵਾਰ ਨੂੰ ਕ੍ਰਾਈਸਟਚਰਚ ਵਿੱਚ ਪੋਸਟਮਾਰਟਮ ਦੀ ਜਾਂਚ ਕੀਤੀ ਗਈ ਅਤੇ 25 ਜਾਂਚਕਰਤਾਵਾਂ ਦੀ ਇੱਕ ਟੀਮ ਗੁਰਜੀਤ ਦੇ ਪਰਿਵਾਰ, ਦੋਸਤਾਂ ਅਤੇ ਸਹਿਯੋਗੀਆਂ ਨਾਲ ਸੰਪਰਕ ’ਚ ਹੈ ਅਤੇ ਉਸਦੀ ਮੌਤ ਤੋਂ ਪਹਿਲਾਂ ਉਸਦੀਆਂ ਗਤੀਵਿਧੀਆਂ ਨੂੰ ਜਾਨਣ ਦੀ ਕੋਸ਼ਿਸ਼ ਕਰ ਰਹੀ ਹੈ।
ਨਵਾਂ ਵਿਆਹਿਆ ਗੁਰਜੀਤ ਆਪਣੀ ਪਤਨੀ ਦੇ ਭਾਰਤ ਆਉਣ ਦੀ ਉਡੀਕ ਕਰ ਰਿਹਾ ਸੀ। ਪਤਨੀ ਦਾ ਕਹਿਣਾ ਹੈ ਕਿ ਗੁਰਜੀਤ ਉਸਨੂੰ ਦੱਸ ਰਿਹਾ ਸੀ ਕਿ ਇਹ ਇੱਕ ਸ਼ਾਂਤਮਈ ਸ਼ਹਿਰ ਸੀ, ਜਿਸਨੂੰ ਉਹ ਵੀ ਪਸੰਦ ਕਰਦੀ ਸੀ, ਪਰ 'ਮੇਰੇ ਪਤੀ ਨਾਲ ਇਹ ਕਿਵੇਂ ਹੋ ਸਕਦਾ ਹੈ?'
ਨਰਿੰਦਰਵੀਰ ਨੇ ਕਿਹਾ, ''ਪਰਿਵਾਰ ਜਾਣਨਾ ਚਾਹੁੰਦਾ ਹੈ ਕਿ ਉਨ੍ਹਾਂ ਦੇ ਮਿਹਨਤੀ ਬੇਟੇ ਨਾਲ ਅਜਿਹਾ ਕਿਉਂ ਹੋਇਆ। ਨਰਿੰਦਰਵੀਰ ਨੇ ਕਿਹਾ ਕਿ ਕੁਝ ਹਫ਼ਤੇ ਪਹਿਲਾਂ, ਗੁਰਜੀਤ ਨੇ ਆਪਣੇ ਗੈਰੇਜ ਦਾ ਦਰਵਾਜ਼ਾ ਅਚਾਨਕ ਖੁੱਲ੍ਹਿਆ ਦੇਖਿਆ ਸੀ।"
ਗੁਰਜੀਤ ਸਿੰਘ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਪੂਰੇ ਪਰਿਵਾਰ ’ਚ ਸੋਗ ਦੀ ਲਹਿਰ ਪਸਰ ਗਈ ਹੈ। ਗੁਰਜੀਤ ਦੇ ਨਿਊਜ਼ੀਲੈਂਡ ਵਿੱਚ ਰਹਿੰਦੇ ਦੋਸਤਾਂ ਨੇ ਦੱਸਿਆ ਕਿ ਗੁਰਜੀਤ ਸਿੰਘ ਇਕ ਫ਼ਾਈਬਰ ਤਾਰਾਂ ਬਣਾਉਣ ਵਾਲੀ ਕੰਪਨੀ ’ਚ ਤਕਨੀਸ਼ੀਅਨ ਦਾ ਕੰਮ ਕਰਦਾ ਸੀ।
ਓਟੈਗੋ ਪੰਜਾਬੀ ਫ਼ਾਊਂਡੇਸ਼ਨ ਟ੍ਰਸਟ ਦੇ ਮੈਂਬਰ ਨਰਿੰਦਰਵੀਰ ਸਿੰਘ ਨੇ ਕਿਹਾ ਕਿ ਉਹ ਗੁਰਦੁਆਰਾ ਸਾਹਿਬ ’ਚ ਗੁਰਜੀਤ ਸਿੰਘ ਨੂੰ ਮਿਲਦੇ ਰਹਿੰਦੇ ਸਨ। ਕੁਝ ਦਿਨ ਪਹਿਲਾਂ ਹੀ ਗੁਰਜੀਤ ਨੇ ਨਵਾਂ ਘਰ ਕਿਰਾਏ ’ਤੇ ਲਿਆ ਸੀ ਜਿਸ ਦੇ ਬਾਹਰ ਹੀ ਉਸ ਦੀ ਲਾਸ਼ ਮਿਲੀ ਹੈ। ਹਾਲਾਂਕਿ 2 ਹਫ਼ਤੇ ਪਹਿਲਾਂ ਹੀ ਉਸ ਨੇ ਮਕਾਨ ਵਿੱਚ ਕਿਸੇ ਦੇ ਵੜਨ ਦਾ ਸ਼ੱਕ ਜ਼ਾਹਿਰ ਕੀਤਾ ਸੀ।
ਕੋਈ ਵੀ ਵਿਅਕਤੀ ਜਿਸ ਨੇ 28 ਅਤੇ 29 ਜਨਵਰੀ ਦਰਮਿਆਨ ਹਿਲੇਰੀ ਸੇਂਟ ਵਿੱਚ ਅਸਾਧਾਰਨ ਗਤੀਵਿਧੀ ਦੇਖੀ ਹੋਵੇ, ਉਸਨੂੰ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਘਈ ਗਈ ਹੈ।
Comments
Start the conversation
Become a member of New India Abroad to start commenting.
Sign Up Now
Already have an account? Login